ਜੇਠੂਵਾਲ, 16 ਜੂਨ (ਮਿੱਤਰਪਾਲ ਸਿੰਘ ਰੰਧਾਵਾ)-ਸ਼੍ਰੋਮਣੀ ਅਕਾਲੀ ਦਲ ਐੱਸ. ਸੀ. ਵਿੰਗ ਦੇ ਕੌਮੀ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਜਥੇ. ਗੁਲਜਾਰ ਸਿੰਘ ਰਣੀਕੇ ਨੇ ਕਿਹਾ ਕਿ ‘ਆਪ’ ਸਰਕਾਰ ਵਲੋਂ ਬਦਲੇ ਦੀ ਭਾਵਨਾ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਪੁਲਿਸ ਥਾਣਾ ਮਜੀਠਾ ਵਿਖੇ ਦਰਜ ਕੀਤੇ ਕੇਸ ‘ਚ ਮਾਣਯੋਗ ਅਦਾਲਤ ਵਲੋਂ ਜ਼ਮਾਨਤ ਮਿਲਣ ਨਾਲ ਆਖਰ ਹੱਕ ਸੱਚ ਦੀ ਜਿੱਤ ਹੋਈ ਹੈ, ਪਰ ਸਰਕਾਰ ਮਜੀਠੀਆ ਦੀ ਲੋਕਾਂ ਵਿਚ ਵੱਧ ਰਹੀ ਚੜਤ ਨੂੰ ਨਹੀਂ ਰੋਕ ਸਕਦੀ। ਰਣੀਕੇ ਨੇ ਕਿਹਾ ਕਿ ਸ: ਮਜੀਠੀਆ ਸਮੇਤ ਹੋਰ ਅਕਾਲੀ ਆਗੂਆਂ ‘ਤੇ ਪੁਲਿਸ ਵਲੋਂ ਝੂਠੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅਦਾਲਤ ਵਲੋਂ ਮਜੀਠੀਆ ਦੇ ਹੱਕ ਵਿਚ ਸੁਣਾਏ ਫ਼ੈਸਲੇ ਨੇ ਸਰਕਾਰ ਵਲੋਂ ਕੀਤੇ ਜਾਂਦੇ ਝੂਠੇ ਪਰਚਿਆਂ ਦਾ ਪਰਦਾਫਾਸ਼ ਕੀਤਾ ਹੈ। ਅਤੇ ਆਮ ਆਦਮੀ ਪਾਰਟੀ ਨੇ ਬਦਲਾਅ ਦੀ ਆੜ ਹੇਠ ਸਰਕਾਰ ਬਣਾਈ ਸੀ ਪਰ ਸਤਾ ‘ਤੇ ਕਾਬਜ਼ ਹੋਣ ਤੋਂ ਬਾਅਦ ਇਹ ਸਰਕਾਰ ਰਾਜਸੀ ਵਿਰੋਧੀਆਂ ਨਾਲ ਨਿੱਜੀ ਕਿੜਾਂ ਕੱਢਣ ਲੱਗ ਪਈ ਹੈ, ਜਿਸ ਨੂੰ ਪੰਜਾਬ ਦੇ ਸੂਝਵਾਨ ਲੋਕ ਮੁੜ ਕਦੇ ਵੀ ਮੂੰਹ ਨਹੀਂ ਲਗਾਉਣਗੇ। ਸੂਬੇ ਦੇ ਲੋਕ ਹੁਣ 2027 ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ‘ਆਪ’ ਸਰਕਾਰ ਨੂੰ ਚੱਲਦਾ ਕਰਕੇ ਅਕਾਲੀ ਦਲ ਦੀ ਸਰਕਾਰ ਬਣਾ ਕੇ ਇਹ ਸਬੂਤ ਦੇਣਗੇ ਲੋਕ ਅਕਾਲੀ ਦਲ ਨਾਲ ਚਟਾਨ ਵਾਂਗ ਖੜੇ ਹਨ।
ਮਜੀਠੀਆ ਨੂੰ ਅਦਾਲਤ ਵਲੋਂ ਜ਼ਮਾਨਤ ਮਿਲਣ ਨਾਲ ਆਖਰ ਹੱਕ ਸੱਚ ਦੀ ਹੋਈ ਜਿੱਤ-ਰਣੀਕੇ
ਅਜੀਤ ਡੈਸਕ
17-06-2026