24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਮਹਿੰਗਾਈ ਨੂੰ ਲੈ ਕੇ ਸਰਹੱਦੀ ਪਿੰਡਾਂ ਵਿਚ ਮੋਦੀ ਸਰਕਾਰ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ

ਅਜੀਤ ਡੈਸਕ 31-05-2026

ਅਜਨਾਲਾ, 30 ਮਈ (ਗੁਰਪ੍ਰੀਤ ਸਿੰਘ ਢਿੱਲੋਂ)- ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ �ਰਤਾਂ ਵਲੋਂ ਵਧ ਰਹੀ ਮਹਿੰਗਾਈ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਲੋਕਾਂ ਨੇ ਭਾਜਪਾ ਦੀ ਮੋਦੀ ਸਰਕਾਰ ਵਿਰੁੱਧ ਜੰਮ੍ਹ ਕੇ ਨਾਅਰੇਬਾਜ਼ੀ ਕਰਦਿਆਂ ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਵਧ ਰਹੀਆਂ ਕੀਮਤਾਂ ਉੱਤੇ ਗਹਿਰੀ ਚਿੰਤਾ ਜਤਾਈ। ਰੋਸ ਪ੍ਰਦਰਸ਼ਨ ਉਪਰੰਤ ਗੱਲਬਾਤ ਕਰਦਿਆਂ ਆਰ. ਐੱਮ.ਪੀ.ਆਈ. ਦੇ ਸੀਨੀਅਰ ਆਗੂ ਮਾਲਕ ਸਿੰਘ ਗੁਰਾਲਾ, ਨੌਜਵਾਨ ਸਭਾ ਦੇ ਪ੍ਰਧਾਨ ਜੱਗਾ ਸਿੰਘ ਡੱਲਾ ਅਤੇ ਗਾਇਕ ਗੁਰਪਾਲ ਗਿੱਲ ਨੇ ਕਿਹਾ ਕਿ ਕੇਂਦਰ ਸਰਕਾਰ ਅਮਰੀਕੀ ਦਬਾਅ ਹੇਠ ਮਹਿੰਗਾ ਤੇਲ ਖ਼ਰੀਦ ਰਹੀ ਹੈ, ਜਦਕਿ ਰੂਸ ਅਤੇ ਇਰਾਨ ਕੋਲੋਂ ਸਸਤਾ ਤੇਲ ਅਤੇ ਗੈਸ ਲਈ ਜਾ ਸਕਦੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਇਸ ਕਾਰਨ ਆਮ ਲੋਕਾਂ ਉੱਤੇ ਮਹਿੰਗਾਈ ਦਾ ਵੱਡਾ ਬੋਝ ਪੈ ਰਿਹਾ ਹੈ। ਉਕਤ ਆਗੂਆਂ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਸਮੇਂ ਕੱਚੇ ਤੇਲ ਦੀ ਕੀਮਤ 121 ਡਾਲਰ ਪ੍ਰਤੀ ਬੈਰਲ ਹੋਣ ਦੇ ਬਾਵਜੂਦ ਪੈਟਰੋਲ ਦੀ ਕੀਮਤ ਕਾਬੂ ਵਿਚ ਰੱਖੀ ਗਈ ਸੀ, ਪਰ ਹੁਣ ਅੰਤਰਰਾਸ਼ਟਰੀ ਮਾਰਕੀਟ ਵਿਚ ਕੱਚੇ ਤੇਲ ਦੀਆਂ ਕੀਮਤਾਂ ਘਟਣ ਦੇ ਬਾਵਜੂਦ ਪਿਛਲੇ ਕੁਝ ਦਿਨਾਂ ਦੌਰਾਨ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਵਿਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿਚ ਵੀ ਵਾਧਾ ਕਰਕੇ ਆਮ ਜਨਤਾ ਦੀਆਂ ਮੁਸ਼ਕਿਲਾਂ ਵਧਾਈਆਂ ਜਾ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਆਮ ਲੋਕਾਂ ਦੀ ਬਜਾਏ ਕਾਰਪੋਰੇਟ ਤੇਲ ਕੰਪਨੀਆਂ ਦੇ ਮੁਨਾਫ਼ੇ ਵਧਾਉਣ ਵਿਚ ਲੱਗੀ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਾਲ 2025-26 ਦੌਰਾਨ ਵੱਡੀਆਂ ਤੇਲ ਕੰਪਨੀਆਂ ਦਾ ਮੁਨਾਫ਼ਾ ਹਜ਼ਾਰਾਂ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਤੇਲ ਕੰਪਨੀਆਂ ਦੇ ਵਧੇਰੇ ਮੁਨਾਫ਼ੇ ਅਤੇ ਐਕਸਾਈਜ਼ ਡਿਊਟੀ ਘਟਾ ਕੇ ਲੋਕਾਂ ਨੂੰ ਸਸਤਾ ਪੈਟਰੋਲ ਅਤੇ ਰਸੋਈ ਗੈਸ ਮੁਹੱਈਆ ਕਰਵਾਈ ਜਾਵੇ। ਇਸ ਮੌਕੇ ਸਰਹੱਦੀ ਲੋਕਾਂ ਨੇ ਨਸ਼ਾਖੋਰੀ ਅਤੇ ਗੈਂਗਸਟਰਵਾਦ ਦੇ ਮਸਲੇ ਉੱਤੇ ਵੀ ਚਿੰਤਾ ਜਤਾਉਂਦਿਆਂ ਕਿਹਾ ਕਿ ਸਿਆਸੀ ਆਗੂਆਂ, ਪੁਲਿਸ ਅਤੇ ਨਸ਼ਾ ਤਸਕਰਾਂ ਦੀ ਕਥਿਤ ਮਿਲੀਭੁਗਤ ਕਾਰਨ ਹੀ ਪਾਕਿਸਤਾਨ ਵਲੋਂ ਡਰੋਨਾਂ ਰਾਹੀਂ ਨਸ਼ਾ ਅਤੇ ਅਸਲਾ ਸਰਹੱਦੀ ਇਲਾਕਿਆਂ ਵਿਚ ਪਹੁੰਚ ਰਿਹਾ ਹੈ। ਲੋਕਾਂ ਨੇ ਸਰਕਾਰ ਤੋਂ ਇਸ ਗੱਠਜੋੜ ਨੂੰ ਤੋੜ ਕੇ ਨਸ਼ੇ ਦੇ ਕਾਰੋਬਾਰ ਉੱਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਸੁੱਖਾ ਸਿੰਘ, ਮੁੱਖਾ ਸਿੰਘ, ਮੰਗਾ ਸਿੰਘ, ਅਜੈਬ ਸਿੰਘ, ਰਾਣੀ ਕੌਰ, ਭੋਲੀ ਕੌਰ, ਸਵਰਨ ਕੌਰ, ਦਿਲਬਾਗ ਸਿੰਘ, ਸਿੰਘ ਸਿੰਘ, ਜੁਗਰਾਜ ਸਿੰਘ, ਮੇਜਰ ਸਿੰਘ ਅਤੇ ਸਤਪਾਲ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ’ਚ ਤੇਲ ਕੀਮਤਾਂ ਦੇ ਵਾਧੇ ਦੇ ਵਿਰੋਧ ’ਚ ਪ੍ਰਧਾਨ ਮੰਤਰੀ ਦਾ ਪੁਤਲਾ ਫ... ਅਗਲੀ ਖ਼ਬਰ ਪੁਲਿਸ ਲਾਇਨ ਅੰਮ੍ਰਿਤਸਰ ਦਿਹਾਤੀ ’ਚ ਵੱਖ-ਵੱਖ ਅਹੁਦਿਆਂ ਤੋਂ ਸੇਵਾ ਮੁਕਤ ਹੋਏ ਜਵਾਨਾਂ ਨੂੰ ਨਿੱਘੀ ਵਿਦਾਇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।