11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਵਿਧਵਾ ਨੇ ਧੱਕੇ ਨਾਲ ਜ਼ਮੀਨ ’ਤੇ ਕਬਜ਼ਾ ਕਰਨ ਦੇ ਲਗਾਏ ਦੋਸ਼, ਇਨਸਾਫ਼ ਦੀ ਕੀਤੀ ਮੰਗ

ਅਜੀਤ ਡੈਸਕ 04-07-2026
ਚੋਗਾਵਾਂ, 3 ਜੁਲਾਈ (ਗੁਰਵਿੰਦਰ ਸਿੰਘ ਕਲਸੀ)-ਬਲਾਕ ਚੋਗਾਵਾਂ ਅਧੀਨ ਆਉਂਦੇ ਪਿੰਡ ਖਿਆਲਾ ਖੁਰਦ ਦੀ ਵਿਧਵਾ ਰਜਵੰਤ ਕੌਰ ਪਤਨੀ ਸਵ: ਨਿਸ਼ਾਨ ਸਿੰਘ ਨੇ ਡੀ. ਜੀ. ਪੀ. ਪੰਜਾਬ, ਐੱਸ. ਐੱਸ. ਪੀ. ਦਿਹਾਤੀ ਅੰਮ੍ਰਿਤਸਰ ਸਮੇਤ ਹੋਰਨਾਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਦਰਖਾਸਤ ਦੀਆਂ ਕਾਪੀਆਂ ਭੇਜਦਿਆਂ ਆਪਣੇ ਨਾਲ ਹੋ ਰਹੀ ਧੱਕੇਸ਼ਾਹੀ ਖ਼ਿਲਾਫ਼ ਇਨਸਾਫ ਦੀ ਗੁਹਾਰ ਲਗਾਈ ਹੈ। ਇਸ ਸੰਬੰਧੀ ਦੋਸ਼ ਲਗਾਉਂਦਿਆਂ ਵਿਧਵਾ ਰਜਵੰਤ ਕੌਰ ਨੇ ਦੱਸਿਆ ਕਿ ਉਸ ਦੇ ਦੋ ਬੇਟੇ ਤੇ ਇਕ ਧੀ ਹੈ। ਉਸਦੇ ਪਤੀ ਨਿਸ਼ਾਨ ਸਿੰਘ ਨੇ ਆਪਣੇ ਬੇਟੇ ਗੁਰ ਅਮਨਜੀਤ ਸਿੰਘ ਅਤੇ ਬਿਕਰਮਜੀਤ ਸਿੰਘ ਬਰਾਬਰ ਦੀ ਜ਼ਮੀਨ ਜਾਇਦਾਦ ਵੰਡ ਕੇ ਦਿੱਤੀ। ਉਨ੍ਹਾਂ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਗੁਰਅਮਨਜੀਤ ਸਿੰਘ ਧੱਕੇ ਨਾਲ ਬਿਕਰਮਜੀਤ ਸਿੰਘ ਦੀ ਖਿਆਲਾ ਖੁਰਦ ਤੇ ਕੋਹਾਲੀ ਵਿਚ 29 ਕਨਾਲਾਂ 5 ਮਰਲੇ ਜ਼ਮੀਨ ‘ਤੇ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦਾ ਹੈ। ਮੇਰੇ ਖਾਤੇ ’ਚੋਂ ਧੱਕੇ ਨਾਲ 9 ਲੱਖ 50 ਹਜ਼ਾਰ ਰੁਪਏ ਕੱਢਵਾ ਲਏ। ਮੈਨੂੰ ਤੇ ਮੇਰੇ ਬੇਟੇ ਬਿਕਰਮਜੀਤ ਸਿੰਘ ਨੂੰ ਧਮਕੀਆਂ ਦਿੰਦਾ ਹੈ। ਬੀਤੀ ਦਿਨੀ ਗੁਰਅਮਨਜੀਤ ਸਿੰਘ ਤਦਾਤਰ ਕਿਰਪਾਨਾਂ ਤੇ ਹਥਿਆਰਾਂ ਨਾਲ ਲੈਸ ਹੋ ਕੇ ਬਿਕਰਮਜੀਤ ਸਿੰਘ ਦੀ ਜ਼ਮੀਨ ਟਰੈਕਟਰ ਨਾਲ ਵਾਹੀ। ਪੁਲਿਸ ਮੌਕੇ ‘ਤੇ ਪਹੁੰਚ ਕੇ ਰੋਕ ਕੇ ਗਈ। ਅੱਜ ਫਿਰ ਹਥਿਆਰ ਨਾਲ ਲੈਸ ਹੋ ਕੇ ਵਿਅਕਤੀਆਂ ਨੂੰ ਨਾਲ ਲੈ ਕੇ ਉਕਤ ਜ਼ਮੀਨ ਵਾਹੀ। ਉਨ੍ਹਾਂ ਕਿਹਾ ਕਿ ਮੇਰਾ ਬੇਟਾ ਬਿਕਰਮਜੀਤ ਸਿੰਘ ਵਿਦੇਸ਼ ਰਹਿ ਰਿਹਾ ਹੈ। ਮੈਂ ਦਰ ਦਰ ਦੀਆਂ ਠੋਕਰਾਂ ਖਾ ਰਹੀ ਹਾਂ। ਪਰ ਮੇਰੀ ਕਿਧਰੇ ਸੁਣਵਾਈ ਨਹੀਂ ਹੋ ਰਹੀ। ਜੇਕਰ ਸਾਡਾ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਗੁਰਅਮਨਜੀਤ ਸਿੰਘ ਹੋਵੇਗਾ। ਇਸ ਸੰਬੰਧੀ ਵਿਰੋਧੀ ਧਿਰ ਦੇ ਗੁਰ ਅਮਨਜੀਤ ਸਿੰਘ ਨੇ ਉਕਤ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਜਦੋਂ ਉਨ੍ਹਾਂ ਦੇ ਪਿਤਾ ਨਿਸ਼ਾਨ ਸਿੰਘ ਨੇ ਸਾਂਝੇ ਪੈਸਿਆਂ ਵਿਚੋਂ ਬਿਕਰਮਜੀਤ ਸਿੰਘ ਨੂੰ 55 ਲੱਖ ਰੁਪਏ ਲਗਾ ਕੇ ਵਿਦੇਸ਼ ਭੇਜਿਆ। ਮੈਨੂੰ ਉਕਤ ਜ਼ਮੀਨ 12 ਸਾਲਾਂ ਲਈ ਵਾਹੁਣ ਨੂੰ ਦੇ ਦਿੱਤੀ। ਉਨ੍ਹਾਂ ਉਲਟਾ ਦੋਸ਼ ਲਗਾਇਆ ਕਿ ਸੰਦੀਪ ਸਿੰਘ ਤੇ ਸੁਰਿੰਦਰ ਸਿੰਘ ਨੇ ਹਥਿਆਰਾਂ ਨਾਲ ਲੈਸ ਹੋ ਕੇ ਆਪਣੇ ਨਾਲ ਵਿਅਕਤੀਆਂ ਨੂੰ ਲੈ ਕੇ ਮੇਰੇ ’ਤੇ ਟਰੈਕਟਰ ਚਾੜਨ ਦੀ ਕੋਸ਼ਿਸ਼ ਕੀਤੀ। ਮੇਰੀ ਮਾਤਾ ਜ਼ਮੀਨ ਵੇਚ ਰਹੀ ਹੈ। ਜਿਸ ਕਰਕੇ ਮੈਂ ਉਕਤ ਜ਼ਮੀਨ ਦਾ ਅਦਾਲਤ ਤੋਂ ਸਟੇਅ ਵੀ ਲਿਆਂਦਾ ਹੈ। ਉਨ੍ਹਾਂ ਕਿਸੇ ਦੇ ਖਾਤੇ ’ਚੋਂ ਕੋਈ ਵੀ 9 ਲੱਖ 50 ਹਜ਼ਾਰ ਨਹੀਂ ਕੱਢਵਾਇਆ। ਇਸ ਸੰਬੰਧੀ ਚੌਕੀ ਇੰਚਾਰਜ ਜੋਗਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਉਕਤ ਜ਼ਮੀਨ ਦੇ ਝਗੜੇ ਸੰਬੰਧੀ ਇਤਲਾਹ ਮਿਲੀ ਸੀ। ਮੌਕੇ ‘ਤੇ ਪਹੁੰਚ ਕੇ ਦੋਵਾਂ ਧਿਰਾਂ ਨੂੰ ਚੌਕੀ ਰਾਮ ਤੀਰਥ ਬੁਲਾਇਆ ਗਿਆ ਸੀ ਪਰ ਦੂਜੀ ਧਿਰ ਨਹੀਂ ਆਈ। ਪੂਰੀ ਜਾਂਚ ਪੜਤਾਲ ਕਰਵਾ ਕੇ ਜੋ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਬੀਬੀ ਕੁਲਦੀਪ ਕੌਰ ਬੁਤਾਲਾ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਹੈਰੋਇਨ ਤੇ 500 ਰੁਪਏ ਡਰੱਗ ਮਨੀ ਸਮੇਤ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।