ਅੰਮਿ੍ਤਸਰ, 4 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਵਤਨ ਦੀ ਮਿੱਟੀ ਤੋਂ ਦੂਰ ਪ੍ਰਦੇਸਾਂ ਵਿਚ ਵੱਸਦੇ ਹੋਏ ਵੀ ਆਪਣੀ ਪੰਜਾਬੀ ਮਾਂ ਬੋਲੀ ਨਾਲ ਮੋਹ ਨਹੀਂ ਘਟਦਾ | ਇਸੇ ਹੀ ਜਜ਼ਬੇ ਤਹਿਤ ਅਮਿਤੋਜ ਕੌਰ 'ਐਮੀ' ਦੀ ਸ਼ਾਅਰੀ ਦੀ ਪਲੇਠੀ ਕਿਤਾਬ 'ਆਪਣੀ ਯਾਦਾਂ ਲੈਂਦਾ ਜਾ' ਰਵੀ ਸਾਹਿਤ ਪ੍ਰਕਾਸ਼ਨ ਅੰਮਿ੍ਤਸਰ ਵਲੋਂ ਰਿਲੀਜ ਕੀਤੀ ਗਈ | ਇਸ ਕਿਤਾਬ ਦੀ ਘੁੰਡ ਚੁਕਾਈ ਵਿਸ਼ਵ ਪ੍ਰਸਿੱਧ ਸੂਫੀ ਗਾਇਕ ਪਦਮ ਸ੍ਰੀ ਉਸਤਾਦ ਪੂਰਨ ਚੰਦ ਵਡਾਲੀ ਵੱਲੋਂ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿਚ ਕੀਤੀ ਗਈ | ਉਨ੍ਹਾਂ ਨੇ ਇਸ ਮੌਕੇ ਜਿੱਥੇ ਸ਼ਾਇਰਾਂ ਨੂੰ ਆਪਣੀਆਂ ਅਸੀਸਾਂ ਦਿੱਤੀਆਂ ਉੱਥੇ ਨਾਲ ਹੀ ਅਗਾਂਹ ਵੀ ਇਸੇ ਤਰ੍ਹਾਂ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ ਦੀ ਤਾਕੀਦ ਕੀਤੀ | ਇਸ ਕਿਤਾਬ ਦੇ ਸੰਪਾਦਕ ਮਲਕੀਤ ਸਿੰਘ ਗਿੱਲ ਤੇ ਸਹਿ ਸੰਪਾਦਕ ਭੁਪਿੰਦਰ ਸਿੰਘ ਹਨ | ਜਿਕਰਯੋਗ ਹੈ ਕਿ ਬਤੌਰ ਮੁੱਖ ਸੰਪਾਦਕ ਮਲਕੀਤ ਸਿੰਘ ਦੀ ਇਹ ਪਹਿਲੀ ਕਿਤਾਬ ਹੈ, ਬਤੌਰ ਸਹਿ ਸੰਪਾਦਕ ਕੰਮ ਕਰ ਚੁੱਕੇ ਹਨ | ਇਹ ਹਥਲੀ ਕਿਤਾਬ 'ਆਪਣੀਆਂ ਯਾਦਾਂ ਲੈਂਦਾ ਜਾ' ਕਵਿਤਾਵਾਂ-ਗਜ਼ਲਾਂ ਨਾਲ ਭਰਪੂਰ ਪਾਠਕਾਂ ਦੇ ਰੂ-ਬਰੂ ਹੈ | ਇਸ ਮੌਕੇ ਉਸਤਾਦ ਪੂਰਨ ਚੰਦ ਜੀ ਤੋਂ ਇਲਾਵਾ ਮਲਕੀਤ ਸਿੰਘ, ਪਿਤਾ ਭੁਪਿੰਦਰ ਸਿੰਘ, ਮਾਤਾ ਸਰਬਜੀਤ ਕੌਰ ਤੇ ਸੁਸ਼ਮਾ ਕੁਮਾਰੀ ਆਦਿ ਹਾਜ਼ਰ ਸਨ |