ਅੰਮ੍ਰਿਤਸਰ, 12 ਫ਼ਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਯੂਨਿਟ ਵਲੋਂ ਅੱਜ ਅੰਮ੍ਰਿਤਸਰ ਦੇ ਹਾਲ ਗੇਟ ਵਿਖੇ ਕੇਂਦਰ ਸਰਕਾਰ ਵਲੋਂ ਅਮਰੀਕਾ ਅਤੇ ਭਾਰਤ ਦਰਮਿਆਨ ਕੀਤੇ ਵਪਾਰ ਸਮਝੌਤੇ ਦੇ ਵਿਰੋਧ ਵਿੱਚ ਕਿਸਾਨਾਂ ਦੀ ਹੜਤਾਲ ਨੂੰ ਸਮਰਥਨ ਦਿੰਦਿਆਂ ਕਿਸਾਨਾਂ ਦੇ ਹੱਕ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ।ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਅਤੇ ਟਰੇਡ ਵਿੰਗ ਦੇ ਅਹੁਦੇਦਾਰਾਂ ਵਲੋਂ ਉਲੀਕੇ ਗਏ ਸੰਘਰਸ਼ ਦੀ ਅਗਵਾਈ 'ਆਪ' ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ, ਲੋਕ ਸਭਾ ਇੰਚਾਰਜ ਜਸਕਰਨ ਸਿੰਘ ਬੰਦੇਸ਼ਾ, ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ ਪ੍ਰਭਬੀਰ ਸਿੰਘ ਬਰਾੜ, ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਦਿਹਾਤੀ ਗੁਰਪ੍ਰਤਾਪ ਸਿੰਘ ਸੰਧੂ, ਸ਼ੀਤਲ ਜੁਨੇਜਾ, ਸਰਬਜੀਤ ਸਿੰਘ ਬੱਲ, ਬਲਬੀਰ ਸਿੰਘ ਬੋਪਾਰਾਏ, ਗੁਰਪ੍ਰੀਤ ਸਿੰਘ ਕਟਾਰੀਆ ਅਤੇ ਅਭਿਸ਼ੇਕ ਬਾਂਸਲ ਨੇ ਕੀਤੀ। ਆਗੂਆਂ ਨੇ ਕਿਹਾ ਹੈ ਕਿ ਮੋਦੀ ਸਰਕਾਰ ਵਲੋਂ ਅਮਰੀਕੀ ਉਤਪਾਦਾਂ 'ਤੇ 0% ਆਯਾਤ ਟੈਕਸ ਲਗਾਉਣਾ ਅਤੇ ਅਮਰੀਕਾ ਵਲੋਂ ਭਾਰਤੀ ਉਤਪਾਦਾਂ ਤੇ 18% ਨਿਰਯਾਤ ਟੈਕਸ ਲਗਾਉਣਾ ਭਾਰਤੀ ਕਿਸਾਨਾਂ ਦੀ ਰੋਜ਼ੀ-ਰੋਟੀ 'ਤੇ ਸਿੱਧਾ ਹਮਲਾ ਹੈ। ਇਸ ਫੈਸਲੇ ਨਾਲ ਭਾਰਤੀ ਖੇਤੀ ਮਾਰਕੀਟ ਅਮਰੀਕਾ ਦੀ ਸਬਸਿਡੀ ਵਾਲੀ ਪੈਦਾਵਾਰ ਨਾਲ ਭਰ ਜਾਵੇਗੀ, ਜਦੋਂ ਅਮਰੀਕੀ ਉਤਪਾਦ ਭਾਰਤ ਵਿਚ ਬਿਨਾਂ ਟੈਕਸ ਦੇ ਆਉਣਗੇ ਤਾਂ ਦੇਸੀ ਫਸਲਾਂ ਦੀਆਂ ਕੀਮਤਾਂ ਡਿੱਗਣਗੀਆਂ ਅਤੇ ਕਿਸਾਨ ਆਪਣੀ ਲਾਗਤ ਵੀ ਨਹੀਂ ਕੱਢ ਸਕਣਗੇ। ਆਪ ਨੇਤਾਵਾਂ ਨੇ ਚੇਤਾਵਨੀ ਦਿੱਤੀ ਕਿ ਦੇਸ਼ ਦੇ 85 ਫੀਸਦੀ ਤੋਂ ਵੱਧ ਛੋਟੇ ਤੇ ਦਰਮਿਆਨੇ ਕਿਸਾਨ ਸਭ ਤੋਂ ਵੱਧ ਪਿਸਣਗੇ, ਕਿਉਂਕਿ ਉਨ੍ਹਾਂ ਕੋਲ ਨਾ ਸਟੋਰੇਜ ਦੀ ਸਹੂਲਤ ਹੈ ਅਤੇ ਨਾ ਹੀ ਵੱਡੀ ਮਾਰਕੀਟ ਤੱਕ ਪਹੁੰਚ। ਉਨ੍ਹਾਂ ਕਿਹਾ ਕਿ ਜਿਥੇ ਅਮਰੀਕਾ ਵਿਚ ਕਿਸਾਨ ਸਿਰਫ਼ 2 ਫੀਸਦੀ ਤੋਂ ਘੱਟ ਅਬਾਦੀ ਹਨ, ਉੱਥੇ ਭਾਰਤ ਵਿਚ ਲਗਭਗ ਅੱਧੀ ਅਬਾਦੀ ਖੇਤੀ 'ਤੇ ਨਿਰਭਰ ਹੈ। ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਕੇਂਦਰ ਸਰਕਾਰ ਤੋਂ ਇਸ ਫੈਸਲੇ ਨੂੰ ਵਾਪਿਸ ਕਰਵਾਉਣ 'ਚ ਕਿਸਾਨਾਂ ਦਾ ਹਰ ਹੀਲੇ ਸਾਥ ਦੇਵੇਗੀ। ਇਸ ਮੌਕੇ ਜ਼ਿਲ੍ਹਾ ਸਕੱਤਰ ਮੁਖਵਿੰਦਰ ਸਿੰਘ ਵਿਰਦੀ, ਜ਼ਿਲਾ ਸਕੱਤਰ ਦਿਹਾਤੀ ਗੁਰਸ਼ਰਨ ਸਿੰਘ ਗੋਲਡੀ, ਮੀਡੀਆ ਸਕੱਤਰ ਮਾਝਾ ਜ਼ੋਨ ਵਰੁਣ ਰਾਣਾ, ਡਾ. ਇੰਦਰਪਾਲ, ਕਾਮਨਾ ਆਨੰਦ, ਮਨਦੀਪ ਸਿੰਘ ਮੌਂਗਾ, ਵਿਕਰਮਜੀਤ ਵਿੱਕੀ, ਹਰਪ੍ਰੀਤ ਸਿੰਘ ਬੇਦੀ, ਹਰਿੰਦਰ ਸਿੰਘ, ਸਤਪਾਲ ਸੋਖੀ, ਰਮਨ ਕੁਮਾਰ, ਹਰੀਸ਼ ਬੱਬਰ, ਕਿਰਪਾਲ ਸਿੰਘ, ਕੁਨਾਲ ਧਵਨ, ਪਰਮਿੰਦਰ ਸੇਠੀ, ਗੌਰਵ ਅਗਰਵਾਲ ਆਮ ਆਦਮੀ ਪਾਰਟੀ ਦੇ ਵਰਕਰ ਸਾਹਿਬਾਨ ਹਾਜ਼ਰ ਸਨ।
ਆਮ ਆਦਮੀ ਪਾਰਟੀ ਵਲੋਂ ਭਾਰਤ ਅਮਰੀਕਾ ਵਪਾਰ ਸਮਝੌਤੇ ਖਿਲਾਫ ਪ੍ਰਦਰਸ਼ਨ-ਵਪਾਰ ਸਮਝੌਤਾ ਭਾਰਤੀ ਕਿਸਾਨਾਂ ਦੀ ਰੋਜ਼ੀ-ਰੋਟੀ 'ਤੇ ਸਿੱਧਾ ਹਮਲਾ-'ਆਪ'
ਅਜੀਤ ਡੈਸਕ
13-02-2026