ਬਾਬਾ ਬਕਾਲਾ ਸਾਹਿਬ, 13 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਬਾਅਦ ਦੁਪਹਿਰ ਬਾਬਾ ਬਕਾਲਾ ਸਾਹਿਬ ਵਿਖੇ ਸਥਿਤ ਸਿੱਖਿਆ ਬਲਾਕ ਰਈਆ-1 ਵਿਖੇ ਸਮੂਹ ਅਧਿਆਪਕਾਂ ਵਲੋਂ ਅਧਿਆਪਕ ਏਕਤਾ ਮੰਚ ਤਹਿਤ ਭਰਵਾਂ ਇਜਲਾਸ ਕੀਤਾ ਗਿਆ | ਜਿਸ ਵਿਚ ਅਧਿਆਪਕਾਂ ਦੀ ਬਿਨਾਂ ਕਿਸੇ ਮਾਪਦੰਡ ਤੋਂ ਕੀਤੀ ਗਈਆਂ ਗਲਤ ਐਡਜਸਟਮੈਂਟਾਂ ਦਾ ਬਲਾਕ ਰਈਆ-1 ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵਲੋਂ ਸਖ਼ਤ ਵਿਰੋਧ ਕੀਤਾ ਗਿਆ | ਪਹਿਲਾਂ ਵਿਭਾਗ ਵਲੋਂ ਬਿਨਾਂ ਬੱਚਿਆਂ ਦੀ ਗਿਣਤੀ ਵਿਚਾਰੇ ਵੱਧ ਪੋਸਟਾਂ ਦਿੱਤੀਆਂ ਗਈਆਂ ਫਿਰ ਸੀਨੀਅਰ ਅਧਿਆਪਕਾਂ ਨੂੰ ਉਨ੍ਹਾਂ ਸਕੂਲਾਂ ਵਿਚ ਭੇਜਿਆ ਗਿਆ ਜਿੱਥੇ ਮੌਜੂਦਾ ਸਥਿਤੀ ਅਨੁਸਾਰ ਹੋਰ ਅਧਿਆਪਕਾਂ ਦੀ ਲੋੜ ਨਹੀਂ ਹੈ, ਜਦਕਿ ਸਿੰਗਲ ਟੀਚਰ ਅਤੇ ਟੀਚਰ ਲੈਸ ਸਕੂਲ ਇਸ ਪ੍ਰਤੀ ਵਿਚਾਰੇ ਨਹੀਂ ਗਏ | ਇਸ ਤੋਂ ਇਲਾਵਾ ਪ੍ਰੀਖਿਆ ਦੇ ਦਿਨਾਂ ਵਿਚ ਹੈਲਥ ਕਾਰਡ ਬਣਾਉਣ ਸੰਬੰਧੀ ਲਗਾਈਆਂ ਗਈਆਂ ਪ੍ਰਾਇਮਰੀ ਅਧਿਆਪਕਾਂ ਦੀਆਂ ਡਿਊਟੀਆਂ ਵੀ ਤਰਕ-ਸੰਗਤ ਨਹੀਂ ਹੈ | ਇਸ ਤੋਂ ਇਲਾਵਾ ਬਾਰਡਰ ਏਰੀਆ ਇੰਕਰੀਮੈਂਟ ਲਗਵਾਉਣ, 6635 ਅਧਿਆਪਕਾਂ ਦੀਆਂ ਅਦਾਲਤੀ ਹੁਕਮ ਜਾਰੀ ਹੋਣ ਦੇ ਬਾਵਜੂਦ ਵੀ ਪੇ ਫਿਕਸ਼ੇਸ਼ਨ ਨਾ ਕਰਨ ਬਾਰੇ, 2364 ਭਰਤੀ ਵਿਚ ਸਿੰਗਲ ਅਧਿਆਪਕ ਵਾਲੇ ਸਕੂਲਾਂ ਨੂੰ ਜਿਵੇਂ ਸ. ਅ. ਸ. ਲੱਖੂਵਾਲ, ਦਿਆਲਗੜ੍ਹ ਅਤੇ ਨਾਮ ਪੋਰਟਲ 'ਤੇ ਨਾ ਦਰਸਾਉਣ ਬਾਰੇ ਅਤੇ ਉਨ੍ਹਾਂ ਵਿਚ ਅਧਿਆਪਕ ਨਾ ਦੇਣ ਬਾਰੇ, ਬਲਾਕ ਵਿਖੇ ਲੰਮੇ ਸਮੇਂ ਤੋਂ ਖਾਲੀ ਪਈਆਂ ਬਲਾਕ ਸਿੱਖਿਆ ਅਫ਼ਸਰ ਅਤੇ ਕਲਰਕ ਦੀਆਂ ਪੋਸਟਾਂ ਨੂੰ ਨਾ ਭਰਨ ਬਾਰੇ ਅਤੇ ਆਰਜੀ ਕੀਤੇ ਪ੍ਰਬੰਧਾਂ ਤਹਿਤ ਬਲਾਕ ਵਿਖੇ ਮਹੀਨੇ 'ਚ ਘੱਟੋ ਘੱਟ ਦੋ-ਤਿੰਨ ਵਾਰ ਰਈਆ ਬਲਾਕ ਇਕ ਵਿਖੇ ਹਾਜ਼ਰ ਰਹਿਣ, ਪੇ ਅਨਾਮਲੀ ਨੂੰ ਦਰੁਸਤ ਕਰਨ ਸੰਬੰਧੀ ਮਸਲਿਆਂ ਬਾਰੇ ਖੁੱਲ੍ਹ ਕੇ ਵਿਚਾਰ ਚਰਚਾ ਹੋਈ ਅਤੇ ਇਨ੍ਹਾਂ ਮੰਗਾਂ ਅਤੇ ਮਸਲਿਆਂ ਦੇ ਹੱਲ ਲਈ ਇਕਜੁਟਤਾ ਦਾ ਪ੍ਰਗਟਾਵਾ ਅਤੇ ਵਾਅਦਾ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਅ.ਸ.) ਅੰਮਿ੍ਤਸਰ ਪਾਸੋਂ ਮੀਟਿੰਗ ਲਈ ਸਮਾਂ ਲੈ ਕੇ ਸਾਂਝੇ ਤੌਰ 'ਤੇ ਮੰਗਾਂ ਤੇ ਮਸਲਿਆਂ ਦੀ ਪੂਰਤੀ ਲਈ ਪੈਰਵਾਈ ਕਰਨ ਅਤੇ ਇਸ ਸੰਬੰਧੀ ਅਗਲੇ ਪ੍ਰੋਗਰਾਮ ਉਲੀਕਣ ਦਾ ਫ਼ੈਸਲਾ ਕੀਤਾ ਗਿਆ | ਇਸ ਮੌਕੇ ਬਲਾਕ ਦੇ ਸਾਰੇ ਅਧਿਆਪਕ ਆਗੂ ਅਤੇ ਅਧਿਆਪਕ ਹਾਜ਼ਰ ਸਨ |