13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਲੋਪੋਕੇ ਚੌਂਕ 'ਚ ਮੋਦੀ ਤੇ ਭਗਵੰਤ ਮਾਨ ਸਰਕਾਰ ਦਾ ਅਰਥੀ ਫ਼ੂਕ ਮੁਜ਼ਾਹਰਾ

ਅਜੀਤ ਡੈਸਕ 09-06-2026
ਚੋਗਾਵਾਂ, 8 ਜੂਨ (ਗੁਰਵਿੰਦਰ ਸਿੰਘ ਕਲਸੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜ਼ੋਨ ਚੋਗਾਵਾਂ ਤੇ ਜ਼ੋਨ ਲੋਪੋਕੇ ਵਲੋਂ ਕਿਸਾਨੀ ਮਸਲਿਆਂ ਨੂੰ ਲੈ ਕੇ ਲੋਪੋਕੇ ਤਹਿਸੀਲ 'ਚ ਵਿਸ਼ਾਲ ਧਰਨਾ ਦਿੱਤਾ ਗਿਆ, ਜਿਸ ਵਿਚ 2025 'ਚ ਆਏ ਹੜ੍ਹਾਂ ਨਾਲ ਨੁਕਸਾਨੀਆਂ ਫ਼ਸਲਾਂ ਦਾ ਮੁਆਵਜਾ ਨਹੀਂ ਮਿਲਿਆ, ਪੈਂਡਿੰਗ ਪਏ ਲੋਕਲ ਕੰਮ ਤੇ ਹੋਰਨਾਂ ਅਨੇਕਾਂ ਮੰਗਾਂ ਨੂੰ ਲੈ ਕੇ ਸਖ਼ਤ ਸ਼ਬਦਾਂ ਵਿਚ ਨਾਅਰੇਬਾਜ਼ੀ ਕੀਤੀ ਗਈ | ਇਸ ਉਪਰੰਤ ਤਹਿਸੀਲਦਾਰ ਸਮੇਤ ਕਾਨੂੰਨਗੋ ਪਟਵਾਰੀਆਂ ਨਾਲ ਮੀਟਿੰਗ ਤੋਂ ਬਾਅਦ ਮਸਲਿਆਂ ਦੇ ਹੱਲ ਨਾਲ ਤਹਿਸੀਲਦਾਰ ਵਲੋਂ ਧਰਨੇ 'ਚ ਪਹੁੰਚ ਕੇ ਵਿਸਵਾਸ਼ ਦਿਵਾਉਣ ਤੇ ਧਰਨਾ ਸਮਾਪਤ ਕੀਤਾ ਗਿਆ | ਇਸ ਤੋਂ ਬਾਅਦ ਲੋਪੋਕੇ ਚੌਂਕ ਜਾਮ ਕਰਕੇ ਕੇਂਦਰ ਦੀ ਮੋਦੀ ਤੇ ਪੰਜਾਬ ਦੀ ਮਾਨ ਸਰਕਾਰ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਜਥੇਬੰਦੀ ਦੇ ਸੀਨੀਅਰ ਆਗੂ ਸਰਵਨ ਸਿੰਘ ਪੰਧੇਰ, ਜ਼ਿਲ੍ਹਾ ਆਗੂ ਲਖਵਿੰਦਰ ਸਿੰਘ ਡਾਲਾ, ਜ਼ੋਨ ਚੋਗਾਵਾਂ ਦੇ ਪ੍ਰਧਾਨ ਸ਼ਰਨਪਾਲ ਸਿੰਘ ਬੱਚੀਵਿੰਡ, ਜ਼ੋਨ ਲੋਪੋਕੇ ਦੇ ਪ੍ਰਧਾਨ ਗੁਰਲਾਲ ਸਿੰਘ ਕੱਕੜ੍ਹ, ਜ਼ੋਨ ਆਗੂ ਕੁਲਬੀਰ ਸਿੰਘ ਲੋਪੋਕੇ, ਹਰਜੀਤ ਸਿੰਘ ਸ਼ਹੂਰਾ, ਜਸਮੀਤ ਸਿੰਘ ਰਾਣੀਆਂ, ਸੁਖਵਿੰਦਰ ਸਿੰਘ ਕੋਲੋਵਾਲ, ਸਾਬ ਸਿੰਘ ਕੱਕੜ, ਸੁਖਜਿੰਦਰ ਸਿੰਘ ਲੋਪੋਕੇ ਆਦਿ ਨੇ ਕਿਹਾ ਕਿ ਯੂਰੀਆ ਖਾਦ ਦੀ ਵੱਡੇ ਪੱਧਰ 'ਤੇ ਆ ਰਹੀ ਕਿੱਲਤ ਤੇ ਯੂਰੀਆ ਬਾਹਰ ਦੁਕਾਨਾਂ ਤੋਂ ਬਲੈਕ ਮਿਲ ਰਹੀ ਹੈ | ਇਸ ਦੇ ਨਾਲ ਸਹਿਕਾਰੀ ਸੋਸਾਇਟੀਆਂ ਵਿਚ ਵੀ ਨਾਜਾਇਜ਼ ਨੈਨੋ ਯੂਰੀਆ ਤੇ ਹੋਰ ਵਾਧੂ ਸਾਮਾਨ ਦਿੱਤਾ ਜਾ ਰਿਹਾ ਹੈ, ਸਰਕਾਰ ਤੁਰੰਤ ਮਿਥੇ ਰੇਟਾਂ ਤੇ ਕਿਸਾਨਾਂ ਨੂੰ ਯੂਰੀਆ ਖਾਦ ਮੁਹੱਈਆ ਕਰਵਾਏ | ਇਸ ਮੌਕੇ ਮੰਗਦੀਪ ਸਿੰਘ ਕੋਲੋਵਾਲ, ਸੁਖਬੀਰ ਸਿੰਘ ਕੱਕੜ, ਰਣਜੀਤ ਸਿੰਘ ਲੋਧੀ, ਨਿਰਮਲ ਸਿੰਘ ਨੂਰਪੁਰ, ਹਰਦੀਪ ਸਿੰਘ ਸ਼ਹੂਰਾ, ਫਤਹਿ ਸਿੰਘ ਲੋਪੋਕੇ, ਦਿਲਬਾਗ ਸਿੰਘ ਚੱਕ ਮਿਸ਼ਰੀ ਖਾਂ ਆਦਿ ਹਾਜ਼ਰ ਸਨ |
ਓਠੀਆਂ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪੁਤਲਾ ਫੂਕਿਆ
ਓਠੀਆਂ, (ਗੁਰਵਿੰਦਰ ਸਿੰਘ ਛੀਨਾ)-ਪੰਜਾਬ ਵਿਚ ਡੀ.ਏ.ਪੀ., ਯੂਰੀਆ ਦੀ ਕਿੱਲਤ ਅਤੇ ਪਟਿਆਲਾ ਵਿਖੇ ਪਿਛਲੇ ਦਿਨੀ ਪਾਵਰਕਾਮ ਦੇ ਲਾਇਨਮੈਨਾਂ ਵਲੋਂ ਨੌਕਰੀਆਂ ਮੰਗਣ 'ਤੇ ਉਨ੍ਹਾਂ 'ਤੇ ਪੰਜਾਬ ਸਰਕਾਰ ਦੇ ਪੁਲਿਸ ਮੁਲਾਜ਼ਮ ਵਲੋਂ ਕੀਤੇ ਗਏ ਲਾਠੀਚਾਰਜ ਅਤੇ ਪੈਟਰੋਲ ਡੀਜ਼ਲ ਤੇ ਗੈਸ ਦੀਆਂ ਵੱਧ ਦੀਆਂ ਕੀਮਤਾਂ 'ਤੇ ਅੱਜ ਕਸਬਾ ਓਠੀਆਂ ਦੇ ਅੱਡੇ 'ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ | ਇਸ ਮੌਕੇ ਜ਼ੋਨ ਅਜਨਾਲਾ ਦੇ ਪ੍ਰਧਾਨ ਸੁਖਜਿੰਦਰ ਸਿੰਘ ਹਰੜ, ਸੁਖ ਦਿਆਲ ਸਿੰਘ ਚੱਕ ਕਮਾਲ ਖਾਂ, ਗੁਰਮੇਤ ਸਿੰਘ ਡੱਬਰ, ਜਰਨੈਲ ਸਿੰਘ ਹਰੜ, ਰੁਪਿੰਦਰ ਸਿੰਘ ਮੁਹਾਰ, ਅਮਰੀਕ ਸਿੰਘ ਮੁਹਾਰ, ਬੂਟਾ ਸਿੰਘ ਭੱਗੂਪੁਰਾ, ਤਜਿੰਦਰ ਸਿੰਘ ਡੱਬਰ, ਬਲਦੇਵ ਸਿੰਘ ਓਠੀਆਂ, ਨਿਸ਼ਾਨ ਸਿੰਘ, ਕਾਰਜ ਸਿੰਘ, ਗੁਰਵਿੰਦਰ ਸਿੰਘ ਅਤੇ ਇਲਾਕੇ ਦੇ ਕਿਸਾਨਾਂ ਭਾਰੀ ਗਿਣਤੀ ਵਿਚ ਹਾਜ਼ਰ ਸਨ |
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
ਚੌਕ ਮਹਿਤਾ, (ਜਗਦੀਸ਼ ਸਿੰਘ ਬਮਰਾਹ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਮਹਿਤਾ ਦੇ ਪ੍ਰਧਾਨ ਰਣਧੀਰ ਸਿੰਘ ਬੁੱਟਰ, ਜ਼ੋਨ ਸਕੱਤਰ ਸ਼ਿਵਚਰਨ ਸਿੰਘ ਢਿੱਲੋਂ ਮਹਿਸਮਪੁਰ ਦੀ ਅਗਵਾਈ ਹੇਠ ਬਟਾਲਾ- ਬਿਆਸ ਰੋਡ ਜਾਮ ਕਰਕੇ ਕਸਬਾ ਮਹਿਤਾ ਚੌਂਕ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ | ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖ਼ਿਲਾਫ਼ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ ਤੇ ਪੁਤਲੇ ਨੂੰ ਅਗਨ ਭੇਂਟ ਕੀਤਾ | ਕਿਸਾਨ ਜਥੇਬੰਦੀ ਵਲੋਂ ਪਟਿਆਲਾ ਵਿਖੇ ਨੌਜਵਾਨਾਂ ਉੱਪਰ ਕੀਤੇ ਗਏ ਲਾਠੀਚਾਰਜ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਜਿੰਮੇਵਾਰ ਪੁਲਿਸ ਅਫਸਰਾਂ ਅਤੇ ਡੀ. ਐੱਸ. ਪੀ. ਨੂੰ ਬਰਖਾਸਤ ਕਰਨ ਦੀ ਮੰਗ ਕੀਤੀ | ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਨੇ ਦੱਸਿਆ ਕਿ ਪੂਰੇ ਭਾਰਤ ਵਿਚ ਕੇਂਦਰ ਸਰਕਾਰ ਵਲੋਂ ਬਿਨਾਂ ਸਹਿਮਤੀ ਤੋਂ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਜ਼ਬਰੀ ਕਬਜ਼ੇ ਕੀਤੇ ਜਾ ਰਹੇ ਹਨ ਦੂਜੇ ਪਾਸੇ ਝੋਨੇ ਦੀ ਲਵਾਈ ਦਾ ਸੀਜਨ ਸ਼ੁਰੂ ਹੋ ਗਿਆ ਹੈ ਪਰ ਮਾਰਕੀਟ ਵਿਚ ਖਾਦਾਂ ਦੀ ਵੱਡੀ ਕਿੱਲਤ ਪਾਈ ਜਾ ਰਹੀ ਹੈ | ਇਸ ਮੌਕੇ ਸਵਰਨ ਸਿੰਘ ਉਦੋਨੰਗਲ, ਮੁਖਤਾਰ ਸਿੰਘ ਫੌਜੀ ਅਰਜਨ ਮਾਂਗਾ, ਗੁਰਬਖਸ਼ ਸਿੰਘ ਨੰਗਲੀ, ਪ੍ਰੇਮ ਕੁਮਾਰ ਸਿੰਘ ਮਹਿਤਾ, ਹਰਗੋਪਾਲ ਸਿੰਘ ਮਹਿਸਮਪੁਰ ਖੁਰਦ, ਸ਼ਮਸ਼ੇਰ ਸਿੰਘ ਬੁੱਟਰ, ਲਖਵਿੰਦਰ ਸਿੰਘ ਮਹਿਤਾ ਚੌਂਕ, ਬੂਟਾ ਸਿੰਘ ਸੂਰੋਪੱਡਾ, ਗੁਰਮੀਤ ਸਿੰਘ ਜਲਾਲ ਉਸਮਾ ਆਦਿ ਹਾਜ਼ਰ ਸਨ |
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
ਗੱਗੋਮਾਹਲ, (ਬਲਵਿੰਦਰ ਸਿੰਘ ਸੰਧੂ)-ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਗੱਗੋਮਾਹਲ ਵਲੋਂ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਕਸਬਾ ਗੱਗੋਮਾਹਲ ਦੇ ਮੁੱਖ ਚੌਂਕ ਵਿਚ ਸਾੜਿਆ ਗਿਆ | ਇਸ ਮੌਕੇ ਜ਼ਿਲ੍ਹਾ ਆਗੂ ਗੁਰਦੇਵ ਸਿੰਘ ਗੱਗੋਮਾਹਲ, ਜ਼ੋਨ ਪ੍ਰਧਾਨ ਪ੍ਰਭਜੋਤ ਸਿੰਘ ਗੁਜਰਪੁਰਾ, ਜ਼ੋਨ ਸਕੱਤਰ ਜੋਗਿੰਦਰ ਸਿੰਘ ਫੱਤੇਵਾਲ ਵਲੋਂ ਦੱਸਿਆ ਗਿਆ ਕਿ ਪਟਿਆਲਾ ਵਿਚ ਨੌਕਰੀ ਦੀ ਮੰਗ ਕਰਦੇ ਬੇਰੁਜਗਾਰ ਬਿਜਲੀ ਮੁਲਾਜਮਾਂ ਤੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਪੁਲਿਸ ਵਲੋਂ ਕੀਤਾ ਤਸ਼ੱਦਦ ਅਬਦਾਲੀ ਦੀ ਯਾਦ ਕਰਾਉਂਦਾ ਹੈ | ਨਿਹੱਥੇ ਹੱਕ ਮੰਗਦੇ ਲੋਕਾਂ 'ਤੇ ਤਸ਼ੱਦਦ ਕਰਨ ਵਾਲੀ ਸਰਕਾਰ ਨੂੰ ਲੋਕ ਬਰਦਾਸ਼ਤ ਨਹੀਂ ਕਰਨਗੇ | ਉਨ੍ਹਾਂ ਮੰਗ ਕੀਤੀ ਕਿ ਬੇਰੁਜ਼ਗਾਰਾਂ 'ਤੇ ਲਾਠੀਚਾਰਜ ਕਰਨ ਵਾਲੇ ਪੁਲਿਸ ਮੁਲਾਜਮਾਂ ਖ਼ਿਲਾਫ਼ ਪਰਚਾ ਦਰਜ ਕੀਤਾ ਜਾਵੇ | ਇਸੇ ਤਰ੍ਹਾਂ ਕੇਂਦਰ ਸਰਕਾਰ ਵਲੋਂ ਡੀਜ਼ਲ, ਪੈਟਰੋਲ ਤੇ ਗੈਸ ਦੀਆਂ ਕੀਮਤਾਂ ਵਿਚ ਬੇਤਹਾਸ਼ਾ ਵਾਧਾ ਕਰਕੇ ਆਮ ਲੋਕਾਂ ਤੇ ਬੋਝ ਪਾਇਆ ਹੈ ਕਿਸਾਨ ਜੋ ਪਹਿਲਾ ਹੀ ਕਰਜੇ ਦੇ ਜੰਜਾਲ ਵਿਚ ਫਸਿਆ ਹੋਇਆ ਹੈ ਤੇ ਹੁਣ ਸਾਉਣੀ ਦੀ ਫ਼ਸਲ ਬੀਜਣ ਲਈ ਉਸ ਨੂੰ ਡੀਜ਼ਲ ਤੇ ਖਾਦ ਦੀ ਲੋੜ ਹੈ ਜਦੋਂ ਕਿ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ ਤੇ ਖਾਦਾਂ ਨਾਲ ਕੰਪਨੀਆਂ ਵਲੋਂ ਜਬਰਦਸਤੀ ਬੇਲੋੜੀਆਂ ਵਸਤਾ ਟੈਗ ਕੀਤੀਆਂ ਜਾ ਰਹੀਆਂ ਹਨ | ਪੰਜਾਬ ਤੇ ਕੇਂਦਰ ਦੀ ਸਰਕਾਰ ਇਕ ਮੱਤ ਹੋ ਕੇ ਕਾਰਪੋਰੇਟ ਘਰਾਣਿਆਂ ਹੱਕ ਵਿਚ ਖੜ੍ਹੀ ਹੋ ਕੇ ਕਿਸਾਨੀ ਨੂੰ ਬਰਬਾਦ ਕਰਨ ਲਈ ਤੁੱਲੀ ਹੋਈ ਹੈ ਜਿਸ ਨੂੰ ਦੇਸ਼ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ | ਉਨ੍ਹਾਂ ਸਮੂੰਹ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਇਕ ਮੱਤ ਹੋ ਕੇ ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਕਰਨ ਤਾਂ ਜੋ ਸਮੇਂ ਦੀਆਂ ਸਰਕਾਰਾਂ ਗੂੜੀ ਨੀਂਦ ਤੋਂ ਜਾਗ ਕੇ ਦੇਸ਼ ਵਾਸੀਆਂ ਦੇ ਹੱਕ ਵਿਚ ਕੰਮ ਕਰਨ ਲਈ ਮਜਬੂਰ ਹੋਣ | ਇਸ ਮੌਕੇ ਉਨ੍ਹਾਂ ਨਾਲ ਜਥੇਬੰਦੀ ਦੇ ਕਈ ਆਗੂ ਤੇ ਕਾਰਕੁੰਨ ਮੌਜੂਦ ਸਨ |
ਪਿਛਲੀ ਖ਼ਬਰ ਬਾਬਾ ਦੁਲੋ ਜੀ ਸ਼ਹੀਦ ਫੱਤੂਵਾਲ ਸਾਲਾਨਾ ਜੋੜ ਮੇਲਾ ਤੇ ਖੇਡ ਮੇਲਾ ਕਰਵਾਇਆ ਅਗਲੀ ਖ਼ਬਰ ਜਥੇਦਾਰ ਕੁਲਵੰਤ ਸਿੰਘ ਮੁਹਾਰ ਦੇ ਦਿਹਾਂਤ 'ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।