26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ ਦੇਸ਼ ਦੀ ਕਿਸਾਨੀ ਨੂੰ ਤਬਾਹ ਕਰ ਕੇ ਰੱਖ ਦੇਵੇਗਾ-ਭਾਕਿਯੂ ਰਾਜੇਵਾਲ

ਅਜੀਤ ਡੈਸਕ 21-02-2026
ਨਾਭਾ, 20 ਫਰਵਰੀ (ਜਗਨਾਰ ਸਿੰਘ ਦੁਲੱਦੀ)-ਭਾਰਤ ਅਮਰੀਕਾ ਵਿਚਕਾਰ ਮੁਕਤ ਵਪਾਰ ਸਮਝੌਤਾ ਭਾਰਤ ਦੇ ਕਿਸਾਨਾਂ ਨੂੰ ਤਬਾਹ ਕਰਕੇ ਰੱਖ ਦੇਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਕਿਯੂ ਰਾਜੇਵਾਲ ਦੇ ਸੂਬਾ ਸਕੱਤਰ ਹਰਦੀਪ ਸਿੰਘ ਘਨੂੰੜਕੀ ਨੇ ਬਲਾਕ ਪ੍ਰਧਾਨ ਅੱਛਰ ਸਿੰਘ ਭੋਜੋ ਮਾਜਰੀ ਦੀ ਪ੍ਰਧਾਨਗੀ ਹੇਠ ਸਥਾਨਕ ਨਵੀਂ ਦਾਣਾ ਮੰਡੀ ਸਥਿਤ ਗੁਰਦੁਆਰਾ ਭਗਤ ਧੰਨਾ ਜੀ ਜਥੇਬੰਦੀ ਦੀ ਮੀਟਿੰਗ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਅਮਰੀਕਾ ਦੇ ਕਿਸਾਨਾਂ ਕੋਲ ਭਾਰਤ ਦੇ ਕਿਸਾਨਾਂ ਦੇ ਮੁਕਾਬਲੇ ਜ਼ਮੀਨ ਦੀ ਮਾਲਕੀ ਹਜ਼ਾਰਾਂ ਗੁਣਾ ਵੱਧ ਹੈ ਅਤੇ ਅਮਰੀਕਾ ਵੱਲੋਂ ਉਥੋਂ ਦੇ ਕਿਸਾਨ ਨੂੰ ਬਹੁਤ ਜਿਆਦਾ ਸਬਸਿਡੀ ਦਿੱਤੀ ਜਾਂਦੀ ਹੈ, ਜਦੋਂਕਿ ਸਾਡੇ ਦੇਸ਼ ਦੇ ਕਿਸਾਨਾਂ ਦੇ ਫਸਲ 'ਤੇ ਹੋਣ ਵਾਲੇ ਖਰਚੇ ਵੀ ਪੂਰੇ ਨਹੀਂ ਹੁੰਦੇ, ਜਿਸ ਕਰਕੇ ਸਾਡੇ ਦੇਸ਼ ਦਾ ਅੰਨਦਾਤਾ ਕਿਸਾਨ ਕਰਜ਼ਾਈ ਹੋ ਰਿਹਾ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਦੀ ਮੋਦੀ ਸਰਕਾਰ ਟਰੰਪ ਦੇ ਰਵੱਈਏ ਅੱਗੇ ਗੋਡਿਆਂ ਪਰਨੇ ਹੋਈ ਪਈ ਹੈ ਇਹ ਕਿਸਾਨੀ ਦੇ ਨਾਲ ਨਾਲ ਪੋਲਟਰੀ ਅਤੇ ਡੇਅਰੀ ਵਰਗੇ ਸਹਾਇਕ ਧੰਦਿਆਂ ਦਾ ਵੀ ਦਿਵਾਲਾ ਕੱਢ ਕੇ ਰੱਖ ਦੇਵੇਗੀ | ਉਨ੍ਹਾਂ ਕਿਹਾ ਕਿ ਪਹਿਲਾਂ ਹੀ ਖੁਦਕੁਸ਼ੀਆਂ ਦੇ ਰਾਹ ਪਈ ਕਿਸਾਨੀ ਲਈ ਇਹ ਨੀਤੀ ਹੋਰ ਵੀ ਮਾਰੂ ਸਾਬਤ ਹੋਵੇਗੀ | ਬਲਾਕ ਪ੍ਰਧਾਨ ਅੱਛਰ ਸਿੰਘ ਨੇ ਕਿਹਾ ਕਿ 22 ਫਰਵਰੀ ਨੂੰ ਭਾਜਪਾ ਆਗੂ ਪ੍ਰਨੀਤ ਕੌਰ ਦੇ ਘਰ ਦੇ ਬਾਹਰ ਵੱਡੀ ਗਿਣਤੀ ਵਿੱਚ ਨਾਭੇ ਤੋਂ ਕਿਸਾਨ ਪਹੁੰਚਣਗੇ | ਇਸ ਮੀਟਿੰਗ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸੂਬਾ ਸਕੱਤਰ ਘੁੰਮਣ ਸਿੰਘ ਰਾਜਗੜ੍ਹ, ਸੀਨੀਅਰ ਆਗੂ ਅਵਤਾਰ ਸਿੰਘ ਕੈਦੂਪੁਰ, ਗੁਰਮੀਤ ਸਿੰਘ ਕੋਟ,ਲਾਭ ਸਿੰਘ ਦਿੱਤੂਪੁਰ, ਜਰਨੈਲ ਸਿੰਘ ਗੁਣੀਕੇ, ਭੁਪਿੰਦਰ ਸਿੰਘ ਤੁੰਗਾਂ ਅਤੇ ਗੁਰਮੇਲ ਸਿੰਘ ਪੂਨੀਵਾਲ ਦੇ ਨਾਮ ਜ਼ਿਕਰਯੋਗ ਹਨ | ਇਸ ਮੀਟਿੰਗ ਦੌਰਾਨ ਇੱਕ ਮਤੇ ਰਾਹੀਂ ਪਰਵਿੰਦਰ ਸਿੰਘ ਬਨੇਰਾ ਖੁਰਦ ਨੂੰ ਬਲਾਕ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ | ਪਰਵਿੰਦਰ ਸਿੰਘ ਨੇ ਸਾਰੇ ਹੀ ਜਥੇਬੰਦੀ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਸੌਂਪੀ ਗਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਵਾਅਦਾ ਕੀਤਾ | ਅੱਜ ਹੋਈ ਮੀਟਿੰਗ ਵਿਚ ਇਲਾਕੇ ਵਿਚੋਂ ਵੱਡੀ ਗਿਣਤੀ ਵਿਚ ਕਿਸਾਨਾਂ ਵਲੋਂ ਸ਼ਮੂਲੀਅਤ ਕੀਤੀ ਗਈ |
ਪਿਛਲੀ ਖ਼ਬਰ ਬਲਾਕ ਪੱਧਰੀ ਸਹਿ-ਵਿੱਦਿਅਕ ਮੁਕਾਬਲੇ ਕਰਵਾਏ ਅਗਲੀ ਖ਼ਬਰ ਟਰੈਕਟਰ ਵਲੋਂ ਮਾਰੀ ਟੱਕਰ ਨਾਲ ਸੜਕ ਕਿਨਾਰੇ ਖੜ੍ਹੇ ਵਿਅਕਤੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।