ਅਜਨਾਲਾ, 30 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਥਾਣਾ ਅਜਨਾਲਾ ਦੀ ਪੁਲਿਸ ਵਲੋਂ ਨਸ਼ਿਆਂ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ 2 ਨਸ਼ਾ ਤਸਕਰਾਂ ਨੂੰ 2 ਕਿੱਲੋ ਤੋਂ ਵਧੇਰੇ ਅਫ਼ੀਮ ਸਮੇਤ ਕਾਬੂ ਕਰਨ ਵਿਚ ਵੱਡੀ ਸਫਲਤਾ ਹਾਸਿਲ ਕੀਤੀ ਹੈ | ਇਸ ਸੰਬੰਧੀ ਥਾਣਾ ਅਜਨਾਲਾ ਵਿਖੇ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਐੱਸ.ਐੱਚ.ਓ. ਸਬ-ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮਹਿਲਾ ਸਬ-ਇੰਸਪੈਕਟਰ ਹਰਮਨ ਕੌਰ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਗਸ਼ਤ ਦੇ ਸੰਬੰਧ ਵਿਚ ਥਾਣਾ ਅਜਨਾਲਾ ਤੋਂ ਨੰਗਲ ਵੰਝਾਂਵਾਲਾ ਵੱਲ ਨੂੰ ਜਾ ਰਹੀ ਸੀ ਤਾਂ ਜਦੋਂ ਪੁਲਿਸ ਪਾਰਟੀ ਮੋੜ ਡਿਗਰੀ ਕਾਲਜ ਤੋਂ ਥੋੜਾ ਅੱਗੇ ਪੁੱਜੀ ਤਾਂ ਇਕ ਕਾਲੇ ਰੰਗ ਦੇ ਮੋਟਰਸਾਈਕਲ 'ਤੇ ਆ ਰਹੇ 2 ਨੌਜਵਾਨ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਲੱਗੇ ਤਾਂ ਸਬ-ਇੰਸ: ਹਰਮਨ ਕੌਰ ਤੇ ਹੋਰਨਾਂ ਪੁਲਸ ਕਰਮਚਾਰੀਆਂ ਵਲੋਂ ਉਨ੍ਹਾਂ ਨੂੰ ਕਾਬੂ ਕਰਕੇ ਇਕ ਨੌਜਵਾਨ ਦੇ ਹੱਥ ਵਿਚ ਫੜੇ ਲਿਫ਼ਾਫ਼ੇ ਬਾਰੇ ਪੁੱਛਿਆ ਤਾਂ ਨੌਜਵਾਨ ਦੇ ਦੱਸਿਆ ਕਿ ਇਸ ਵਿਚ ਅਫ਼ੀਮ ਹੈ, ਜਿਸ ਤੋਂ ਬਾਅਦ ਉਕਤ ਲਿਫ਼ਾਫ਼ੇ ਨੂੰ ਖੋਲ੍ਹ ਕੇ ਚੈੱਕ ਕਰਨ ਤੇ ਉਸ ਵਿਚੋਂ 2 ਕਿੱਲੋ 50 ਗ੍ਰਾਮ ਅਫ਼ੀਮ ਬਰਾਮਦ ਹੋਈ | ਐੱਸ.ਐੱਚ.ਓ ਸਬ-ਇੰਸ: ਕੁਲਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਅਫ਼ੀਮ ਸਮੇਤ ਕਾਬੂ ਨੌਜਵਾਨਾਂ ਦੀ ਪਹਿਚਾਣ ਸੁੱਚਾ ਸਿੰਘ ਪੁੱਤਰ ਬੇਲ ਸਿੰਘ ਵਾਸੀ ਪਿੰਡ ਭਿੰਡੀ ਸੈਦਾਂ ਅਤੇ ਗੁਰਜੀਤ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਟਨਾਣਾ ਵਜੋਂ ਹੋਈ, ਜਿਨ੍ਹਾਂ ਖ਼ਿਲਾਫ਼ ਥਾਣਾ ਅਜਨਾਲਾ ਵਿਖੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਦੋਵਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਅਦਾਲਤ ਵਲੋਂ ਪੁਲਿਸ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਦੋਵਾਂ ਨੂੰ 2 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਪੁਲਿਸ ਰਿਮਾਂਡ ਦੌਰਾਨ ਇਨ੍ਹਾਂ ਕੋਲੋਂ ਪਤਾ ਲਗਾਇਆ ਜਾਵੇਗਾ ਕਿ ਇਹ ਅਫ਼ੀਮ ਕਿੱਥੋਂ ਲੈ ਕੇ ਆਏ ਸਨ ਤੇ ਅੱਗੇ ਕਿਸ ਨੂੰ ਸਪਲਾਈ ਕਰਨੀ ਸੀ | ਇਸ ਮੌਕੇ ਮਹਿਲਾ ਸਬ-ਇੰਸ: ਹਰਮਨ ਕੌਰ, ਏ.ਐੱਸ.ਆਈ. ਬਲਜੀਤ ਸਿੰਘ, ਏ.ਐੱਸ.ਆਈ. ਬਲਦੇਵ ਰਾਜ ਅਤੇ ਮੁਨਸ਼ੀ ਹਰਿੰਦਰ ਸਿੰਘ ਆਦਿ ਹਾਜ਼ਰ ਸਨ |