ਚੋਗਾਵਾਂ, 12 ਫਰਵਰੀ (ਗੁਰਵਿੰਦਰ ਸਿੰਘ ਕਲਸੀ)-ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਕਸਬਾ ਚੋਗਾਵਾਂ ਵਿਖੇ ਪਲਾਟ ਨੂੰ ਲੈ ਕੇ ਹਮਲਾ ਕਰਕੇ ਕੁੱਟਮਾਰ ਕਰਨ ਦੀ ਖਬਰ ਹੈ | ਇਸ ਸੰਬੰਧੀ ਦੋਸ਼ ਲਗਾਉਂਦਿਆਂ ਨਿਸ਼ਾਨ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਅੰਮਿ੍ਤਸਰ ਨੇ ਦੱਸਿਆ ਕਿ ਉਨ੍ਹਾਂ ਨੇ 12 ਸਾਲ ਪਹਿਲਾਂ ਅਜਨਾਲਾ ਰੋਡ ਚੋਗਾਵਾਂ ਵਿਖੇ ਤਿੰਨ ਮਰਲੇ ਦਾ ਪਲਾਟ ਖਰੀਦਿਆ ਸੀ | ਉਕਤ ਜਗ੍ਹਾ ਦੇ ਸਾਰੇ ਕਾਗਜ਼ਾਤ ਉਨ੍ਹਾਂ ਦੇ ਨਾਮ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਗੁਰਸੇਵਕ ਸਿੰਘ ਉਸਦਾ ਇਕ ਭਰਾ, ਪੁੱਤਰਾਨ ਵਿਰਸਾ ਸਿੰਘ ਵਾਸੀ ਚੋਗਾਵਾਂ ਉਕਤ ਪਲਾਟ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਟਾਹਲੀ ਅਤੇ ਇੱਟਾਂ ਵੀ ਇੱਥੋਂ ਲੈ ਗਏ | ਅੱਜ ਜਦੋਂ ਮੈਂ ਆਪਣੀ ਭੈਣ ਅਮਨਦੀਪ ਕੌਰ ਨਾਲ ਪਲਾਟ ਵਿਚ ਗਿਆ ਤਾਂ ਉਕਤ ਵਿਅਕਤੀਆਂ ਨੇ ਸਾਡੇ 'ਤੇ ਹਮਲਾ ਕਰ ਦਿੱਤਾ | ਅਮਨਦੀਪ ਕੌਰ ਦੇ ਗਲ ਪੈ ਗਏ | ਉਸ ਦੇ ਕੱਪੜੇ ਪਾੜ ਕੇ ਗਾਲੀ ਗਲੋਚ ਕੀਤਾ | ਅਸੀਂ ਭੱਜ ਕੇ ਆਪਣੀਆਂ ਜਾਨਾਂ ਬਚਾਈਆਂ | ਇਸ ਸੰਬੰਧੀ ਪੁਲਿਸ ਥਾਣਾ ਲੋਪੋਕੇ ਵਿਖੇ ਲਿਖਤੀ ਦਰਖਾਸਤ ਦਿੱਤੀ ਗਈ ਹੈ | ਇਸ ਸੰਬੰਧੀ ਵਿਰੋਧੀ ਧਿਰ ਦੇ ਵਿਰਸਾ ਸਿੰਘ ਤੇ ਹੋਰਨਾਂ ਨੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਕਤ ਜਗ੍ਹਾ ਉਨ੍ਹਾਂ ਦੀ ਪਿਤਾ ਪੁਰਖੀ ਹੈ | ਜਿਸ ਦੇ ਸਾਰੇ ਕਾਗਜ਼ ਉਨ੍ਹਾਂ ਦੇ ਨਾਂਅ ਹਨ | ਉਹ ਉਕਤ ਜਗ੍ਹਾ ਦੇ ਕਾਬਜ ਹਨ | ਉਨ੍ਹਾਂ ਕਿਸੇ ਨਾਲ ਕੋਈ ਝਗੜਾ ਨਹੀਂ ਕੀਤਾ | ਉਨ੍ਹਾਂ ਉਲਟਾ ਦੋਸ਼ ਲਗਾਇਆ ਕਿ ਉਕਤ ਵਿਅਕਤੀਆਂ ਉਨ੍ਹਾਂ ਦੀ ਨੂੰ ਹ ਜਤਿੰਦਰ ਕੌਰ ਨਾਲ ਝਗੜਾ ਕਰਕੇ ਉਸ ਨੂੰ ਸੱਟਾਂ ਲਗਾ ਦਿੱਤੀਆਂ ਜੋ ਸਰਕਾਰੀ ਹਸਪਤਾਲ ਲੋਪੋਕੇ ਵਿਖੇ ਜੇਰੇ ਇਲਾਜ ਹੈ | ਇਸ ਸੰਬੰਧੀ ਏ. ਐੱਸ. ਆਈ. ਪ੍ਰਗਟ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਦੋਹਾਂ ਧਿਰਾਂ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ | ਜਾਂਚ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ |
ਪਲਾਟ ਨੂੰ ਲੈ ਕੇ ਹਮਲਾ ਕਰ ਕੇ ਕੁੱਟਮਾਰ ਕਰਨ ਦੇ ਲਗਾਏ ਦੋਸ਼, ਦੂਜੀ ਧਿਰ ਨੇ ਦੋਸ਼ਾਂ ਨੂੰ ਨਕਾਰਿਆ <br/>
ਅਜੀਤ ਡੈਸਕ
13-02-2026