ਚੌਕ ਮਹਿਤਾ, 30 ਅਪ੍ਰੈਲ (ਜਗਦੀਸ਼ ਸਿੰਘ ਬਮਰਾਹ)-ਪਿੰਡ ਜਲਾਲ ਉਸਮਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਨਵੀਂ ਬਣੀ ਕੰਪਿਊਟਰ ਲੈਬ ਦਾ ਉਦਘਾਟਨ ਕੀਤਾ ਗਿਆ | ਇਸ ਦੌਰਾਨ ਜਲਾਲ ਦੇ ਸਰਪੰਚ ਗੁਰਵੇਲ ਸਿੰਘ ਤੇ ਉਸਮਾ ਦੇ ਸਰਪੰਚ ਠੇਕੇਦਾਰ ਲਖਵਿੰਦਰ ਸਿੰਘ ਰੰਧਾਵਾ ਵਲੋਂ ਰਸਮੀ ਤੌਰ 'ਤੇ ਲੈਬ ਦਾ ਰੀਬਨ ਕੱਟੇ ਜਾਣ ਤੋਂ ਬਾਅਦ ਸਿੱਖਿਆ ਵਿਭਾਗ ਵਲੋਂ ਪ੍ਰਾਪਤ ਕੀਤੇ ਗਏ ਨਵੇਂ ਕੰਪਿਊਟਰ ਬੱਚਿਆਂ ਦੀ ਵਰਤੋਂ ਲਈ ਸ਼ੁਰੂ ਕਰ ਦਿੱਤੇ ਗਏ | ਇਸ ਮੌਕੇ ਸਰਪੰਚ ਲਖਵਿੰਦਰ ਸਿੰਘ ਤੇ ਸਰਪੰਚ ਗੁਰਵੇਲ ਸਿੰਘ ਨੇ ਸਕੂਲ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਪੜ੍ਹਾਈ ਦੀ ਗੁਣਵਤਾ ਅੰਦਰ ਸੁਧਾਰ ਆਵੇਗਾ ਤੇ ਬੱਚਿਆਂ ਦੀ ਡਿਜ਼ੀਟਲ ਸਿੱਖਿਆ 'ਚ ਰੁਚੀ ਵਧੇਗੀ | ਸਕੂਲ਼ ਪਿ੍ੰਸੀਪਲ ਸੁਖਜੀਤ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਨਵੇਂ ਕੰਪਿਊਟਰ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਨਾਲ ਜੋੜਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ | ਕੰਪਿਊਟਰ ਅਧਿਆਪਕ ਮੈਡਮ ਸੰਦੀਪ ਕੌਰ ਤੇ ਮੈਡਮ ਰਮਨਦੀਪ ਕੌਰ ਵਲੋਂ ਵੀ ਇਹ ਵਿਸ਼ਵਾਸ ਜਤਾਇਆ ਗਿਆ ਕਿ ਨਵੇਂ ਕੰਪਿਊਟਰਾਂ ਦੀ ਮਦਦ ਨਾਲ ਵਿਦਿਆਰਥੀਆਂ ਨੂੰ ਪ੍ਰਯੋਗਾਤਮਕ ਤੇ ਤਕਨੀਕੀ ਗਿਆਨ ਪ੍ਰਦਾਨ ਕੀਤਾ ਜਾ ਸਕੇਗਾ | ਇਸ ਮੌਕੇ ਰਾਜਵਿੰਦਰ ਸਿੰਘ ਲਾਡੀ ਸੂਰੋਪੱਡਾ, ਪੰਚਾਇਤ ਮੈਂਬਰ ਜਗਰੂਪ ਸਿੰਘ, ਸਿੱਖਿਆ ਕਨਵੀਨਰ ਰਾਜਵਿੰਦਰ ਸਿੰਘ, ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਦਰਬਾਰਾ ਸਿੰਘ, ਠੇਕੇਦਾਰ ਸੁਖਦੇਵ ਸਿੰਘ ਉਸਮਾ ਆਦਿ ਤੋਂ ਇਲਾਵਾ ਸਮੂਹ ਅਧਿਆਪਕ ਤੇ ਵਿਦਿਆਰਥੀਆਂ ਹਾਜ਼ਰ ਸਨ |