24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਪੰਜਾਬੀ 'ਵਰਸਿਟੀ ਦੇ ਖੋਜਾਰਥੀ ਮੋਹਿਤ ਮੋਤੀਵਾਲੇ ਨੂੰ ਮਿਲਿਆ 'ਯੰਗ ਸਾਇੰਟਿਸਟ ਐਵਾਰਡ'

ਪੰਜਾਬੀ ਯੂਨੀਵਰਸਿਟੀ ਵਿਖੇ 'ਯੰਗ ਸਾਇੰਟਿਸਟ ਐਵਾਰਡ' ਮਿਲਣ 'ਤੇ ਖੋਜਾਰਥੀ ਮੋਹਿਤ ਮੋਤੀਵਾਲੇ ਨੂੰ ਸਨਮਾਨਿਤ ਕਰਦੇ ਹੋਏ ਉਪ ਕੁਲਪਤੀ ਡਾ. ਜਗਦੀਪ ਸਿੰਘ ਨਾਲ ਅਧਿਆਪਕ | ਅਜੀਤ ਤਸਵੀਰ <br/> 13-02-2026
ਪਟਿਆਲਾ, 12 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਖੋਜਾਰਥੀ ਮੋਹਿਤ ਮੋਤੀਵਾਲੇ ਨੂੰ 'ਯੰਗ ਸਾਇੰਟਿਸਟ ਐਵਾਰਡ' ਪ੍ਰਾਪਤ ਹੋਣ 'ਤੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਯੂਨੀਵਰਸਿਟੀ ਦੇ ਫਾਰਮਾਸਿਊਟਿਕਲ ਸਾਇੰਸਿਜ਼ ਐਂਡ ਡਰੱਗ ਰਿਸਰਚ ਵਿਭਾਗ ਦੀ ਮੋਲੇਕਿਊਲਰ ਮਾਡਲਿੰਗ ਲੈਬ ਦੇ ਖੋਜਾਰਥੀ ਮੋਹਿਤ ਮੋਤੀਵਾਲੇ ਨੂੰ ਇਹ ਐਵਾਰਡ ਚੰਡੀਗੜ੍ਹ ਵਿਚ ਹੋਈ 29ਵੀਂ ਪੰਜਾਬ ਸਾਇੰਸ ਕਾਂਗਰਸ ਮੌਕੇ ਪ੍ਰਦਾਨ ਕੀਤਾ ਗਿਆ | ਡਾ. ਜਗਦੀਪ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਆਪਣੇ ਹੋਣਹਾਰ ਖੋਜਾਰਥੀਆਂ ਉੱਤੇ ਮਾਣ ਹੈ | ਉਨ੍ਹਾਂ ਕਿਹਾ ਕਿ ਅਜਿਹੇ ਖੋਜਾਰਥੀਆਂ ਦੀ ਮਿਹਨਤ ਇਹ ਸਾਬਤ ਕਰਦੀ ਹੈ ਕਿ ਜੇਕਰ ਸਹੀ ਦਿਸ਼ਾ ਅਤੇ ਸਾਧਨ ਮਿਲਣ, ਤਾਂ ਸਾਡੇ ਵਿਦਿਆਰਥੀ ਕੌਮਾਂਤਰੀ ਪੱਧਰ 'ਤੇ ਮੱਲਾਂ ਮਾਰ ਸਕਦੇ ਹਨ | ਜ਼ਿਕਰਯੋਗ ਹੈ ਕਿ ਮੋਹਿਤ ਨੂੰ ਸੈਕਸ਼ਨ-ਡੀ (ਮੈਡੀਕਲ, ਵੈਟਰਨਰੀ, ਨਰਸਿੰਗ, ਫਿਜ਼ਿਓਥੈਰੇਪੀ ਅਤੇ ਫਾਰਮਾਸਿਊਟਿਕਲ ਸਾਇੰਸਿਜ਼) ਦੇ ਅਧੀਨ 'ਯੰਗ ਸਾਇੰਟਿਸਟ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ | ਇਸ ਸਨਮਾਨ ਤਹਿਤ ਤਗ਼ਮਾ, ਪ੍ਰਮਾਣ-ਪੱਤਰ ਅਤੇ 7,500/- ਦੀ ਉਤਸ਼ਾਹੀ ਰਾਸ਼ੀ ਪ੍ਰਦਾਨ ਕੀਤੀ ਗਈ ਹੈ | ਖੋਜਾਰਥੀ ਮੋਹਿਤ ਨੇ ਦੱਸਿਆ ਕਿ ਉਸ ਨੇ ਪ੍ਰੋਫ਼ੈਸਰ ਓਮ ਸਿਲਾਕਾਰੀ ਦੇ ਦਿਸ਼ਾ-ਨਿਰਦੇਸ਼ ਹੇਠ ਕਲੀਨਿਕਲੀ ਵਰਤੀਆਂ ਜਾਣ ਵਾਲੀਆਂ ਉਨ੍ਹਾਂ ਦਵਾਈਆਂ ਦੀ ਪਛਾਣ 'ਤੇ ਕੰਮ ਕੀਤਾ ਹੈ, ਜੋ ਐਸੀਟਾਈਲਕੋਲੀਨਐਸਟਰੈਜ਼ ਨਾਮਕ ਐਂਜ਼ਾਈਮ ਨੂੰ ਰੋਕ ਸਕਦੀਆਂ ਹਨ | ਪ੍ਰੋ. ਓਮ ਸਿਲਾਕਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਖੋਜ ਟੀਮ ਨੂੰ ਪੰਜਵੀਂ ਵਾਰ ਇਹ ਵੱਕਾਰੀ ਐਵਾਰਡ ਪ੍ਰਾਪਤ ਹੋਇਆ ਹੈ | ਵਿਭਾਗ ਮੁਖੀ ਪ੍ਰੋ. ਯੋਗਿਤਾ ਬਾਂਸਲ ਅਤੇ ਸਮੂਹ ਫੈਕਲਟੀ ਮੈਂਬਰਾਂ ਨੇ ਇਸ ਮਹੱਤਵਪੂਰਣ ਉਪਲੱਬਧੀ ਲਈ ਖੋਜਾਰਥੀ ਅਤੇ ਪ੍ਰੋ. ਸਿਲਾਕਾਰੀ ਦੀ ਸਮੁੱਚੀ ਖੋਜ ਟੀਮ ਨੂੰ ਵਧਾਈ ਦਿੱਤੀ | ਵਰਣਨਯੋਗ ਹੈ ਕਿ ਫਾਰਮੇਸੀ ਵਿਭਾਗ ਦੀ ਇੱਕ ਹੋਰ ਖੋਜਾਰਥਣ ਅੰਜਲੀ ਸ਼ਰਮਾ ਨੂੰ ਵੀ ਕਾਨਫਰੰਸ ਵਿਚ ਸਰਵੋਤਮ ਪੋਸਟਰ ਐਵਾਰਡ ਪ੍ਰਾਪਤ ਹੋਇਆ ਹੈ |
ਪਿਛਲੀ ਖ਼ਬਰ ਟਰੇਡ ਯੂਨੀਅਨਾਂ ਅਤੇ ਕਿਸਾਨ ਜਥੇਬੰਦੀਆਂ ਨੇ ਸਾੜੇ ਸਰਕਾਰਾਂ ਦੇ ਪੁਤਲੇ ਅਗਲੀ ਖ਼ਬਰ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ 'ਤੇ ਵੱਖ-ਵੱਖ ਅਦਾਰਿਆਂ ਦੀਆਂ ਯੂਨੀਅਨਾਂ ਨੇ ਹੜਤਾਲ ਦਾ ਕੀਤਾ ਸਮਰਥਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।