ਰਾਜਪੁਰਾ, 12 ਫਰਵਰੀ (ਰਣਜੀਤ ਸਿੰਘ)-ਇਥੋਂ ਦੇ ਮਿੰਨੀ ਸਕੱਤਰੇਤ ਵਿਖੇ ਐੱਸ.ਡੀ.ਐਮ. ਦਫਤਰ ਮੂਹਰੇ ਟਰੇਡ ਯੂਨੀਅਨਾਂ ਅਤੇ ਕਿਸਾਨ ਜਥੇਬੰਦੀਆਂ ਨੇ ਸਰਕਾਰ ਦੇ ਪੁਤਲੇ ਸਾੜ ਕੇ ਨਾਅਰੇਬਾਜੀ ਕੀਤੀ | ਇਸ ਮੌਕੇ ਵੱਡੀ ਗਿਣਤੀ ਵਿਚ ਔਰਤ ਆਗੂ ਵੀ ਹਾਜ਼ਰ ਸਨ | ਜਾਣਕਾਰੀ ਮੁਤਾਬਕ ਅੱਜ ਟਰੇਡ ਯੂਨੀਅਨਾਂ ਅਤੇ ਕਿਸਾਨ ਜਥੇਬੰਦੀਆਂ ਦਾ ਇਕ ਮੰਚ 'ਤੇ ਆਂਊਣਾ ਵੱਡੇ ਜਨਤਕ ਰੋਸ ਵੱਲ ਇਸ਼ਾਰਾ ਕਰਦਾ ਹੈ | ਇਹ ਸਾਂਝਾ ਸੰਘਰਸ਼ ਸਿਰਫ ਖੇਤੀਬਾੜੀ ਤੱਕ ਨਹੀ ਬਲਕਿ ਕਿਰਤੀਆਂ ਅਤੇ ਆਮ ਲੋਕਾਂ ਦੇ ਹੱਕਾਂ ਦੀ ਲੜਾਈ ਵੀ ਹੈ | ਇਸ ਮੌਕੇ ਵੱਖ ਵੱਖ ਆਗੂਆਂ ਨੇ ਕੇਂਦਰ ਸਰਕਾਰ ਦੁਆਰਾ ਅਮਰੀਕਾ ਨਾਲ ਕੀਤੇ ਗਏ ਤਾਜਾ ਵਪਾਰਕ ਸਮਝੌਤੇ ਵਿਰੁਧ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ | ਜਥੇਬੰਦੀਆਂ ਨੇ ਦੋਸ਼ ਲਾਇਆ ਕਿ ਇਹ ਸਮਝੌਤਾ ਭਾਰਤ ਦੀ ਖੇਤੀ ਬਾੜੀ, ਸਿਹਤ ਅਤੇ ਰੁਜਗਾਰ ਦੇ ਖੇਤਰ ਨੂੰ ਅਮਰੀਕੀ ਕਾਰਪੋਰੇਟ ਘਰਾਣਿਆ ਦੇ ਹਵਾਲੇ ਕਰਨ ਦੀ ਇਕ ਡੁੂੰਘੀ ਸਾਜਸ਼ ਹੈ | ਆਗੁੂਆਂ ਨੇ ਕਿਹਾ ਕਿ ਅਮਰੀਕਾ ਲੰਮੇ ਸਮੇਂ ਤੋਂ ਭਾਰਤ ਦੀ ਐੱਮ.ਐੱਸ.ਪੀ. ਪ੍ਰਣਾਲੀ ਅਤੇ ਜਨਤਕ ਵੰਡ ਪ੍ਰਣਾਲੀ ਨੂੰ ਖਤਮ ਕਰਨ ਲਈ ਦਬਾਅ ਪਾ ਰਿਹਾ ਹੈ | ਆਗੂਆਂ ਨੇ ਕਿਹਾ ਕਿ ਇਸ ਸਮਝੌਤੇ ਵਿਚ ਦੇਸ਼ ਦਾ ਕਿਸਾਨ ਬਰਬਾਦ ਹੋ ਜਾਵੇਗਾ | ਉਨ੍ਹਾਂ ਨੇ ਖਦਸ਼ਾ ਜਾਹਿਰ ਕਰਦਿਆਂ ਕਿਹਾ ਕਿ ਅਮਰੀਕੀ ਡੇਅਰੀ ਉਤਪਾਦਾਂ ਦੀ ਭਾਰਤੀ ਬਜਾਰਾਂ ਵਿਚ ਬਿਨਾਂ ਰੋਕ ਟੋਕ ਐਂਟਰੀ ਪੰਜਾਬ ਅਤੇ ਭਾਰਤ ਦੇ ਲੱਖਾਂ ਪਸ਼ੂ ਪਾਲਕਾਂ ਦੇ ਰੋਜਗਾਰ ਨੂੰ ਖਤਮ ਕਰ ਦੇਵੇਗੀ | ਇਸ ਨਾਲ ਛੋਟਾ ਵਪਾਰੀ ਬਿਲਕੁਲ ਹੀ ਤਬਾਹ ਹੋ ਜਾਵੇਗਾ | ਆਗੂਆਂ ਨੇ ਕਿਹਾ ਕਿ ਜੇਕਰ ਇਨ੍ਹਾਂ ਦੇਸ਼ ਵਿਰੋਧੀ ਸਮਝੋਤਿਆਂ 'ਤੇ ਤੁਰੰਤ ਰੋਕ ਨਾ ਲਾਈ ਗਈ ਅਤੇ ਕਿਸਾਨਾਂ ਮਜਦੂਰਾਂ ਦੇ ਹੱਕਾਂ ਦੀ ਰਾਖੀ ਨਾ ਕੀਤੀ ਗਈ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਹੋਰ ਤਿੱਖਾ ਰੁੂਪ ਧਾਰਨ ਕਰ ਸਕਦਾ ਹੈ | ਆਗੂਆਂ ਨੇ ਕਿ ਸੂਬੇ ਵਿਚ ਹੋਣ ਜਾ ਰਹੀਆਂ ਸਾਲ 2027 ਦੀਆਂ ਚੋਣਾਂ ਮੌਕੇ 'ਤੇ ਜਥੇਬੰਦੀਆਂ ਸੱਤਾਧਾਰੀ ਧਿਰ ਦੇ ਖਿਲਾਫ ਮੈਦਾਨ ਵਿਚ ਨਿਤਰਨਗੀਆਂ | ਇਸ ਮੌਕੇ ਦਰਜਣ ਦੇ ਕਰੀਬ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਸਮੇਤ ਗੁਰਵਿੰਦਰ ਸਿੰਘ ਧੂੰਮਾਂ, ਰਜਿੰਦਰ ਸਿੰਘ, ਹਰਿੰਦਰ ਸਿੰਘ ਲਾਖਾ, ਪੁਸ਼ਪਿੰਦਰ ਸਿੰਘ ਹਰਪਾਲਪੁਰ, ਲਸ਼ਕਰ ਸਿੰਘ ਸਰਦਾਰਗੜ੍ਹ ਮਾਸਟਰ ਜਵਾਲਾ ਸਿੰਘ ਮਹਿਮਾ, ਰਘਬੀਰ ਸਿੰਘ ਮੰਡੌਲੀ, ਬਿ੍ਜ ਲਾਲ ਬਠੋਣੀਆਂ, ਬੱਬੂ ਖਰਾਜਪੁਰ, ਹਰਭਜਨ ਸਿੰਘ ਪਿਲਖਣੀ, ਜਸਵਿੰਦਰ ਕੌਰ, ਧਰਮ ਕੌਰ, ਗੁਰਦਰਸ਼ਨ ਸਿੰਘ ਖਾਸਪੁਰ, ਸਤਪਾਲ ਸਿੰਘ ਰਾਜੋਮਾਜਰਾ, ਸੋਹਣ ਸਿੰਘ, ਲਖਵਿੰਦਰ ਸਿੰਘ ਅਤੇ ਹੋਰ ਆਗੂ ਹਾਜ਼ਰ ਸਨ |