11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਨੈਸ਼ਨਲ ਹਾਈਵੇਅ 354 ਬਣਾਉੇਣ ਮੌਕੇ ਨਿਰਮਾਣ ਕੰਪਨੀ ਵਲੋਂ ਦਿੱਤੇ ਗਲਤ ਰਸਤੇ ਤੇ ਰੈਂਪਾ ਕਾਰਨ ਵਾਪਰਦੇ ਹਾਦਸਿਆਂ ਤੋਂ ਦੁਖੀ ਹਨ ਖੇਤਰ ਦੇ ਵਸਨੀਕ <br/>

ਪਿੰਡ ਥੋਬਾ ਵਿਖੇ ਨੈਸ਼ਨਲ ਹਾਈਵੇਅ 'ਤੇ ਰੋਸ ਮਾਰਚ ਕਰਦੇ ਪਿੰਡ ਥੋਬਾ ਤੇ ਨੇੜਲੇ ਪਿੰਡਾਂ ਦੇ ਲੋਕ | ਤਸਵੀਰ : ਸੰਧੂ <br/> 03-05-2026
ਗੱਗੋਮਾਹਲ, 2 ਮਈ (ਬਲਵਿੰਦਰ ਸਿੰਘ ਸੰਧੂ)-ਨੈਸ਼ਨਲ ਹਾਈਵੇ 354 ਨੂੰ ਬਣਾਉਣ ਮੌਕੇ ਨਿਰਮਾਣ ਕੰਪਨੀ ਵਲੋ ਡੀਵਾਇਡਰ ਵਿਚ ਗਲਤ ਰਸਤੇ ਦੇਣ ਤੇ ਹਾਈਵੇ 'ਤੇ ਚੜਨ ਲਈ ਗਲਤ ਰੈਂਪ ਬਣਾਉਣ ਦੇ ਵਿਰੋਧ 'ਚ ਪਿੰਡ ਥੋਬਾ ਵਿਖੇ ਨਗਰ ਨਿਵਾਸੀਆਂ ਤੇ ਦਰਜਨਾਂ ਪਿੰਡਾਂ ਦੇ ਪਤਵੰਤਿਆਂ ਵਲੋਂ ਰੋਸ ਮੁਜ਼ਾਹਰਾ ਕੀਤਾ | ਇਸ ਸਮੇ ਥੋਬਾ ਦੇ ਸਾਬਕਾ ਸਰਪੰਚ ਗੁਰਨੇਕ ਸਿੰਘ, ਕਿਸਾਨ ਆਗੂ ਗੁਰਿੰਦਰਬੀਰ ਸਿੰਘ, ਸਮਾਜ ਸੇਵੀ ਲਖਬੀਰ ਸਿੰਘ ਨੇ ਕਿਹਾ ਕਿ ਪਿੰਡ ਥੋਬਾ ਤੋ ਅਜਨਾਲਾ, ਅੰਮਿ੍ਤਸਰ ਜਾਣ ਵਾਸਤੇ ਦਰਜਨਾਂ ਪਿੰਡਾਂ ਦੇ ਲੋਕ ਹਾਈਵੇ ਉੱਪਰ ਚੜਦੇ ਹਨ ਜਦਕਿ ਇਸ ਰੂਟ 'ਤੇ ਚਲਦੀਆਂ ਬੱਸਾਂ ਵੀ ਨੈਸ਼ਨਲ ਹਾਈਵੇ 'ਤੇ ਜਾਣ ਲਈ ਇਹੀ ਰਸਤਾ ਅਪਣਾਉਂਦੀਆਂ ਹਨ | ਇਸ ਰਸਤੇ ਤੋਂ ਹਾਈਵੇ 'ਤੇ ਚੜਨ ਤੋਂ ਕਰੀਬ ਅੱਧਾ ਕਿਲੋਮੀਟਰ ਦੂਰ ਬਣ ਰਹੇ ਟੋਲ ਪਲਾਜ਼ਾ ਤੱਕ ਹਰੇਕ ਵਾਹਨ ਨੂੰ ਗਲਤ ਹੱਥ ਚੱਲਣ ਲਈ ਮਜਬੂਰ ਹੋਣਾ ਪੈਂਦਾ ਹੈ ਕਿਉਂਕਿ ਸਾਹਮਣੇ ਤੋਂ ਰਸਤਾ ਨਹੀਂ ਦਿੱਤਾ ਗਿਆ, ਦੂਜਾ ਹਾਈਵੇ 'ਤੇ ਚੜਨ ਲਈ ਬਣਿਆ ਰੈਂਪ ਇੰਨਾ ਖ਼ਤਰਨਾਕ ਹੈ ਕਿ ਰਾਤ ਸਮੇਂ ਤੇਜ਼ ਲਾਈਟਾਂ ਕਾਰਨ ਵਾਪਰਦੇ ਹਾਦਸੇ ਪ੍ਰੇਸ਼ਾਨੀ ਦਾ ਸਬੱਬ ਬਣਦੇ ਹਨ | ਆਗੂਆਂ ਨੇ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਟੀ ਅਧੀਨ ਬਣ ਰਹੀ ਇਸ ਸੜਕ 'ਚ ਗਗੋਮਾਹਲ, ਥੋਬਾ, ਅਵਾਣ ਪਿੰਡਾਂ 'ਚ ਬਣੇ ਬਾਈਪਾਸਾਂ ਵਿਚੋਂ ਪਿੰਡਾਂ ਨੂੰ ਦਿੱਤੇ ਗਲਤ ਰਸਤੇ ਕਾਰਨ ਅਨੇਕਾਂ ਹਾਦਸੇ ਵਾਪਰ ਰਹੇ ਹਨ ਜੋ ਸੜਕ ਨੂੰ ਖ਼ੂਨੀ ਸੜਕ ਦਾ ਖਿਤਾਬ ਦਿੰਦੇ ਹਨ, ਹਾਦਸੇ ਵਾਪਰਨ ਦਾ ਮੁੱਖ ਕਾਰਨ ਇਨ੍ਹਾਂ ਸੜਕਾਂ 'ਤੇ ਨਾ ਕੋਈ ਸਪੀਡ ਬ੍ਰੇਕਰ ਹੈ ਨਾ ਕੋਈ ਚਿਤਾਵਨੀ ਚਿੰਨ੍ਹ, ਅਣਜਾਣੇ 'ਚ ਲੋਕ ਸੜਕ ਪਾਰ ਕਰਦੇ ਸਮੇਂ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ ਜਿਸ ਦੌਰਾਨ ਜਾਂ ਤਾਂ ਆਪਣੀ ਜਾਨ ਗੁਆ ਬੈਠਦੇ ਹਨ ਜਾਂ ਅਪਾਹਜ ਹੋ ਜਾਂਦੇ ਹਨ | ਅਜਿਹਾ ਹਾਦਸਾ ਕੁਝ ਦਿਨ ਪਹਿਲਾਂ ਸਰਹੱਦੀ ਪਿੰਡ ਗਾਲਬ ਤੋਂ ਆ ਰਹੇ ਇਕ ਨੌਜਵਾਨ ਨਾਲ ਵਾਪਰਿਆ ਜੋ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਦੀ ਸੇਵਾ ਨਿਭਾ ਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ | ਇਸੇ ਤਰ੍ਹਾਂ ਕਸਬਾ ਰਮਦਾਸ ਵਿਖੇ ਵੀ ਇਸ ਨੈਸ਼ਨਲ ਹਾਈਵੇ 'ਚ ਦਿੱਤੇ ਕੱਟਾਂ ਨਾਲ ਅਨੇਕਾਂ ਹਾਦਸੇ ਵਾਪਰ ਰਹੇ ਹਨ | ਖੇਤਰ ਦੇ ਲੋਕਾਂ ਦੀ ਮੰਗ ਹੈ ਕਿ ਨੈਸ਼ਨਲ ਹਾਈਵੇ ਇਸ ਮੁੱਖ ਮਾਰਗ ਨੂੰ ਖੂਨੀ ਮਾਰਗ ਬਣਨ ਤੋਂ ਰੋਕਣ ਲਈ ਅੱਗੇ ਆਵੇ ਤਾਂ ਜੋ ਨਿੱਤ ਵਾਪਰਦੇ ਹਾਦਸਿਆਂ ਤੋਂ ਰਾਹਤ ਮਿਲ ਸਕੇ | ਇਕੱਤਰ ਲੋਕਾਂ ਨੇ ਸਿਵਲ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਮੁੱਖ ਮਾਰਗ 'ਤੇ ਵਾਪਰਦੇ ਹਾਦਸਿਆਂ ਨਾਲ ਆਮ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਯੋਗ ਕਦਮ ਚੁੱਕੇ ਜਾਣ ਨਹੀਂ ਤਾਂ ਖੇਤਰ ਦੇ ਲੋਕ ਇਸ ਖੂਨੀ ਮਾਰਗ 'ਤੇ ਬੈਠ ਕੇ ਮੁਜ਼ਾਹਰਾ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਸਿਵਲ ਪ੍ਰਸ਼ਾਸਨ, ਨੈਸ਼ਨਲ ਹਾਈਵੇ ਅਥਾਰਟੀ 'ਤੇ ਸੜਕ ਦਾ ਨਿਰਮਾਣ ਕਰ ਰਹੀ ਕੰਪਨੀ ਦੀ ਹੋਵੇਗੀ | ਇਸ ਸਮੇਂ ਬਾਬਾ ਰੁਪਿੰਦਰਜੀਤ ਸਿੰਘ, ਗੁਰਮੇਲ ਸਿੰਘ ਲਾਲੀ, ਦਾਰਾ ਸਿੰਘ, ਨਿਸ਼ਾਨ ਸਿੰਘ, ਦਵਿੰਦਰ ਸਿੰਘ, ਪਲਵਿੰਦਰ ਸਿੰਘ, ਵਿਰਸਾ ਸਿੰਘ, ਬਾਬਾ ਸੁਰਜੀਤ ਸਿੰਘ, ਬਲਵਿੰਦਰ ਸਿੰਘ ਮਲਕਪੁਰ, ਬਾਬਾ ਦਿਲਬਾਗ ਸਿੰਘ, ਮੁਖਤਾਰ ਸਿੰਘ, ਬੀਬੀ ਸਰਬਜੀਤ ਕੌਰ, ਬੀਬੀ ਬਲਵਿੰਦਰ ਕੌਰ ਤੋਂ ਇਲਾਵਾ ਕਈ ਨਗਰ ਨਿਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਦੁਆਰਾ ਤਪ ਅਸਥਾਨ ਵਿਖੇ ਗੁਰਮਤਿ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਬੀ.ਡੀ.ਪੀ.ਓ. ਮਜੀਠਾ ਦੀ ਕਥਿਤ ਮਿਲੀਭੁਗਤ ਨਾਲ ਸੱਤਾਧਾਰੀ ਪਾਰਟੀ ਕਰਵਾ ਰਹੀ ਨਾਜਾਇਜ਼ ਕਬਜ਼ੇ-ਸੱਚਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।