ਚੌਕ ਮਹਿਤਾ, 27 ਫਰਵਰੀ (ਜਗਦੀਸ਼ ਸਿੰਘ ਬਮਰਾਹ)-ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਅਤੇ ਪ੍ਰਧਾਨ ਸੰਤ ਸਮਾਜ ਦੀ ਯੋਗ ਅਗਵਾਈ ਹੇਠ ਚੱਲ ਰਹੇ ਵਿੱਦਿਅਕ ਅਦਾਰੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਵਿਚ ਐੱਨ. ਸੀ. ਸੀ. ਵਲੋਂ 10 ਰੋਜ਼ਾ ਕੈਂਪ ਦਾ ਆਯੋਜਨ ਕੀਤਾ ਗਿਆ | ਇਸ ਕੈਂਪ ਦੀ ਅਗਵਾਈ ਕਰਨਲ ਕਵਲਜੀਤ ਸਿੰਘ ਗਿੱਲ 22 ਪੰਜਾਬ ਬਟਾਲੀਅਨ ਐੱਨ. ਸੀ. ਸੀ. ਬਟਾਲਾ ਵਲੋਂ ਕੀਤੀ ਗਈ | ਬਟਾਲਾ, ਗੁਰਦਾਸਪੁਰ ਪਠਾਨਕੋਟ ਅਤੇ ਦੀਨਾਨਗਰ ਨਾਲ ਸੰਬੰਧਿਤ ਲਗਭਗ 20 ਕਾਲਜਾਂ ਦੇ 192 ਵਿਦਿਆਰਥੀਆਂ ਨੇ ਇਸ ਕੈਂਪ ਵਿਚ ਬੜੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ | ਇਸ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਅਨੁਸ਼ਾਸਨ, ਨੇਤ੍ਰਤਵ ਅਤੇ ਰਾਸ਼ਟਰੀ ਏਕਤਾ ਦੀ ਭਾਵਨਾ ਵਿਕਸਿਤ ਕਰਨਾ ਹੈ | ਕੈਂਪ ਦੌਰਾਨ ਕੈਡਿਟਾਂ ਨੂੰ ਸਵੇਰ ਦੀ ਪਰੇਡ, ਡਰਿਲ ਅਭਿਆਸ, ਸਰੀਰਕ ਕਸਰਤ ਅਤੇ ਟੀਮ ਵਰਕ ਦੀ ਸਿਖਲਾਈ ਦਿੱਤੀ ਗਈ | ਇਸ ਦੇ ਨਾਲ- ਨਾਲ ਆਫਤ ਪ੍ਰਬੰਧਨ, ਮੁੱਢਲੀ ਚਿਕਿਤਸਾ, ਸਿਵਿਲ ਡਿਫੈਂਸ ਅਤੇ ਸਮਾਜਿਕ ਸੇਵਾ ਵਰਗੇ ਵਿਸ਼ਿਆਂ 'ਤੇ ਵਿਸ਼ੇਸ਼ ਤਾਲੀਮ ਦਿੱਤੀ ਗਈ | ਕੈਂਪ ਨੇ ਕੈਡਿਟਾਂ ਵਿਚ ਆਤਮ ਵਿਸ਼ਵਾਸ, ਜ਼ਿੰਮੇਵਾਰੀ ਤੇ ਦੇਸ਼ -ਭਗਤੀ ਦੀ ਭਾਵਨਾ ਨੂੰ ਮਜਬੂਤ ਕੀਤਾ | ਖਾਲਸਾ ਅਕੈਡਮੀ ਦੇ ਪਿ੍ੰਸੀਪਲ/ਡਾਇਰੈਕਟਰ ਡਾ. ਜਤਿੰਦਰ ਸ਼ਰਮਾ, ਹਰਸ਼ਦੀਪ ਸਿੰਘ ਰੰਧਾਵਾ ਡਾਇਰੈਕਟਰ ਦਸ਼ਮੇਸ਼ ਵਿੱਦਿਅਕ ਸੰਸਥਾਵਾਂ, ਖਾਲਸਾ ਕਾਲਜ ਪਿ੍ੰ: ਗੁਰਦੀਪ ਸਿੰਘ ਜਲਾਲ ਉਸਮਾ, ਮਨਮੀਤ ਸਿੰਘ ਐੱਨ. ਸੀ. ਸੀ. ਖਾਲਸਾ ਅਕੈਡਮੀ ਵਲੋਂ ਕਮਾਂਡਿੰਗ ਅਫਸਰ ਅਤੇ ਐਡਮਿਨਿਸਟਰੇਟਿਵ ਅਫਸਰਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਆਪਣੇ ਤਜਰਬੇ ਸਾਂਝੇ ਕਰਦਿਆਂ ਹੋਇਆਂ ਕਿਹਾ ਕਿ ਇਹ ਕੈਂਪ ਉਨ੍ਹਾਂ ਲਈ ਬਹੁਤ ਹੀ ਲਾਭਦਾਇਕ ਅਤੇ ਪ੍ਰੇਰਨਾਦਾਇਕ ਸਿੱਧ ਹੋਇਆ ਹੈ |