ਭੁਨਰਹੇੜੀ, 14 ਫਰਵਰੀ (ਧਨਵੰਤ ਸਿੰਘ)-ਹਲਕਾ ਸਨੌਰ ਦੇ ਪਿੰਡ ਤੇਜਾਂ ਅਤੇ ਹੁਸੈਨਪੁਰ ਦਰਮਿਆਨ ਬੁਨਿਆਦੀ ਸਹੂਲਤਾਂ ਦੀ ਘਾਟ ਇਕ ਵੱਡੀ ਸਮੱਸਿਆ ਬਣੀ ਹੋਈ ਹੈ | ਦੋਵੇਂ ਪਿੰਡਾਂ ਦੀ ਆਪਸੀ ਦੂਰੀ ਕਰੀਬ ਡੇਢ ਮੀਲ ਹੈ, ਪਰ ਸੰਪਰਕ ਸੜਕ ਨਾ ਹੋਣ ਕਾਰਨ ਲੋਕਾਂ ਨੂੰ ਲਗਭਗ ਛੇ ਕਿਲੋਮੀਟਰ ਵੱਧ ਦਾ ਚੱਕਰ ਕੱਟ ਕੇ ਜਾਣਾ ਪੈਂਦਾ ਹੈ | ਇਹ ਹਾਲਤ ਪੁਰਾਣੇ ਸਮੇਂ ਤੋਂ ਬਣੀ ਹੋਈ ਹੈ, ਜਿਸ ਕਾਰਨ ਪਿੰਡ ਵਾਸੀਆਂ ਵਿਚ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ | ਰਾਜਨੀਤਿਕ ਲੋਕਾਂ ਨੂੰ ਵਾਰ ਵਾਰ ਗੁਹਾਰ ਵੀ ਕਰ ਚੁੱਕੇ ਹਨ | ਪਰ ਸਿਰਫ ਲਾਰੇ ਅਤੇ ਵਿਸਵਾਸ਼ ਹੀ ਦਿਵਾਇਆ ਗਿਆ ਸੱਮਸਿਆਂ ਹੱਲ ਨਹੀਂ ਹੋਈ | ਇਸ ਰਸਤੇ ਵਿਚ ਵੱਖ-ਵੱਖ ਕਿਸਾਨਾਂ ਦੀ ਜ਼ਮੀਨ ਪੈਂਦੀ ਹੈ | ਸੜਕ ਨਾ ਹੋਣ ਕਰਕੇ ਕਿਸਾਨਾਂ ਨੂੰ ਆਪਣੇ ਖੇਤਾਂ ਤੱਕ ਪਹੁੰਚਣ, ਫਸਲ ਕਟਾਈ ਕਰਨ ਅਤੇ ਖੇਤੀਬਾੜੀ ਸਮੱਗਰੀ ਲਿਜਾਣ ਵਿਚ ਗੰਭੀਰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਖ਼ਾਸ ਕਰਕੇ ਬਰਸਾਤ ਦੇ ਮੌਸਮ ਦੌਰਾਨ ਇਹ ਰਸਤਾ ਚਿੱਕੜ 'ਚ ਤਬਦੀਲ ਹੋ ਜਾਂਦਾ ਹੈ, ਜਿਸ ਨਾਲ ਆਵਾਜਾਈ ਲਗਭਗ ਠੱਪ ਹੋ ਜਾਂਦੀ ਹੈ | ਐਮਰਜੈਂਸੀ ਹਾਲਤਾਂ ਵਿਚ ਵੀ ਲੋਕਾਂ ਮੁਸ਼ਕਿਲ ਭਰਿਆ ਹੈ, ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਪ੍ਰਸ਼ਾਸਨ ਅਤੇ ਚੁਣੇ ਹੋਏ ਨੁਮਾਇੰਦਿਆਂ ਕੋਲ ਮੰਗ ਉਠਾ ਚੁੱਕੇ ਹਨ, ਪਰ ਅਜੇ ਤੱਕ ਕੋਈ ਢੁਕਵਾਂ ਹੱਲ ਨਹੀਂ ਨਿਕਲਿਆ | ਲੋਕਾਂ ਦਾ ਮੰਨਣਾ ਹੈ ਕਿ ਦੇਸ਼ ਨੂੰ ਆਜ਼ਾਦ ਹੋਏ ਪੌਣੀ ਸਦੀ ਤੋਂ ਵੱਧ ਦਾ ਸਮਾਂ ਬੀਤ ਗਿਆ ਹੈ ਫਿਰ ਵੀ ਪਿੰਡਾਂ ਦੀਆਂ ਮੁਢਲੀਆਂ ਲੋੜਾਂ ਅਧੂਰੀਆਂ ਪਈਆਂ ਹਨ | ਦੱਸਣਯੋਗ ਹੈ ਕਿ ਤੇਜਾਂ ਪਿੰਡ ਮਾਰਕੀਟ ਕਮੇਟੀ ਡਕਾਲਾ ਅਤੇ ਹੁਸੈਨਪੁਰ ਮਾਰਕੀਟ ਕਮੇਟੀ ਦੁੱਧਨਸਾਧਾਂ ਅਧੀਨ ਆਉਂਦੇ ਹਨ | ਦੋਵੇਂ ਮੰਡੀਆਂ ਵਲੋਂ ਮੰਡੀਕਰਨ ਫੀਸ ਵਸੂਲ ਕੀਤੀ ਜਾਂਦੀ ਹੈ, ਪਰ ਪਿੰਡਾਂ ਦੇ ਕੱਚੇ ਸੰਪਰਕ ਰਸਤਿਆਂ ਨੂੰ ਪੱਕਾ ਕਰਨ ਲਈ ਲੋੜੀਂਦੇ ਕਦਮ ਨਹੀਂ ਚੁੱਕੇ ਜਾ ਰਹੇ ਜਿਸ ਕਾਰਨ ਲੋਕਾਂ ਵਿਚ ਪ੍ਰਸ਼ਾਸਨਿਕ ਲਾਪ੍ਰਵਾਹੀ ਨੂੰ ਲੈ ਕੇ ਨਿਰਾਸ਼ਾ ਪਾਈ ਜਾ ਰਹੀ ਹੈ |