ਸਠਿਆਲਾ, 31 ਜੁਲਾਈ (ਜਗੀਰ ਸਿੰਘ ਸਫਰੀ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅਧੀਨ ਚੱਲ ਰਹੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਵਿਖੇ ਉਪ-ਕੁਲਪਤੀ ਪ੍ਰੋਫੈਸਰ (ਡਾ.) ਕਰਮਜੀਤ ਸਿੰਘ ਅਤੇ ਡੀਨ ਵਿਕਾਸ ਕੌਂਸਲ, ਪ੍ਰੋਫੈਸਰ (ਡਾ.) ਸਰੋਜ ਅਰੋੜਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਯੋਗ ਅਗਵਾਈ ਅਤੇ ਕਾਲਜ ਇੰਚਾਰਜ ਡਾ. ਹਰਸਿਮਰਨ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬੀ.ਏ. ਦੂਜੇ ਸਮੈਸਟਰ ਦੇ ਵਿਦਿਆਰਥੀ ਪ੍ਰਭਜੋਤ ਸਿੰਘ ਬੱਲ ਵਲੋਂ 24000 ਦੀ ਸਕਾਲਰਸ਼ਿਪ ਪ੍ਰਾਪਤ ਕੀਤੀ ਗਈ ਹੈ । ਇਹ ਸਕਾਲਰਸ਼ਿਪ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ, ਸਿੱਖ ਐਜੂਕੇਸ਼ਨ ਸੁਸਾਇਟੀ ਅਤੇ ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨਸ ਯੂ.ਐੱਸ.ਏ. ਦੇ ਸਹਿਯੋਗ ਨਾਲ ਪ੍ਰਾਪਤ ਕੀਤੀ ਗਈ ਹੈ । ਇੱਥੇ ਇਹ ਵੀ ਵਰਨਣਨਯੋਗ ਹੈ ਕਿ ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਯੂ.ਐਸ.ਏ. ਦੀ ਐਗਜ਼ੀਕਿਊਟਿਵ ਡਾਇਰੈਕਟਰ ਅਤੇ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਦੇ ਮੈਂਬਰ ਗੁਰਮੀਤ ਸਿੰਘ ਬਰਾੜ ਅਤੇ ਪ੍ਰੋਗਰਾਮ ਕੋਆਰਡੀਨੇਟਰ ਮੈਡਮ ਪ੍ਰਭਲੀਨ ਕੌਰ ਵਲੋਂ ਇਸ ਸਕਾਲਰਸ਼ਿਪ ਦੇ ਸਮੁੱਚੇ ਪ੍ਰਬੰਧ ਨੂੰ ਚਲਾਉਣ ’ਚ ਅਹਿਮ ਭੂਮਿਕਾ ਅਦਾ ਕੀਤੀ ਗਈ ਹੈ । ਇਸ ਸਾਲ 2026 ’ਚ ਪਹਿਲੀ ਵਾਰੀ ਆਨਲਾਈਨ ਫਾਰਮ ਦੇ ਆਧਾਰ ’ਤੇ 1700 ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਾਪਤ ਹੋਈ ਹੈ । ਇਸ ਸਕਾਲਰਸ਼ਿਪ ਨੂੰ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਵਲੋਂ ਲਿਖਤੀ ਟੈਸਟ ਦੇ ਨਾਲ ਨਾਲ ਇੰਟਰਵਿਊ ਪਾਸ ਕਰਕੇ ਇਹ ਸਕਾਲਰਸ਼ਿਪ ਪ੍ਰਾਪਤ ਕੀਤੀ । ਇਸ ਸਕਾਲਰਸ਼ਿਪ ਲਈ 3 ਲੱਖ ਤੋਂ ਘੱਟ ਇਨਕਮ ਵਾਲੇ ਅਤੇ 60% ਤੋਂ ਵੱਧ ਨੰਬਰ ਲੈਣ ਵਾਲੇ ਵਿਦਿਆਰਥੀ ਅਪਲਾਈ ਕਰ ਸਕਦੇ ਹਨ । ਕਾਲਜ ਇੰਚਾਰਜ ਡਾ. ਹਰਸਿਮਰਨ ਕੌਰ ਨੇ ਪ੍ਰਭਜੋਤ ਸਿੰਘ ਬੱਲ ਵਲੋਂ ਪ੍ਰਾਪਤ ਕੀਤੀ ਇਸ ਸਕਾਲਰਸ਼ਿਪ ਦੇ ਆਧਾਰ ’ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਅਤੇ ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨਸ ਯੂ.ਐੱਸ.ਏ. ਵਲੋਂ ਲੋੜਵੰਦ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਕਾਲਰਸ਼ਿਪ ਦਾ ਸਮਾਜ ਸੇਵੀ ਕਾਰਜ ਸ਼ਲਾਘਾਯੋਗ ਹੈ । ਇਸ ਮੌਕੇ ਉਨ੍ਹਾਂ ਨੇ ਕਾਲਜ ਦੇ ਵਿਦਿਆਰਥੀ ਪ੍ਰਭਜੋਤ ਸਿੰਘ ਬੱਲ ਨੂੰ ਵਧਾਈ ਦਿੰਦਿਆਂ ਸਨਮਾਨਿਤ ਵੀ ਕੀਤਾ । ਇਸ ਮੌਕੇ ਕਾਲਜ ਸਟਾਫ ’ਚ ਮਨੂਬਾਲਾ ਤੇ ਹੀਰਾ ਲਾਲ ਵੀ ਮੌਜੂਦ ਸਨ ।