15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਦੇ ਗੁਰੂ ਬਾਜ਼ਾਰ ’ਚ ਮਾੜਾ ਮਟੀਰੀਅਲ ਲਾਉਣ ਦਾ ਮਾਮਲਾ ਮੁੜ ਗਰਮਾਇਆ

ਅਜੀਤ ਡੈਸਕ 11-07-2026
ਬਾਬਾ ਬਕਾਲਾ ਸਾਹਿਬ, 10 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਦੇ ਮੇਨ ਬਾਜ਼ਾਰ ਨੂੰ ਸੁੰਦਰੀਕਰਨ ਦੇ ਨਾਂ ਹੇਠ ਸੜਕ ‘ਤੇ ਮਾੜਾ ਮਟੀਰੀਅਲ ਵਰਤਣ ਨੂੰ ਲੈ ਕੇ ਸਥਾਨਕ ਦੁਕਾਨਦਾਰਾਂ ਵਲੋਂ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਰੋਸ ਵਿਖਾਵੇ ਵੀ ਕੀਤੇ ਗਏ ਅਤੇ ਫਿਰ ਬਾਜ਼ਾਰ ਵਿਚ ਚੰਗਾ ਮਟੀਰੀਅਲ ਵਰਤਣ ਦਾ ਭਰੋਸਾ ਵੀ ਦਿੱਤਾ ਗਿਆ, ਪਰ ਅੱਜ ਜਦੋਂ ਦੁਬਾਰਾ ਕੰਮ ਸ਼ੁਰੂ ਹੋਇਆ ਤਾਂ ਸਥਾਨਕ ਬਾਜ਼ਾਰ ਨਿਵਾਸੀਆਂ ਅਤੇ ਲੋਕਾਂ ਨੇ ਮੁੜ ਤੋਂ ਇਸ ਬਾਜ਼ਾਰ ਵਿਚ ਲੱਗਣ ਵਾਲੇ ਮਾੜੇ ਮਟੀਰੀਅਲ ਕਾਰਣ ਕੰਮ ਨੂੰ ਰੋਕ ਦਿੱਤਾ ਗਿਆ। ਇਸ ਮੌਕੇ ਕੌਂਸਲਰ ਕੁਲਵੰਤ ਸਿੰਘ ਰੰਧਾਵਾ, ਗੁਰਮੀਤ ਸਿੰਘ ਪਨੇਸਰ, ਕਰਮ ਸਿੰਘ, ਸੁਖਚੈਨ ਸਿੰਘ ਗਿੱਲ (ਚਾਰੋਂ ਕੌਂਸਲਰ) ਅਤੇ ਬਜ਼ਾਰ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ, ਬਲਕਾਰ ਸਿੰਘ ਬੱਲਾ ਆਦਿ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਇਸ ਧਰਤੀ ਤੇ ਮੇਨ ਬਾਜ਼ਾਰ ਨੂੰ ਸੁੰਦਰ ਦਿੱਖ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਵਲੋਂ ਕਰੋੜਾਂ ਰੁਪਏ ਦੇ ਫੰਡ ਜਾਰੀ ਕੀਤੇ ਗਏ ਹਨ, ਪਰ ਅਫਸੋਸ ਹੈ ਕਿ ਜਿੱਥੇ ਵਿਕਾਸ ਕਾਰਜ ਬਹੁਤ ਹੀ ਧੀਮੀ ਗਤੀ ਨਾਲ ਚੱਲ ਰਹੇ ਹਨ, ਉਥੇ ਚੰਗਾ ਮਟੀਰੀਅਲ ਵਰਤਣ ਦਾ ਵਾਅਦਾ ਕਰਕੇ ਮੁੜ ਤੋਂ ਮਾੜਾ ਮਟੀਰੀਅਲ ਲਾਇਆ ਜਾ ਰਿਹਾ ਹੈ, ਜਿਸ ਨਾਲ ਗੁਰੂ ਘਰ ਨੂੰ ਦਰਸ਼ਨ ਕਰਨ ਆਉਣ ਵਾਲੀ ਸੰਗਤਾਂ ਨੂੰ ਵੱਡੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਲਗਭਗ ਤਿੰਨ ਮਹੀਨੇ ਤੋਂ ਬਾਜ਼ਾਰ ਵਿਚੋਂ ਇੰਟਰਲਾਕ ਟਾਈਲ ਪੁੱਟ ਦਿੱਤੀਆਂ ਗਈਆਂ, ਹੁਣ ਉਥੇ ਇਸਤੇਮਾਲ ਕੀਤੇ ਜਾ ਰਹੇ ਮਟੀਰੀਅਲ ਦੀ ਮਿਕਦਾਰ ਸਹੀ ਨਾ ਹੋਣ ਕਰਕੇ ਧੂੜ ਮਿੱਟੀ ਉੱਡ ਰਹੀ ਹੈ, ਜੋ ਦੁਕਾਨਦਾਰਾਂ ਅਤੇ ਗੁਰੂ ਘਰ ਆਉਣ ਵਾਲੇ ਯਾਤਰੂਆਂ ਸਿਰ ਪੈ ਰਹੀ ਹੈ। ਸਰਕਾਰ ਵਲੋਂ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਸਰਕਾਰ ਵਲੋਂ ਮੇਨ ਬਾਜ਼ਾਰ ਨੂੰ ਸੁੰਦਰੀਕਰਨ ਲਈ 3 ਕਰੋੜ, 30 ਲੱਖ 51 ਹਜ਼ਾਰ ਦੀ ਗ੍ਰਾਂਟ ਮਨਜੂਰ ਹੋਏ ਹਨ, ਪਰ ਜੋ ਟਾਇਲਾਂ ਬਜ਼ਾਰ ਵਿਚ ਲਗਾਉਣ ਲਈ ਲਿਆਂਦੀਆਂ ਗਈਆਂ ਹਨ, ਬਹੁਤ ਹੀ ਘਟੀਆ ਗੁਣਵੱਤਾ ਦੀਆਂ ਹਨ ਅਤੇ ਹੱਥਾਂ ਨਾਲ ਹੀ ਤੋੜੀਆਂ ਜਾ ਰਹੀਆਂ ਹਨ । ਪਹਿਲਾਂ ਲਗਾਈਆਂ ਗਈਆਂ ਟਾਈਲਾਂ ਇਹ ਕਹਿ ਕੇ ਉਖਾੜ ਦਿੱਤੀਆਂ ਗਈਆਂ ਸਨ ਕਿ ਅੰਮ੍ਰਿਤਸਰ ਦੀ ਵਿਰਾਸਤੀ ਗਲੀ ਵਾਂਗ ਇੱਥੇ ਸੰਗਮਰਮਰ ਲਗਾਇਆ ਜਾਵੇਗਾ, ਪਰ ਹੁਣ ਬਾਜ਼ਾਰ ਵਿਚ ਲਿਆਂਦੀਆਂ ਗਈਆਂ ਟਾਈਲਾਂ ਪਹਿਲਾਂ ਨਾਲੋਂ ਵੀ ਮਾੜੀਆਂ ਹਨ। ਬਾਜ਼ਾਰ ਵਾਸੀਆਂ ਨੇ ਐਲਾਨ ਕੀਤਾ ਕਿ ਭਲਕੇ 11 ਜੁਲਾਈ ਨੂੰ ਸਾਰਾ ਬਾਜ਼ਾਰ ਬੰਦ ਕੀਤਾ ਜਾਵੇਗਾ ਅਤੇ ਨਗਰ ਪੰਚਾਇਤ ਦੇ ਸਾਹਮਣੇ ਰੋਸ ਵਿਖਾਵਾ ਕੀਤਾ ਜਾਵੇਗਾ। ਜੇਕਰ ਫਿਰ ਵੀ ਸਰਕਾਰ ਨੇ ਸੜਕ ਲਈ ਚੰਗਾ ਮਟੀਰੀਅਲ ਨਾ ਵਰਤਿਆ ਗਿਆ ਤਾਂ ਚੱਕਾ ਜਾਮ ਕੀਤਾ ਜਾਵੇਗਾ । ਇਸ ਮੌਕੇ ਬਾਜ਼ਾਰ ਕਮੇਟੀ ਦੇ ਹੋਰਨਾਂ ਤੋਂ ਇਲਾਵਾ ਰਾਜਵੰਤ ਸਿੰਘ ਰਾਜੂ, ਸਵਰਨਜੀਤ ਸਿੰਘ ਕੰਬੋ, ਦਲਬੀਰ ਸਿੰਘ ਇਲੈਕਟ੍ਰੋਨਿਕਸ, ਰਵੀ ਬਰਤ ਸਟੋਰ, ਦਲਬੀਰ ਸਿੰਘ, ਸਵਰਨ ਸਿੰਘ ਕਾਲਾ, ਤਰਸੇਮ ਸਿੰਘ ਬੱਬੂ, ਮਨਜੀਤ ਸਿੰਘ ਧਾਮੀ ਪ੍ਰਦਾਨ ਗੁਰਦਿਆਲ ਸਿੰਘ ਸਮੇਤ ਹੋਰ ਦੁਕਾਨਦਾਰ ਹਾਜ਼ਰ ਸਨ ।
ਕੀ ਕਹਿਣਾ ਹੈ ਪ੍ਰਧਾਨ ਸੁਰਜੀਤ ਸਿੰਘ ਕੰਗ ਦਾ : ਇਸ ਸੰਬੰਧੀ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਸੁਰਜੀਤ ਸਿੰਘ ਕੰਗ ਨੇ ਕਿਹਾ ਕਿ ਬਾਜ਼ਾਰ ਵਾਸੀਆਂ ਦੇ ਰੋਸ ਉਪਰੰਤ ਅਸੀਂ ਦੁਬਾਰਾ ਚੰਗਾ ਮਟੀਰੀਅਲ ਹੀ ਮੰਗਵਾਇਆ ਹੈ ਪਰ ਜੇਕਰ ਅਜੇ ਵੀ ਬਾਜ਼ਾਰ ਵਾਸੀਆਂ ਨੂੰ ਇਹ ਮਟੀਰੀਅਲ ਪਸੰਦ ਨਹੀਂ ਤਾਂ ਉਹ ਖੁਦ ਮਟੀਰੀਅਲ ਦੀ ਖਰੀਦ ਕਰ ਲੈਣ ਅਸੀਂ ਉਸਦੇ ਪੈਸੇ ਦੇ ਦੇਵਾਂਗੇ।
ਪਿਛਲੀ ਖ਼ਬਰ ‘ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਰਸੂਲਪੁਰ ਕਲਾਂ ’ਚ ਭਰਵੀਂ ਇਸਤਰੀ ਇਕੱਤਰਤਾ ਅਗਲੀ ਖ਼ਬਰ ਸਠਿਆਲਾ ਵਿਖੇ ਡੀਪੂ ਰਾਹੀ ਵੰਡੀ ਮਾੜੀ ਕਣਕ ਮਿਲਣ ’ਤੇ ਲਾਭਪਾਤਰਾਂ ’ਚ ਭਾਰੀ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।