ਨਵਾਂ ਪਿੰਡ, 13 ਫਰਵਰੀ (ਜਸਪਾਲ ਸਿੰਘ)-ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ, ਅੰਮਿ੍ਤਸਰ ਦੇ ਪ੍ਰਬੰਧ ਹੇਠ ਚੱਲ ਰਹੇ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਸੂਲਪੁਰ ਕਲਾਂ ਵਿਖੇ ਨਵੇਂ ਸੈਸ਼ਨ ਦੇ ਆਗਾਜ਼ ਤੇ ਸਾਲਾਨਾ ਪ੍ਰੀਖਿਆਵਾਂ ਦੀ ਸਫ਼ਲਤਾ ਦੇ ਲਈ ਸਾਲਾਨਾ ਸ਼ੁਕਰਾਨਾ ਤੇ ਅਰਦਾਸ ਦਿਵਸ ਮਨਾਇਆ ਗਿਆ | ਇਸ ਮੌਕੇ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਦੇ ਰਹੇ ਵਿਦਿਆਰਥੀਆਂ ਵਲੋਂ ਸਾਲਾਨਾ ਪ੍ਰੀਖਿਆਵਾਂ 'ਚ ਕਾਮਯਾਬੀ ਲਈ ਸਮਾਗਮ 'ਚ ਹਾਜ਼ਰੀ ਲਗਵਾ ਕੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਗਈ | ਸਮਾਗਮ ਦੀ ਸ਼ੁਰੂਆਤ 'ਚ ਸ੍ਰੀ ਜਪੁਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ ਅਤੇ ਸ੍ਰੀ ਚੌਪਈ ਸਾਹਿਬ ਦੇ ਪਾਠ ਕੀਤੇ ਗਏ | ਸਕੂਲ ਦੇ ਮੈਂਬਰ ਸੁਖਦੇਵ ਸਿੰਘ ਮੱਤੇਵਾਲ, ਭੁਪਿੰਦਰ ਸਿੰਘ ਸੇਠੀ, ਰੁਪਿੰਦਰ ਸਿੰਘ ਭਾਟੀਆ ਤੇ ਨਿਰਮਲ ਸਿੰਘ ਵਲੋਂ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਸ਼ੁਭਕਾਮਨਾਵਾਂ ਭੇਜਦਿਆਂ ਹੋਇਆਂ ਵਿਦਿਆਰਥੀਆਂ ਨੂੰ ਸਖਤ ਮਿਹਨਤ, ਲਗਨ ਤੇ ਆਤਮ ਵਿਸ਼ਵਾਸ ਨਾਲ ਜੀਵਨ 'ਚ ਸਫ਼ਲਤਾ ਹਾਸਿਲ ਕਰਨ ਦਾ ਸੁਨੇਹਾ ਦਿੱਤਾ ਗਿਆ | ਪਿ੍ੰ. ਮਨਿੰਦਰ ਕੌਰ ਵਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੋ ਵਿਦਿਆਰਥੀ ਚੰਗੀਆਂ ਆਦਤਾਂ ਅਪਣਾਉਂਦੇ ਹਨ ਤੇ ਸਮੇਂ ਦਾ ਸਦਉਪਯੋਗ ਕਰਦੇ ਹਨ, ਉਹ ਜੀਵਨ 'ਚ ਜ਼ਰੂਰ ਤਰੱਕੀ ਕਰਦੇ ਹਨ | ਉਨਾਂ ਨੇ ਵਿਦਿਆਰਥੀਆਂ ਨੂੰ ਆਪਣੀ ਇਕਾਗਰਤਾ ਵਧਾਉਣ ਅਤੇ ਸਮਝਦਾਰੀ ਨਾਲ ਪ੍ਰੀਖਿਆ ਦੀ ਤਿਆਰੀ ਕਰਨ ਲਈ ਪ੍ਰੇਰਿਤ ਕੀਤਾ | ਵਿਦਿਆਰਥੀਆਂ ਵਲੋਂ ਸਕੂਲ ਸਮੂਹ ਵਿਖੇ ਸਥਾਪਿਤ ਗੁਰਦੁਆਰਾ ਲਈ ਰੁਮਾਲਾ ਸਾਹਿਬ ਅਤੇ ਚੰਦੋਆ ਸਾਹਿਬ ਭੇਟ ਕੀਤੇ ਗਏ | ਸਮਾਗਮ ਦੇ ਅੰਤ 'ਚ ਕੜਾਹ ਪ੍ਰਸ਼ਾਦ ਦੀ ਦੇਗ ਅਤੇ ਚਾਹ ਦੇ ਅਟੁੱਟ ਲੰਗਰ ਵਰਤਾਏ ਗਏ |