25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਸਮੂਹ ਬਿਜਲੀ ਕਾਮੇ ਮੰਗਾਂ ਦੇ ਸੰਬੰਧ ’ਚ ਦੋ ਦਿਨ ਦੀ ਸਮੂਹਿਕ ਛੁੱਟੀ ’ਤੇ ਗਏ, ਮਜੀਠਾ ’ਚ ਦੋ ਦਿਨ ਦਫ਼ਤਰ ਰਹੇ ਬੰਦ

ਅਜੀਤ ਡੈਸਕ 22-07-2026

ਮਜੀਠਾ, 21 ਜੁਲਾਈ (ਮਨਿੰਦਰ ਸਿੰਘ ਸੋਖੀ)- ਬਿਜਲੀ ਵਿਭਾਗ ’ਚ ਕੰਮ ਕਰਦੀਆਂ ਵੱਖ-ਵੱਖ ਜਥੇਬੰਦੀਆਂ ਦੇ ਸੱਦੇ ’ਤੇ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੇ ਮੁਲਾਜ਼ਮ ਤੇ ਲੋਕ ਵਿਰੋਧੀ ਰਵੱਈਏ ਵਿਰੁੱਧ ਅਤੇ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਮਨਵਾਉਣ ਲਈ ਸਮੂਹ ਬਿਜਲੀ ਕਾਮਿਆਂ ਨੇ ਦੋ ਦਿਨ ਦੀ ਸਮੂਹਿਕ ਛੁੱਟੀ ’ਤੇ ਜਾ ਕੇ ਸਬ ਡਵੀਜ਼ਨ ਮਜੀਠਾ ਦੇ ਗੇਟ’ਤੇ ਰੋਹ ਭਰਪੂਰ ਰੈਲੀ ਕੀਤੀ । ਇਸ ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਸਾਮਰਾਜੀ ਦਿਸ਼ਾ ਨਿਰਦੇਸ਼ਿਤ ਨੀਤੀਆਂ ਤਹਿਤ ਨਿੱਜੀਕਰਨ ਦਾ ਹੱਲਾ ਵਿੱਢਿਆ ਹੋਇਆ ਹੈ, ਇਸੇ ਨੀਤੀ ਤਹਿਤ ਹੀ ਮੁਲਾਜ਼ਮ ਤੇ ਮਜ਼ਦੂਰ ਪੱਖੀ ਕਿਰਤ ਕਾਨੂੰਨਾਂ ’ਚ ਵੱਡੀਆਂ ਤਬਦੀਲੀਆਂ ਕਰਕੇ ਕਿਰਤ ਦੀ ਲੁੱਟ ਕਰਨ ਲਈ ਚਾਰ ਲੇਬਰ ਕੋਡ ਪਾਸ ਕੀਤੇ ਗਏ ਹਨ, ਤਨਖਾਹਾਂ ਦਾ ਬੁਨਿਆਦੀ ਢਾਂਚਾ ਬਦਲ ਕੇ ਘੱਟ ਤੋਂ ਘੱਟ ਤਨਖਾਹ ਦੇਣ ਦਾ ਫਾਰਮੂਲਾ ਲਾਗੂ ਕੀਤਾ ਜਾ ਰਿਹਾ ਹੈ। ਇਸੇ ਨੀਤੀ ਤਹਿਤ ਹੀ ਪੰਜਾਬ ਸਰਕਾਰ ਵਲੋਂ 17-07-2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਬਰਾਬਰ ਕੰਮ ਲਈ ਬਰਾਬਰ ਤਨਖ਼ਾਹ ਦਾ ਫਾਰਮੂਲਾ ਰੱਦ ਕਰਕੇ ਕੇਂਦਰ ਸਰਕਾਰ ਦੇ ਸੱਤਵੇਂ ਪੇਅ ਸਕੇਲ ਰਾਹੀਂ ਤਨਖ਼ਾਹ ਦੇਣ ਦਾ ਫਾਰਮੂਲਾ ਲਾਗੂ ਕੀਤਾ ਜਾ ਰਿਹਾ ਹੈ। ਆਗੂਆਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਨ੍ਹਾਂ ਮੰਗਾਂ ਮਸਲਿਆਂ ਦਾ ਸੰਜੀਦਗੀ ਨਾਲ ਨਿਪਟਾਰਾ ਨਾ ਕੀਤਾ ਤਾਂ ਜਥੇਬੰਦੀਆਂ ਇਸ ਸਮੂਹਿਕ ਛੁੱਟੀ ਦੇ ਫ਼ੈਸਲੇ ਨੂੰ ਅੱਗੇ ਵਧਾਉਣ ਲਈ ਮਜਬੂਰ ਹੋਣਗੀਆਂ । ਇਸ ਰੋਸ ਰੈਲੀ ਨੂੰ ਸਾਥੀ ਕੁੰਦਨ ਲਾਲ ਹਰੀਆਂ, ਸੁਖਪਾਲ ਸਿੰਘ ਮਜੀਠਾ, ਗੁਰਪ੍ਰੀਤ ਸਿੰਘ ਸੋਹੀਆਂ ਕਲਾਂ, ਰਾਕੇਸ਼ ਕੁਮਾਰ ਤਰਗੜ, ਲਖਵਿੰਦਰ ਸਿੰਘ ਭੋਮਾ, ਪ੍ਰਦੀਪ ਸਿੰਘ ਨਾਗ ਕਲਾਂ, ਅਮਰੀਕ ਸਿੰਘ ਲੁਹਾਰਕਾ ਨੇ ਸੰਬੋਧਨ ਕੀਤਾ।

ਪਿਛਲੀ ਖ਼ਬਰ ਸਰਹੱਦੀ ਪਿੰਡ ਗਾਗਰਮੱਲ ਤੋਂ ਤੀਰਥ ਯਾਤਰਾ ਬੱਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਅਗਲੀ ਖ਼ਬਰ ਭਾਕਿਯੂ ਏਕਤਾ ਉਗਰਾਹਾਂ ਨੇ ਸਾੜੇ ਕੇਂਦਰ ਸਰਕਾਰ ਦੇ ਪੁਤਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।