ਪਟਿਆਲਾ, 13 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇ ਸਾਬਕਾ ਚੇਅਰਮੈਨ ਜਥੇਦਾਰ ਲਖਬੀਰ ਸਿੰਘ ਲੋਟ ਨੇ ਸ਼ੋ੍ਰਮਣੀ ਅਕਾਲੀ ਦਲ ਵਿਚ ਮੁੜ ਸ਼ਾਮਿਲ ਹੋਣ ਵਾਲੇ ਬਾਗ਼ੀ ਤੇ ਦਾਗੀ ਅਕਾਲੀ ਆਗੂਆਂ ਪ੍ਰਤੀ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਲੀਡਰਸ਼ਿਪ ਇਕ ਵਾਰ ਇਨ੍ਹਾਂ ਨੂੰ ਮੁੜ ਤੋਂ ਸ਼ਾਮਿਲ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਵਿਚਾਰ ਕਰ ਲੈਣਾ ਚਾਹੀਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਪਾਰਟੀ ਅਤੇ ਬਾਦਲ ਪਰਿਵਾਰ ਨੂੰ ਖ਼ਤਮ ਕਰਨ ਲਈ ਸਾਜਿਸ਼ਾਂ ਰਚੀਆਂ ਜਿਸ ਕਾਰਨ ਪਾਰਟੀ ਨੂੰ ਬਹੁਤ ਨਮੋਸ਼ੀ ਝੱਲਣੀ ਪਈ ਉਹ ਲੋਕ ਪਾਰਟੀ ਨੂੰ ਫਿਰ ਤਾਕਤ ਵਿਚ ਆਉਂਦਾ ਦੇਖ ਕੇ ਦੁਬਾਰਾ ਫਿਰ ਪਾਰਟੀ ਵਿਚ ਸ਼ਾਮਲ ਹੋਣ ਲਈ ਤਰਲੋਮੱਛੀ ਹੋ ਰਹੇ ਹਨ | ਕਿਉਂਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਕਸਰ ਕਿਹਾ ਕਰਦੇ ਸਨ ਕਿ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਨ ਵਾਲੇ ਦਾਗ਼ੀ ਹੁੰਦੇ ਹਨ ਜਦ ਕਿ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਪਾਰਟੀ ਪ੍ਰਤੀ ਹੀ ਕੂੜ ਪ੍ਰਚਾਰ ਕਰਨ ਵਾਲਿਆਂ ਨੂੰ ਮੁੜ ਸ਼ਾਮਿਲ ਕਰਨ ਤੋਂ ਪਹਿਲਾਂ ਪਾਰਟੀ ਨੂੰ ਵਿਚਾਰ ਕਰਨ ਦੀ ਲੋੜ ਹੈ ਤਾਂ ਜੋ ਪਾਰਟੀ ਨਾਲ ਡਟ ਕੇ ਖੜ੍ਹਨ ਵਾਲਿਆਂ ਦੇ ਮਨਾਂ ਨੂੰ ਠੇਸ ਨਾ ਪਹੁੰਚੇ | ਜਥੇਦਾਰ ਲਖਬੀਰ ਸਿੰਘ ਲੋਟ ਨੇ ਕਿਹਾ ਕਿ ਅਕਸਰ ਹੀ ਵੇਖਣ ਵਿਚ ਆਇਆ ਹੈ ਜਦੋਂ ਵੀ ਸ਼ੋ੍ਰਮਣੀ ਅਕਾਲੀ ਦਲ ਦਾ ਉਭਾਰ ਹੋਇਆ ਉਦੋਂ ਪਾਰਟੀ ਨੂੰ ਛੱਡ ਕੇ ਜਾਣ ਵਾਲਿਆਂ ਨੇ ਮੁੜ ਪਾਰਟੀ ਵਿਚ ਸ਼ਾਮਿਲ ਹੋਣ ਦੀ ਰੁਚੀ ਵਿਖਾਈ ਹੈ ਜਦ ਕਿ ਪਾਰਟੀ ਨੂੰ ਜਦੋਂ ਆਪਣੇ ਆਗੂਆਂ ਤੇ ਵਰਕਰਾਂ ਦੀ ਸਮੇਂ ਤੇ ਵੱਡੀ ਲੋੜ ਸੀ ਤਾਂ ਅਜਿਹੇ ਲੋਕ ਆਪਣੇ ਸਿਆਸੀ ਹਿਤਾਂ ਖ਼ਾਤਰ ਪਾਰਟੀ ਨੂੰ ਮਾੜਾ ਚੰਗਾ ਵੀ ਬੋਲਦੇ ਰਹੇ | ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਦੋ ਵਾਰ ਸਰਕਾਰ ਰਹੀ ਤਾਂ ਅਜਿਹੇ ਲੋਕਾਂ ਨੇ ਮਲਾਈ ਖਾਣ ਦਾ ਕੰਮ ਵੀ ਕੀਤਾ ਅਤੇ ਅੱਜ ਜਦੋਂ ਸ਼ੋ੍ਰਮਣੀ ਅਕਾਲੀ ਦਲ ਮੁੜ 2027 ਦੇ ਵਿਚ ਆਪਣੀ ਸਰਕਾਰ ਬਣਾਉਣ ਜਾ ਰਿਹਾ ਹੈ ਜਾਂ ਵਿਖਾਈ ਦੇ ਰਿਹਾ ਹੈ ਤਾਂ ਇਹ ਲੋਕ ਮੁੜ ਸ਼ੋ੍ਰਮਣੀ ਅਕਾਲੀ ਦਲ ਵਿਚ ਵਾਪਸ ਆਉਣ ਲਈ ਤਰਲੋਮੱਛੀ ਹੋ ਰਹੇ ਹਨ |