ਮੱਤੇਵਾਲ, 4 ਜੂਨ (ਗੁਰਪ੍ਰੀਤ ਸਿੰਘ ਮੱਤੇਵਾਲ)-ਨਗਰ ਕੌਂਸਲ ਮਜੀਠਾ ਦੀਆਂ ਚੋਣਾਂ ਵਿਚ ਹੋਈ ਹਾਰ ਤੋਂ ਬੁਖਲਾਈ ਪੰਜਾਬ ਸਰਕਾਰ ਵਲੋਂ ਬਿਕਰਮ ਸਿੰਘ ਮਜੀਠੀਆ ਤੇ ਹੋਰਨਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਝੂਠਾ ਪਰਚਾ ਦਰਜ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੱਚ ਦੀ ਆਵਾਜ਼ ਦਬਾਉਣ ਦੀ ਹੋਛੀ ਹਰਕਤ ਕੀਤੀ ਤੇ ਇਸ ਲਈ ਪੰਜਾਬ ਸਰਕਾਰ ਨੂੰ ਮੂੰਹ ਦੀ ਖਾਣੀ ਪਵੇਗੀ | ਇਹ ਵਿਚਾਰ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਵਲੋਂ ਅੱਜ ਮੱਤੇਵਾਲ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਂਝੇ ਕੀਤੇ | ਐਡਵੋਕੇਟ ਸਿਆਲਕਾ ਨੇ ਦੱਸਿਆ ਪੁਲਿਸ ਵਲੋਂ ਦਰਜ ਕੀਤੇ ਗਏ ਇਸ ਪਰਚੇ ਵਿਚ ਜੋ ਤੱਥ ਪੇਸ਼ ਕੀਤੇ ਗਏ ਉਹ ਸਰਾਸਰ ਗ਼ਲਤ ਹਨ, ਕਿਉਂਕਿ ਬਿਕਰਮ ਸਿੰਘ ਮਜੀਠੀਆ ਵਲੋਂ ਜੋਬਨਪ੍ਰੀਤ ਸਿੰਘ ਨਾਲ ਪੁਲਿਸ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਲਈ ਇਨਸਾਫ਼ ਲੈਣ ਥਾਣਾ ਮਜੀਠਾ ਵਿਚ ਪਹੁੰਚੇ ਸਨ, ਜਿਸ ਦੀ ਲਾਈਵ ਫੁਟੇਜ ਵੱਖ-ਵੱਖ ਸੋਸ਼ਲ ਮੀਡੀਆ ਚੈਨਲਾਂ ਤੇ ਮੌਜੂਦ ਹੈ ਪਰ ਇਸ ਦੇ ਬਾਵਜੂਦ ਸਿਆਸੀ ਬਦਲਾਖੋਰੀ ਵਿਚ ਅੰਨ੍ਹੇ ਹੋਏ ਮੁੱਖ ਮੰਤਰੀ ਵਲੋਂ ਕਾਨੂੰਨ ਨੂੰ ਸ਼ਿਕੇ 'ਤੇ ਟੰਗਦੇ ਹੋਏ ਇਹ ਝੂਠਾ ਮੁਕੱਦਮਾ ਦਰਜ ਕਰਕੇ ਇਹ ਦੱਸ ਦਿੱਤਾ ਹੈ ਕਿ ਇਹ ਪਰਚਾ ਕੇਵਲ ਹਾਰ ਦੀ ਬੁਖ਼ਲਾਹਟ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੀ ਸਿਆਸੀ ਬਦਲਾਖੋਰੀ ਨਾਲ ਬਿਕਰਮ ਸਿੰਘ ਮਜੀਠੀਆ ਦਾ ਸਿਆਸੀ ਕੱਦ ਹੋਰ ਉਚਾ ਹੋਇਆ ਹੈ ਤੇ ਸਰਕਾਰ ਵਲੋਂ ਇਸ ਮਾਮਲੇ ਵਿਚ ਸਰਕਾਰੀ ਮਸ਼ੀਨਰੀ ਦਾ ਗ਼ਲਤ ਇਸਤੇਮਾਲ ਕੀਤਾ ਜਿਸ ਦਾ ਖੁਮਿਆਜਾ ਨਿੱਜੀ ਲੜਾਈ ਬਣਾਕੇ ਚਲ ਰਹੇ ਭਗਵੰਤ ਮਾਨ ਅਤੇ 'ਆਪ' ਨੂੰ ਚੁਕਾਉਣਾ ਪਵੇਗਾ, ਕਿਉਂਕਿ ਇਹ ਕੇਸ ਮਾਣਯੋਗ ਅਦਾਲਤ ਵਿਚ ਕੈਂਸਲ ਹੋਵੇਗਾ.