ਰਈਆ, 9 ਜੂਨ (ਸ਼ਰਨਬੀਰ ਸਿੰਘ ਕੰਗ)-ਬੀਤੀ ਸ਼ਾਮ ਰਈਆ ਵਿਖੇ ਇਕ ਨਵ ਵਿਆਹੁਤਾ ਵਲੋਂ ਪੱਖੇ ਨਾਲ ਫਾਹ ਲੈ ਕੇ ਆਪਣੀ ਜੀਵਨ ਲੀਲਾ ਖਤਮ ਕੀਤੇ ਜਾਣ ਦਾ ਦੁਖਦਾਈ ਸਮਾਚਾਰ ਹੈ | ਮਿ੍ਤਕਾ ਦੀ ਪਛਾਣ ਆਂਚਲ (26) ਪਤਨੀ ਹਰਜੀਪ੍ਰੀਤ ਸਿੰਘ ਵਾਸੀ ਰਈਆ ਪੁੱਤਰੀ ਕੁਲਦੀਪ ਸਿੰਘ ਵਾਸੀ ਪਿੰਡ ਜਿਮਜਮਾਂ, ਤਹਿਸੀਲ ਜੋਗਿੰਦਰ ਨਗਰ, ਜ਼ਿਲ੍ਹਾ ਮੰਡੀ, ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ | ਮੌਕੇ 'ਤੇ ਮੌਜੂਦ ਏ. ਐੱਸ. ਆਈ. ਨਰਿੰਦਰਪਾਲ ਸਿੰਘ ਬਦੇਸ਼ਾ ਨੇ ਦੱਸਿਆ ਕਿ ਮਿ੍ਤਕਾ ਦਾ ਪਤੀ ਜੋ ਮੋਟਰਸਾਈਕਲ ਰਿਪੇਅਰ ਦੀ ਦੁਕਾਨ ਕਰਦਾ ਹੈ ਨੇ ਸੋਮਵਾਰ ਦੀ ਸ਼ਾਮ ਸੱਤ ਕੁ ਵਜੇ ਆਪਣੀ ਪਤਨੀ ਨੂੰ ਫ਼ੋਨ ਕੀਤਾ ਪਰ ਉਸ ਨੇ ਫ਼ੋਨ ਨਹੀਂ ਚੁੱਕਿਆ, ਜਦ ਉਹ ਘਰ ਆਇਆ ਤਾਂ ਮਿ੍ਤਕਾ ਨੇ ਆਪਣੇ ਕਮਰੇ ਨੂੰ ਅੰਦਰ ਤੋਂ ਕੁੰਡੀ ਲਾਈ ਹੋਈ ਸੀ | ਫਿਰ ਉਹ ਸ਼ੀਸ਼ਾ ਤੋੜ ਕੇ ਅੰਦਰ ਦਾਖ਼ਲ ਹੋਇਆ ਤਾਂ ਉਸ ਦੀ ਪਤਨੀ ਪੱਖੇ ਨਾਲ ਲਟਕ ਰਹੀ ਸੀ | ਜਦ ਉਸ ਨੂੰ ਹੇਠਾਂ ਉਤਾਰਿਆ ਗਿਆ ਤਾਂ ਉਹ ਦਮ ਤੋੜ ਚੁੱਕੀ ਸੀ | ਇਨ੍ਹਾਂ ਦੋਹਾਂ ਦੀ ਦਸੰਬਰ 2025 ਵਿਚ ਸ਼ਾਦੀ ਹੋਈ ਸੀ ਤੇ ਇਨ੍ਹਾਂ ਦੀ ਲਵ ਮੈਰਿਜ ਸੀ | ਦੱਸਿਆ ਜਾ ਰਿਹਾ ਹੈ ਕਿ ਕਿ ਮਿ੍ਤਕਾ ਪੰਜ ਮਹੀਨੇ ਦੀ ਗਰਭਵਤੀ ਸੀ | ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ ਹੈ |