ਬੰਦੀ ਸਿੰਘਾਂ ਨੇ ਜੋ ਵੀ ਕੀਤਾ, ਭਾਵਨਾਤਮਿਕ ਹੋ ਕੇ ਕੀਤਾ-ਬਲਵਿੰਦਰ ਸਿੰਘ ਭੂੰਦੜ
ਸ੍ਰੀ ਅਨੰਦਪੁਰ ਸਾਹਿਬ, 29 ਅਗਸਤ (ਕਰਨੈਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਬੰਦੀ ਸਿੰਘਾਂ ਦਾ ਮਾਮਲੇ ’ਤੇ ਆਪਣੀ ਪ੍ਰਤੀਕਿਰਿਆਂ ਦਿੰਦਿਆਂ ਕਿਹਾ ਕਿ ਬੰਦੀ ਸਿੰਘਾਂ ਨੇ ਜੋ ਵੀ ਕੀਤਾ, ਭਾਵਨਾਤਮਿਕ ਹੋ ਕੇ ਕੀਤਾ।
ਸ਼
ਸ਼੍ਰੋਮਣੀ ਅਕਾਲੀ ਦਲ (ਬ) ਦੇ ਸਾਬਕਾ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।
30-08-2026
ਸ੍ਰੀ ਅਨੰਦਪੁਰ ਸਾਹਿਬ, 29 ਅਗਸਤ (ਕਰਨੈਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਬੰਦੀ ਸਿੰਘਾਂ ਦਾ ਮਾਮਲੇ ’ਤੇ ਆਪਣੀ ਪ੍ਰਤੀਕਿਰਿਆਂ ਦਿੰਦਿਆਂ ਕਿਹਾ ਕਿ ਬੰਦੀ ਸਿੰਘਾਂ ਨੇ ਜੋ ਵੀ ਕੀਤਾ, ਭਾਵਨਾਤਮਿਕ ਹੋ ਕੇ ਕੀਤਾ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਨੇ ਆਪਣੀਆਂ ਸਜਾਵਾਂ ਤੋਂ ਦੂਗਣੀ ਜੇਲ੍ਹ ਕੱਟਣ ਦੇ ਬਾਵਜੂਦ ਰਿਹਾਈ ਨਹੀਂ ਅਤੇ ਨਾ ਹੀ ਪਰੋਲ ਦਿੱਤੀ ਜਾ ਰਹੀ ਹੈ, ਜੋ ਕਿ ਮਨੁੱਖੀ ਅਧਿਕਾਰਾਂ ਦੀ ਸਿੱਧੀ ਉਲੰਘਣਾ ਹੈ। ਜਦੋਂ ਕਿ ਹੱਤਿਆਵਾਂ, ਜਬਰ ਜਨਾਹ ਜਿਹੇ ਸੰਗੀਨ ਕਰਨ ਵਾਲੇ ਅਪਰਾਧੀਆਂ ਨੂੰ ਦਰਜਨਾ ਵਾਰ ਪਰੋਲ ਦਿੱਤੀ ਜਾ ਰਹੀ ਹੈ। ਅਕਾਲੀ-ਭਾਜਪਾ ਗਠਜੋੜ ਸੰਬੰਧੀ ਬੋਲਦਿਆਂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਇਹ ਗਠਜੋੜ ਹਾਲਾਤਾਂ ’ਤੇ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਹੈ, ਜਿਸ ਨੇ ਪੰਜਾਬ, ਪੰਜਾਬੀ ਤੇ ਸਿੱਖ ਕੌਮ ਦੇ ਹੱਕਾਂ ਲਈ ਲੰਬਾ ਸੰਘਰਸ਼ ਕੀਤਾ ਹੈ ਅਤੇ ਵੱਡੀਆਂ ਸ਼ਹਾਦਤਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਵਲੋਂ ਅਕਾਲੀ ਦਲ ਵਰਗੀ ਇਤਿਹਾਸਕ ਪਾਰਟੀ ਨਾਲ ਗੱਠਜੋੜ ਕਰਨ ਦੀ ਗੱਲ ਕੀਤੀ ਜਾਂਦੀ ਹੈ ਤਾਂ ਭਾਜਪਾ ਨੂੰ ਸਿੱਖ ਕੌਮ ਨਾਲ ਸੰਬੰਧਤ ਮਸਲਿਆਂ ਵੱਲ ਵੀ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਸਿਆਸੀ ਸਮੀਕਰਨਾਂ ਦੇ ਆਧਾਰ ’ਤੇ ਗਠਜੋੜ ਨਹੀਂ ਹੋ ਸਕਦਾ, ਸਗੋਂ ਸਿੱਖ ਕੌਮ ਤੇ ਪੰਜਾਬ ਨਾਲ ਜੁੜੇ ਵੱਖ-ਵੱਖ ਮੁੱਦਿਆਂ ’ਤੇ ਵਿਚਾਰ ਕਰਨ ਤੋਂ ਬਾਅਦ ਹੀ ਇਸ ਸੰਬੰਧੀ ਕੋਈ ਫ਼ੈਸਲਾ ਸੰਭਵ ਹੋਵੇਗਾ। ਸੂਬਾ ਸਰਕਾਰ ’ਤੇ ਵਰਦਿਆਂ ਸ. ਭੂੰਦੜ ਨੇ ਕਿਹਾ ਕਿ ਦਿੱਲੀ ਦੇ ਇਸਾਰਿਆਂ ’ਤੇ ਚੱਲਣ ਵਾਲੀ ਇਹ ਡਰਾਮੇਬਾਜ ਤੇ ਚੁਟਕਲਿਆਂ ’ਚ ਮਸ਼ਰੂਫ ਹੈ ਅਤੇ ਆਪਣੀਆਂ ਕਮੀਆਂ ਨੂੰ ਛੁਪਾਉਣ ਲਈ ਨਿੱਤ ਨਵੇਂ ਡਰਾਮੇ ਕਰ ਰਹੀ ਹੈ । ਇਸ ਤੋਂ ਇਲਾਵਾ ਬਲਵਿੰਦਰ ਸਿੰਘ ਭੂੰਦੜ ਨੇ ਸ੍ਰੀ ਦਸਮੇਸ਼ ਅਕੈਡਮੀ ਨਾਲ ਜੁੜੇ ਹਾਲ ਹੀ ਦੇ ਪ੍ਰਿੰਸੀਪਲ ਦੀ ਕਥਿਤ ਫਰਜ਼ੀ ਡਿਗਰੀ ਮਾਮਲੇ ਬਾਰੇ ਵੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਉਹ ਅੱਜ ਇਥੇ ਟਰੱਸਟ ਦੀ ਮੀਟਿੰਗ ’ਚ ਸ਼ਾਮਿਲ ਹੋਣ ਲਈ ਪਹੁੰਚੇ ਹਨ। ਮੀਟਿੰਗ ਦੌਰਾਨ ਇਸ ਮਾਮਲੇ ਸਮੇਤ ਅਕੈਡਮੀ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।