15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

3 ਕਰੋੜ ਦੇ ਕਰੀਬ ਅਦਾਇਗੀਆਂ ਬਗੈਰ ਕਿਸੇ ਕਮੇਟੀ ਦੀ ਮਨਜ਼ੂਰੀ ਤੋਂ ਕੀਤੀਆਂ ਜਾਣੀਆਂ ਠੀਕ ਨਹੀਂ-ਮੇਅਰ ਕੁੰਦਨ ਗੋਗੀਆ

ਅਜੀਤ ਡੈਸਕ 14-02-2026
ਪਟਿਆਲਾ, 13 ਫਰਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਨਗਰ ਨਿਗਮ ਦੀ ਹਦੂਦ ਅੰਦਰ ਵੱਖ-ਵੱਖ ਤਰ੍ਹਾਂ ਦੇ ਕੰਮ ਕਰਨ ਤੋਂ ਬਾਅਦ ਠੇਕੇਦਾਰਾਂ ਨੂੰ ਬਗੈਰ ਚੈਕਿੰਗ ਦੇ ਹੀ ਅਦਾਇਗੀਆਂ ਕਿਉਂ ਕੀਤੀਆਂ ਗਈਆਂ, ਇਸ ਬਾਰੇ ਨਿਗਮ ਅਧਿਕਾਰੀਆਂ ਤੋਂ ਮੇਅਰ ਕੁੰਦਨ ਗੋਗੀਆ ਵਲੋਂ ਜਵਾਬ ਮੰਗ ਲਿਆ ਗਿਆ ਹੈ | ਸ੍ਰੀ ਗੋਗੀਆ ਨੇ ਸਪਸ਼ਟ ਕੀਤਾ ਕਿ ਸੋਮਵਾਰ ਤੱਕ ਅਗਰ ਸੰਬੰਧਿਤ ਅਧਿਕਾਰੀਆਂ ਵਲੋਂ ਉਹ ਫਾਈਲਾਂ ਜਿਨ੍ਹਾਂ ਰਾਹੀਂ ਇਹ ਅਦਾਇਗੀਆਂ ਕੀਤੀਆਂ ਗਈਆਂ, ਉਨ੍ਹਾਂ ਦੇ ਕੋਲ ਨਾ ਲਿਆਂਦੀਆਂ ਤਾਂ ਉਹ ਇਹ ਸਾਰਾ ਮਾਮਲਾ ਪਾਰਟੀ ਹਾਈਕਮਾਂਡ ਦੇ ਧਿਆਨ ਵਿਚ ਲਿਆਉਣਗੇ | ਉਨ੍ਹਾਂ ਕਿਹਾ ਕਿ ਨਿਗਮ ਅਧਿਕਾਰੀਆਂ ਨੂੰ ਪਹਿਲਾਂ ਤੋਂ ਹੀ ਇਹ ਲਿਖਤੀ ਸੂਚਨਾ ਦਿੱਤੀ ਜਾ ਚੁੱਕੀ ਸੀ ਕਿ ਕਿਸੇ ਵੀ ਠੇਕੇਦਾਰ ਦਾ ਕੰਮ ਸੰਬੰਧਿਤ ਕਮੇਟੀ ਵਲੋਂ ਚੈੱਕ ਕਰਨ ਅਤੇ ਤਸੱਲੀ ਪ੍ਰਗਟਾਉਣ ਤੋਂ ਬਾਅਦ ਹੀ ਉਸ ਨੂੰ ਅਦਾਇਗੀ ਕੀਤੀ ਜਾਵੇ | ਪਰੰਤੂ 3 ਕਰੋੜ ਦੇ ਲਗਭਗ ਅਦਾਇਗੀਆਂ ਬਗੈਰ ਕਿਸੇ ਕਮੇਟੀ ਦੀ ਮਨਜ਼ੂਰੀ ਤੋਂ ਕੀਤੀਆਂ ਜਾਣੀਆਂ ਕਿਸੇ ਪਾਸਿਉਂ ਵੀ ਠੀਕ ਨਹੀਂ | ਅਧਿਕਾਰੀਆਂ ਦੀ ਜਲਦਬਾਜ਼ੀ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਕਰ ਰਹੀ ਹੈ | ਸ੍ਰੀ ਗੋਗੀਆ ਮੁਤਾਬਿਕ ਉਹ ਅਧਿਕਾਰੀਆਂ ਨੂੰ ਨਹੀਂ ਲੋਕਾਂ ਨੂੰ ਜਵਾਬਦੇਹ ਹਨ ਜੋ ਹਰ ਤਰ੍ਹਾਂ ਦਾ ਟੈਕਸ ਅਦਾ ਕਰਨ ਤੋਂ ਬਾਅਦ ਉਮਦਾ ਕਿਸਮ ਦੀਆਂ ਸਹੂਲਤਾਂ ਅਤੇ ਵਿਕਾਸ ਕਾਰਜ ਦੇ ਹੱਕਦਾਰ ਹਨ | ਕਿਸੇ ਵੀ ਅਧਿਕਾਰੀ ਦੀ ਅਣਗਹਿਲੀ ਜਾਂ ਠੇਕੇਦਾਰਾਂ ਦੀ ਮਿਲੀਭੁਗਤ ਸਰਕਾਰ ਦੇ ਲੋਕਾਂ ਨੂੰ ਉਮਦਾ ਕਿਸਮ ਦੀਆਂ ਸਹੂਲਤਾਂ ਦੇਣ ਵਾਲੇ ਇਸ ਮਨਸ਼ੇ 'ਤੇ ਭਾਰੂ ਨਹੀਂ ਪੈਣ ਦਿੱਤੀ ਜਾਵੇਗੀ, ਜਿਸ ਨਾਲ ਲੋਕਾਂ ਵਿਚ ਸਰਕਾਰ ਦਾ ਅਕਸ ਖ਼ਰਾਬ ਹੋਵੇ | ਉਨ੍ਹਾਂ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਕੌਂਸਲਰਾਂ ਅਤੇ ਕਈ ਅਧਿਕਾਰੀਆਂ ਦੀ ਮਿਹਨਤ ਸਦਕਾ ਨਗਰ ਨਿਗਮ ਵਿਚ ਕਈ ਤਰ੍ਹਾਂ ਦੀਆਂ ਚੋਰੀਆਂ ਫੜੀਆਂ ਗਈਆਂ | ਜਿਸ ਨਾਲ ਅੱਜ ਨਗਰ ਨਿਗਮ ਦਾ ਖ਼ਜ਼ਾਨਾ 20 ਕਰੋੜ ਸਰਪਲੱਸ ਜਾ ਰਿਹਾ ਹੈ | ਜਿਸ ਨਾਲ ਲੋਕਾਂ ਨੂੰ ਹੁਣ ਉਮਦਾ ਕਿਸਮ ਦੀਆਂ ਸਹੂਲਤਾਂ ਪ੍ਰਦਾਨ ਕਰਨ ਵਿਚ ਕਾਰਪੋਰੇਸ਼ਨ ਅਤੇ ਉਸਦੇ ਜ਼ਿਆਦਾਤਰ ਮੁਲਾਜ਼ਮ ਜੁੱਟ ਚੁੱਕੇ ਹਨ | ਅਜਿਹੇ ਵਿਚ ਇਸ ਤਰ੍ਹਾਂ ਦੀ ਹਰਕਤ ਬਿਲਕੁਲ ਬਰਦਾਸ਼ਤ ਨਹੀਂ ਹੋਵੇਗੀ ਜਿਸ ਨਾਲ ਨਗਰ ਨਿਗਮ ਦੇ ਖ਼ਜ਼ਾਨੇ ਨੂੰ ਚੂਨਾ ਲੱਗਣ ਦਾ ਖ਼ਦਸ਼ਾ ਹੋਵੇ |
ਪਿਛਲੀ ਖ਼ਬਰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਨਾਬਾਲਗ ਲੜਕੀ ਨੂੰ ਭਜਾਉਣ 'ਤੇ ਇਕ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਕਈ ਦਹਾਕਿਆਂ ਤੋਂ ਐੱਸ. ਐੱਸ. ਟੀ. ਨਗਰ 'ਚ ਲੱਗ ਰਹੇ ਕੂੜੇ ਦੇ ਡੰਪ ਨੂੰ ਸਾਫ਼ ਕਰਵਾ ਰਸਤਾ ਖੁੱਲ੍ਹਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।