ਪਟਿਆਲਾ, 13 ਫਰਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਪੁਰਾਣਾ ਬੱਸ ਸਟੈਂਡ ਸੰਘਰਸ਼ ਕਮੇਟੀ ਵਲੋਂ ਪੀ.ਆਰ.ਟੀ.ਸੀ. ਦੇ ਨਵ-ਨਿਯੁਕਤ ਚੇਅਰਮੈਨ ਹਰਪਾਲ ਜੁਨੇਜਾ ਨਾਲ ਮੁਲਾਕਾਤ ਕਰਕੇ ਦੁਕਾਨਦਾਰਾਂ ਅਤੇ ਇਲਾਕੇ ਦੇ ਲਗਭਗ 10 ਹਜ਼ਾਰ ਨਿਵਾਸੀਆਂ ਨੂੰ ਬੱਸਾਂ ਦੀ ਸੇਵਾ ਸ਼ੁਰੂ ਨਾ ਹੋਣ ਕਾਰਨ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ | ਸੰਘਰਸ਼ ਕਮੇਟੀ ਦੇ ਆਗੂ ਨੇਤਾ ਗੁਰਪਾਲ ਸਿੰਘ ਉਰਫ਼ ਕਾਕਾ ਨੇ ਕਿਹਾ ਕਿ ਪੁਰਾਣਾ ਬੱਸ ਸਟੈਂਡ 'ਚ ਬੱਸਾਂ ਦੀ ਗਿਣਤੀ ਵਧਾਉਣ ਦੀ ਮੰਗ ਉਹ ਲੰਮੇ ਸਮੇਂ ਤੋਂ ਕਰਦੇ ਆ ਰਹੇ ਹਨ | ਹਾਲਾਂਕਿ ਸ਼ਹਿਰੀ ਵਿਧਾਇਕ ਵਲੋਂ ਇਹ ਮਸਲਾ ਵਿਧਾਨ ਸਭਾ 'ਚ ਵੀ ਉਠਾਇਆ ਗਿਆ ਪਰ ਇਸ ਦੇ ਬਾਵਜੂਦ ਮੰਤਰੀਆਂ ਵਲੋਂ ਕੋਈ ਸੁਣਵਾਈ ਨਹੀਂ ਹੋਈ | ਜਿਸ ਦਾ ਖ਼ਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪੁਰਾਣਾ ਬੱਸ ਸਟੈਂਡ ਦੇ ਨਜ਼ਦੀਕ ਸਾਰੀਆਂ ਮੁੱਖ ਮਾਰਕੀਟਾਂ ਸਥਿਤ ਹਨ ਅਤੇ ਨਾਲ ਹੀ ਗੁਰਦੁਆਰਾ ਸ੍ਰੀ ਦੂਖਨਿਵਾਰਣ ਸਾਹਿਬ, ਸ੍ਰੀ ਕਾਲੀ ਦੇਵੀ ਮੰਦਰ, ਮਾਤਾ ਕੁਸ਼ੱਲਿਆ ਹਸਪਤਾਲ, ਸਰਕਾਰੀ ਰਾਜਿੰਦਰਾ ਹਸਪਤਾਲ ਅਤੇ ਟੀ. ਬੀ. ਹਸਪਤਾਲ ਵੀ ਬਿਲਕੁਲ ਨੇੜੇ ਹੀ ਸਥਿਤ ਹਨ | ਜੇਕਰ ਇਸ ਬੱਸ ਸਟੈਂਡ ਤੋਂ ਪਿੰਡਾਂ ਵੱਲ ਜਾਣ ਵਾਲੀਆਂ ਬੱਸਾਂ ਦੀ ਗਿਣਤੀ ਵਧਾ ਦਿੱਤੀ ਜਾਵੇ ਤਾਂ ਲੋਕਾਂ ਦਾ ਸਮਾਂ ਬਚੇਗਾ ਅਤੇ ਵਾਧੂ ਖਰਚੇ ਤੋਂ ਵੀ ਰਾਹਤ ਮਿਲੇਗੀ |