ਪਟਿਆਲਾ, 13 ਫਰਵਰੀ (ਗੁਰਵਿੰਦਰ ਸਿੰਘ ਔਲਖ)-ਪਟਿਆਲਾ ਹੈਰੀਟੇਜ ਫੈਸਟੀਵਲ 2025 ਤਹਿਤ ਖ਼ਾਲਸਾ ਕਾਲਜ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਗਾਤਾਰ ਚੌਥੀ ਵਾਰ ਸਫ਼ਲਤਾ ਪੂਰਵਕ ਕਰਵਾਏ ਗਏ ਪਟਿਆਲਾ ਮਿਲਟਰੀ ਲਿਟਰੇਚਰ ਫੈਸਟੀਵਲ ਨੇ ਫ਼ੌਜੀ ਸ਼ਾਨ-ਓ-ਸ਼ੌਕਤ ਨਾਲ ਪਟਿਆਲਵੀਆਂ ਤੇ ਖਾਸ ਕਰਕੇ ਨੌਜਵਾਨਾਂ ਨੂੰ ਮਿਲਟਰੀ ਇਤਿਹਾਸ ਤੋਂ ਵਾਕਫ਼ ਕਰਵਾਇਆ | ਇਸ ਮੌਕੇ ਫ਼ੌਜੀ ਟੈਂਕਾਂ, ਤੋਪਾਂ, ਜੰਗੀ ਹਥਿਆਰਾਂ ਦੀ ਪ੍ਰਦਰਸ਼ਨੀ, ਫ਼ੌਜੀ ਇਤਿਹਾਸ ਦੀਆਂ ਦਸਤਾਵੇਜੀ ਫ਼ਿਲਮਾਂ, ਘੋੜਿਆਂ ਦੇ ਕਰਤੱਬਾਂ ਤੇ ਤੀਰਅੰਦਾਜੀ ਨੇ ਦਰਸ਼ਕਾਂ ਨੂੰ ਕੀਲ ਲਿਆ | ਫ਼ੌਜੀ ਸਾਹਿਤ ਮੇਲੇ ਦਾ ਉਦਘਾਟਨ ਕਰਦਿਆਂ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਨੌਜਵਾਨਾਂ ਤੇ ਸਾਬਕਾ ਫ਼ੌਜੀਆਂ ਨੂੰ ਸੱਦਾ ਦਿੱਤਾ ਕਿ ਉਹ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਵਲੋਂ ਆਰੰਭੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ 'ਚ ਸ਼ਾਮਲ ਹੋ ਕੇ ਨਸ਼ਿਆਂ ਵਿਰੁੱਧ ਯੁੱਧ ਲੜਨ | ਜ਼ਿਲ੍ਹੇ ਦੇ ਵੱਖ-ਵੱਖ ਫ਼ੌਜੀ ਉਪਰੇਸ਼ਨਾਂ 'ਚ ਸ਼ਹੀਦ ਹੋਏ ਸੈਨਿਕਾਂ ਦੀਆਂ 5 ਵੀਰ ਨਾਰੀ ਮਾਵਾਂ ਤੇ ਪਤਨੀਆਂ ਨੂੰ ਸਨਮਾਨਤ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇੱਕ ਜੰਗ ਸਰਹੱਦਾਂ 'ਤੇ ਹੁੰਦੀ ਹੈ ਅਤੇ ਦੂਜੀ ਜੰਗ ਸੈਨਿਕਾਂ ਦੇ ਪਰਿਵਾਰ ਲੜਦੇ ਹਨ, ਜਿਸ ਲਈ ਪੰਜਾਬ ਸਰਕਾਰ ਆਪਣੇ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਖੜ੍ਹੀ ਹੈ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਸ਼ਹੀਦ ਹੋਣ ਵਾਲਿਆਂ ਦੇ ਪਰਿਵਾਰਾਂ ਲਈ ਸਨਮਾਨ ਰਾਸ਼ੀ 1 ਕਰੋੜ ਰੁਪਏ ਕਰ ਦਿੱਤੀ ਹੈ | ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਦੇ ਵਾਈਸ ਚੇਅਰਮੈਨ ਲੈਫ. ਜਨ. ਚੇਤਿੰਦਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ 'ਤੇ ਕਰਵਾਏ ਮਿਲਟਰੀ ਲਿਟਰੇਚਰ ਫੈਸਟੀਵਲ ਕਰਵਾਉਣਾ ਸ਼ਲਾਘਾਯੋਗ ਉਪਰਾਲਾ ਹੈ | ਇਸ ਮੌਕੇ ਆਰਮਡ ਡਿਵੀਜਨ ਦੇ ਬਿ੍ਗੇਡੀਅਰ ਏ.ਕੇ. ਉਨਿਆਲ ਵੀ ਮੌਜੂਦ ਸਨ | ਬਿ੍ਗੇਡੀਅਰ ਅਦਵਿੱਤਿਆ ਮਦਾਨ ਨੇ ਕਿਹਾ ਕਿ ਸਾਨੂੰ ਆਪਣੀ ਇਸ ਖੂਨ ਭਿੱਜੀ ਵਿਰਾਸਤ ਉਪਰ ਮਾਣ ਹੋਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸਾਡੀ ਭਾਰਤੀ ਫ਼ੌਜ ਦੁਨੀਆਂ ਦੀ ਬਿਹਤਰੀਨ ਫ਼ੌਜ ਹੈ ਅਤੇ ਕਈ ਮੁਲਕਾਂ ਦੀ ਫ਼ੌਜ ਸਾਡੀ ਫ਼ੌਜ ਤੋਂ ਟ੍ਰੇਨਿੰਗ ਲੈਂਦੀ ਹੈ | ਮੇਲੇ ਦੇ ਨੋਡਲ ਅਫ਼ਸਰ ਏ.ਡੀ.ਸੀ. ਸ਼ਹਿਰੀ ਵਿਕਾਸ ਡਾ. ਇਸਮਤ ਵਿਜੇ ਸਿੰਘ ਅਤੇ ਆਰ.ਟੀ.ਓ. ਬਬਨਦੀਪ ਸਿੰਘ ਨੇ ਦੱਸਿਆ ਕਿ ਮਿਲਟਰੀ ਲਿਟਰੇਚਰ ਫੈਸਟੀਵਲ ਦੀ ਸਮਾਪਤੀ ਮੌਕੇ ਪੀ.ਪੀ.ਐਸ. ਨਾਭਾ ਸਕੂਲ ਦੇ ਵਿਦਿਆਰਥੀਆਂ ਨੇ ਵੀ ਜਾਂਬਾਜ ਖੇਡ ਘੋੜਸਵਾਰੀ ਦੇ ਕਰਤੱਬ ਦਿਖਾਏ | ਡਾ. ਇਸਮਤ ਨੇ ਦੱਸਿਆ ਕਿ ਬ੍ਰੇਵ-ਹਾਰਟ ਮੋਟਰਸਾਈਕਲ ਰੈਲੀ, ਭਾਰਤੀ ਫੌਜ ਦੇ ਇਤਿਹਾਸ ਸਮੇਤ ਜੋਸ਼ ਤੇ ਜਜ਼ਬੇ ਨੂੰ ਦਰਸਾਉਂਦੀਆਂ ਫ਼ਿਲਮਾਂ, ਬੈਂਡ ਡਿਸਪਲੇ, ਜਜ਼ਬੇ ਅਤੇ ਬਹਾਦਰੀ ਦਾ ਵਰਨਣ, ਫ਼ੌਜੀ ਟੈਂਕਾਂ ਤੇ ਜੰਗੀ ਸਾਜ਼ੋ-ਸਾਮਾਨ ਦੀ ਪ੍ਰਦਰਸ਼ਨੀ, ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਭੰਗੜਾ, ਸਰਕਾਰੀ ਕਾਲਜ ਲੜਕੀਆਂ ਦੀਆਂ ਵਿਦਿਆਰਥਣਾਂ ਵੱਲੋਂ ਗਿੱਧਾ, ਤੀਰ ਅੰਦਾਜੀ, ਪੁਲਿਸ ਤੇ ਫ਼ੌਜ ਭਰਤੀ ਬਾਰੇ ਕਾਉਂਸਲਿੰਗ ਤੇ ਫ਼ੂਡ ਕੋਰਟ ਵੀ ਸਥਾਪਤ ਕੀਤੇ ਗਏ ਸਨ, ਜਿਸ ਦਾ ਵੱਡੀ ਗਿਣਤੀ ਪਟਿਆਵਲੀਆਂ ਅਤੇ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਆਨੰਦ ਮਾਣਿਆ | ਇਸ ਮੌਕੇ ਐਨ.ਸੀ.ਸੀ., ਆਰਮੀ ਯੂਨਿਟ, ਵੱਡੀ ਗਿਣਤੀ ਅਧਿਆਪਕ, ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀ, ਫ਼ੌਜ ਦੇ ਮੌਜੂਦਾ ਤੇ ਸਾਬਕਾ ਅਧਿਕਾਰੀਆਂ ਸਮੇਤ ਪਟਿਆਲਾ ਦੇ ਵਸਨੀਕ ਮੌਜੂਦ ਸਨ |