02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਬਾਰਿਸ਼ ਕਾਰਨ ਨੂਰਪੁਰ ਬੇਦੀ ਦੇ ਕਈ ਹਿੱਸਿਆਂ ’ਚ ਪਾਣੀ ਭਰਿਆ ਨਿਕਾਸੀ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਦੀ ਜੀਰੀ ਦੀ ਫ਼ਸਲ ਪਾਣੀ ’ਚ ਡੁੱਬੀ

ਅਜੀਤ ਡੈਸਕ 01-08-2026
ਨੂਰਪੁਰ ਬੇਦੀ, 31 ਜੁਲਾਈ (ਰਾਜੇਸ਼ ਚੌਧਰੀ ਤਖਤਗੜ੍ਹ)- ਅੱਜ ਤੜਕਸਾਰ ਪਈ ਤੇਜ਼ ਬਾਰਸ਼ ਨੇ ਨੂਰਪੁਰ ਬੇਦੀ ਇਲਾਕੇ ਵਿਚ ਜਨਜੀਵਨ ਪ੍ਰਭਾਵਿਤ ਕਰ ਦਿੱਤਾ। ਲਗਾਤਾਰ ਹੋਈ ਮੂਸਲਾਧਾਰ ਬਾਰਸ਼ ਕਾਰਨ ਕਈ ਪਿੰਡਾਂ ਅਤੇ ਸਰਕਾਰੀ ਅਦਾਰਿਆਂ ਦੇ ਆਲੇ-ਦੁਆਲੇ ਪਾਣੀ ਭਰ ਗਿਆ, ਜਿਸ ਨਾਲ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਤਖਤਗੜ੍ਹ ਦੇ ਪੰਚਾਇਤ ਮੈਂਬਰ ਰਾਣਾ ਧਰਮਪਾਲ ਨੇ ਦੱਸਿਆ ਕਿ ਬਰਸਾਤੀ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਉਨ੍ਹਾਂ ਦੀ ਕਰੀਬ ਦੋ ਏਕੜ ਜੀਰੀ ਦੀ ਫ਼ਸਲ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਈ। ਉਨ੍ਹਾਂ ਕਿਹਾ ਕਿ ਜੇਕਰ ਪਾਣੀ ਜਲਦੀ ਨਾ ਨਿਕਲਿਆ ਤਾਂ ਉਸ ਨੂੰ ਭਾਰੀ ਆਰਥਿਕ ਨੁਕਸਾਨ ਹੋਵੇਗਾ। ਉਨ੍ਹਾਂ ਦੱਸਿਆ ਕਿ ਨਿਕਾਸੀ ਪ੍ਰਬੰਧ ਦੀ ਕਮੀ ਕਾਰਨ ਹਰ ਵਾਰ ਬਾਰਸ਼ ਮੌਕੇ ਇਹੋ ਜਿਹੀ ਸਥਿਤੀ ਬਣ ਜਾਂਦੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਾਣੀ ਦੀ ਨਿਕਾਸੀ ਲਈ ਤੁਰੰਤ ਯੋਗ ਪ੍ਰਬੰਧ ਕੀਤੇ ਜਾਣ ਤਾਂ ਜੋ ਉਨਾਂ ਨੂੰ ਸੁੱਖ ਦਾ ਸਾਹ ਮਿਲ ਸਕੇ। ਬਾਰਸ਼ ਕਾਰਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਖਤਗੜ੍ਹ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਤਖਤਗੜ੍ਹ ਦੇ ਮੁੱਖ ਗੇਟ ਅੱਗੇ ਵੀ ਕਾਫ਼ੀ ਪਾਣੀ ਇਕੱਠਾ ਹੋ ਗਿਆ, ਜਿਸ ਕਾਰਨ ਵਿਦਿਆਰਥੀਆਂ, ਅਧਿਆਪਕਾਂ ਅਤੇ ਆਉਣ-ਜਾਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਇਸ ਗੰਦੇ ਬਦਬੂਦਾਰ ਪਾਣੀ ਕਾਰਨ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਵੀ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਖੇਤੀਬਾੜੀ ਦਫ਼ਤਰ ਨੂਰਪੁਰ ਬੇਦੀ ਵੀ ਬਰਸਾਤੀ ਪਾਣੀ ਦੀ ਲਪੇਟ ਵਿਚ ਆ ਗਿਆ, ਜਿਸ ਨਾਲ ਦਫ਼ਤਰ ਦੇ ਅੰਦਰ ਪਿਆ ਬਹੁਤ ਸਾਰਾ ਰਿਕਾਰਡ ਅਤੇ ਸਮਾਨ ਖ਼ਰਾਬ ਹੋ ਗਿਆ ਅਤੇ ਕੰਮਕਾਜ ‘ਤੇ ਵੀ ਅਸਰ ਪਿਆ। ਨੂਰਪੁਰ ਬੇਦੀ ਦਾ ਵਾਟਰ ਸਪਲਾਈ ਦਫ਼ਤਰ ਅਤੇ ਬੰਗਾਲਾ ਬਸਤੀ ਵੀ ਪਾਣੀ ‘ਚ ਡੁੱਬ ਗਈ। ਇਲਾਕੇ ਦੇ ਹੋਰ ਨੀਵੇਂ ਇਲਾਕਿਆਂ ਵਿਚ ਵੀ ਪਾਣੀ ਭਰਨ ਦੀਆਂ ਸੂਚਨਾਵਾਂ ਮਿਲੀਆਂ ਹਨ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਰਸਾਤੀ ਪਾਣੀ ਦੀ ਨਿਕਾਸੀ ਲਈ ਪੱਕੇ ਅਤੇ ਪ੍ਰਭਾਵਸ਼ਾਲੀ ਪ੍ਰਬੰਧ ਕੀਤੇ ਜਾਣ ਤਾਂ ਜੋ ਹਰ ਸਾਲ ਬਾਰਸ਼ ਦੌਰਾਨ ਪੈਦਾ ਹੋਣ ਵਾਲੀਆਂ ਇਨ੍ਹਾਂ ਸਮੱਸਿਆਵਾਂ ਤੋਂ ਲੋਕਾਂ ਨੂੰ ਰਾਹਤ ਮਿਲ ਸਕੇ।
ਪਿਛਲੀ ਖ਼ਬਰ ਨੰਗਲ ਵਿਚ ਉਪ ਮੰਡਲ ਪੱਧਰ ਦਾ ਸੁਤੰਤਰਤਾ ਦਿਵਸ ਸਮਾਰੋਹ ਮਨਾਉਣ ਸੰਬੰਧੀ ਹੋਈ ਮੀਟਿੰਗ ਅਗਲੀ ਖ਼ਬਰ ਕਿਸਾਨਾਂ ਨੇ ਡੇਅਰੀ ਸਿਖ਼ਲਾਈ ਕੇਂਦਰ ’ਤੇ ਬੇਸਹਾਰਾ ਗਾਵਾਂ ਛੱਡਣ ਦਾ ਲਗਾਇਆ ਦੋਸ਼, ਮਾਮਲਾ ਪੁਲਿਸ ਕੋਲ ਪੁੱਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।