22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਅਜਨਾਲਾ ’ਚ 16 ਸਾਲਾ ਨੌਜਵਾਨ ਭੇਦਭਰੇ ਹਾਲਾਤਾਂ ਵਿਚ ਹੋਇਆ ਲਾਪਤਾ, ਪਰਿਵਾਰ ਨੇ ਕਤਲ ਦਾ ਸ਼ੱਕ ਜਤਾਇਆ ਸੱਕੀ ਨਾਲੇ ਵਿਚ ਨੌਜਵਾਨ ਦੀ ਭਾਲ ਜਾਰੀ

ਅਜੀਤ ਡੈਸਕ 31-05-2026
ਅਜਨਾਲਾ, 30 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਸ਼ਹਿਰ ਵਿਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਨੌਵੀਂ ਜਮਾਤ ਵਿਚ ਪੜ੍ਹਦਾ ਗਰੀਬ ਪਰਿਵਾਰ ਨਾਲ ਸੰਬੰਧਿਤ 16 ਸਾਲਾ ਨੌਜਵਾਨ ਅਮਨਦੀਪ ਭੇਦਭਰੇ ਹਾਲਾਤਾਂ ਵਿਚ ਲਾਪਤਾ ਹੋ ਗਿਆ। ਪੁਲਿਸ ਮੁਤਾਬਿਕ ਨੌਜਵਾਨ ਬੀਤੇ ਕੱਲ੍ਹ ਆਪਣੇ ਦੋਸਤਾਂ ਨਾਲ ਸੱਕੀ ਨਾਲੇ ਵਿਚ ਨਹਾਉਣ ਗਿਆ ਸੀ, ਜਿੱਥੇ ਉਹ ਡੁੱਬ ਗਿਆ, ਜਦਕਿ ਪਰਿਵਾਰਕ ਮੈਂਬਰਾਂ ਨੇ ਇਸ ਘਟਨਾ ਨੂੰ ਸ਼ੱਕੀ ਦੱਸਦਿਆਂ ਕਤਲ ਹੋਣ ਦਾ ਖ਼ਦਸ਼ਾ ਜਤਾਇਆ ਹੈ।ਲਾਪਤਾ ਨੌਜਵਾਨ ਅਮਨਦੀਪ ਦੇ ਪਿਤਾ ਮਹਿੰਦਰ ਕੁਮਾਰ ਵਾਸੀ ਮੁਹੱਲਾ ਗੋਪਾਲ ਨਗਰ ਵਾਰਡ ਨੰਬਰ 1 ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੇਰਾ ਪੁੱਤਰ ਬੀਤੇ ਦਿਨ ਆਪਣੇ ਕੁਝ ਦੋਸਤਾਂ ਨਾਲ ਘਰੋਂ ਗਿਆ ਸੀ ਪਰ ਦੇਰ ਸ਼ਾਮ ਤੱਕ ਵਾਪਸ ਨਾ ਆਉਣ ‘ਤੇ ਪਰਿਵਾਰ ਵੱਲੋਂ ਉਸਦੀ ਭਾਲ ਸ਼ੁਰੂ ਕੀਤੀ ਗਈ। ਉਸਨੇ ਦੱਸਿਆ ਕਿ ਬੀਤੀ ਦੇਰ ਰਾਤ ਤੱਕ ਅਸੀਂ ਉਸਦੀ ਆਪਣੇ ਪੱਧਰ ‘ਤੇ ਭਾਲ ਕਰਨ ਤੋਂ ਬਾਅਦ ਜਦੋਂ ਅਮਨਦੀਪ ਦੇ ਸਾਥੀਆਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਪਹਿਲਾਂ ਕਿਹਾ ਕਿ ਉਹ ਅਮਨਦੀਪ ਨੂੰ ਬਾਜ਼ਾਰ ਵਿਚ ਉਤਾਰ ਕੇ ਆਏ ਹਨ, ਪਰ ਅੱਜ ਸਵੇਰੇ ਉਨ੍ਹਾਂ ਦਾ ਬਿਆਨ ਬਦਲ ਗਿਆ ਅਤੇ ਉਨ੍ਹਾਂ ਨੇ ਦੱਸਿਆ ਕਿ ਅਮਨਦੀਪ ਸੱਕੀ ਨਾਲੇ ਵਿਚ ਡੁੱਬ ਗਿਆ ਸੀ।ਮਹਿੰਦਰ ਕੁਮਾਰ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੇ ਸਾਥੀਆਂ ਵਲੋਂ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਕਰਨ ਕਾਰਨ ਉਨ੍ਹਾਂ ਨੂੰ ਪੂਰਾ ਸ਼ੱਕ ਹੈ ਕਿ ਉਨ੍ਹਾਂ ਦੇ ਬੇਟੇ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰੀ ਹੈ ਤੇ ਉਸ ਦਾ ਕਤਲ ਕਰ ਦਿੱਤਾ ਗਿਆ ਹੈ।ਉਨ੍ਹਾਂ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਸੱਚਾਈ ਸਾਹਮਣੇ ਲਿਆਂਦੀ ਜਾਵੇ ਅਤੇ ਉਨ੍ਹਾਂ ਦੇ ਬੱਚੇ ਨੂੰ ਸਹੀ ਸਲਾਮਤ ਲੱਭ ਕੇ ਸਾਡੇ ਹਵਾਲੇ ਕੀਤਾ ਜਾਵੇ। ਉਧਰ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵਲੋਂ ਆਪਣੇ ਪੱਧਰ ‘ਤੇ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ ਤੇ ਕੁਝ ਵਿਅਕਤੀਆਂ ਵਲੋਂ ਸ਼ਾਮ ਤੱਕ ਸੱਕੀ ਨਾਲੇ ਵਿਚੋਂ ਵੀ ਅਮਨਦੀਪ ਨੂੰ ਲੱਭਿਆ ਜਾ ਰਿਹਾ ਸੀ। ਇਸ ਮਾਮਲੇ ਸੰਬੰਧੀ ਥਾਣਾ ਅਜਨਾਲਾ ‘ਚ ਤਾਇਨਾਤ ਏ.ਐੱਸ.ਆਈ. ਬਲਦੇਵ ਰਾਜ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਅਮਨਦੀਪ ਦੇ ਦੋਸਤਾਂ ਨੇ ਦੱਸਿਆ ਹੈ ਕਿ ਉਹ ਸੱਕੀ ਨਾਲੇ ਵਿਚ ਨਹਾਉਣ ਗਏ ਸਨ ਅਤੇ ਅਮਨਦੀਪ ਨੂੰ ਤੈਰਨਾ ਨਹੀਂ ਆਉਂਦਾ ਸੀ ਅਤੇ ਉਨ੍ਹਾਂ ਦੇ ਦੱਸਣ ਅਨੁਸਾਰ ਉਹ ਨਹਾਉਂਦੇ ਸਮੇਂ ਪਾਣੀ ਵਿਚ ਡੁੱਬ ਗਿਆ। ਏ.ਐੱਸ.ਆਈ. ਬਲਦੇਵ ਰਾਜ ਨੇ ਕਿਹਾ ਕਿ ਪੁਲਿਸ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਨੌਜਵਾਨ ਦੀ ਭਾਲ ਲਈ ਸਥਾਨਕ ਟੀਮਾਂ ਦੇ ਨਾਲ-ਨਾਲ ਬਾਹਰੋਂ ਗੋਤਾਖੋਰ ਵੀ ਮੰਗਵਾਏ ਗਏ ਹਨ ਅਤੇ ਸੱਕੀ ਨਾਲੇ ਦੇ ਆਲੇ-ਦੁਆਲੇ ਇਲਾਕੇ ਵਿਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ।
ਪਿਛਲੀ ਖ਼ਬਰ ਦਮਦਮੀ ਟਕਸਾਲ ਵਲੋਂ ਗੁਰਦੁਆਰਾ ਨਾਨਕਸਰ ਸਾਹਿਬ ਸਠਿਆਲਾ ਵਿਖੇ ਧਾਰਮਿਕ ਸਮਾਗਮ ਗੁਰਬਾਣੀ ਦੇ ਜਾਪ ਨਾਲ ਜੀਵਨ ’ਚ ਸੁਖ ਸ਼ਾ... ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਸੇਵਾ ਮੁਕਤ ਹੋਏ ਨਿਗਰਾਨ ਮੁਖਤਾਰ ਸਿੰਘ ਨੂੰ ਨਿੱਘੀ ਵਿਦਾਇਗੀ ਪਾਰਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।