24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਪੰਜਾਬ 'ਚ ਆਲੂਆਂ ਦੇ ਘੱਟ ਭਾਅ ਅਤੇ ਗੰਨੇ ਦੇ ਪ੍ਰਤੀ ਏਕੜ ਘਟੇ ਝਾੜ ਨੇ ਕਿਸਾਨਾਂ ਦਾ ਲੱਕ ਤੋੜਿਆ

ਖੇਤਾਂ 'ਚ ਖੜ੍ਹੀ ਗੰਨੇ ਦੀ ਫ਼ਸਲ ਦੀ ਪੁਰਾਣੀ ਤਸਵੀਰ | <br/> 21-02-2026
ਪਟਿਆਲਾ, 20 ਫਰਵਰੀ (ਗੁਰਵਿੰਦਰ ਸਿੰਘ ਔਲਖ)-ਪੰਜਾਬ ਦੇ ਕਿਸਾਨਾਂ ਨੂੰ ਪਹਿਲਾਂ ਆਲੂਆਂ ਦੇ ਘੱਟ ਭਾਅ ਅਤੇ ਹੜ੍ਹਾਂ ਦੀ ਮਾਰ ਨੇ ਆਰਥਿਕ ਤੌਰ 'ਤੇ ਝੰਬ ਕਿ ਰੱਖ ਦਿੱਤਾ, ਹੁਣ ਗੰਨੇ ਦੇ ਪ੍ਰਤੀ ਏਕੜ ਘਟੇ ਝਾੜ ਦੀ ਮਾਰ ਵੀ ਉਨ੍ਹਾਂ 'ਤੇ ਪਈ ਹੈ | ਇਸ ਵਾਰ ਅਸਥਿਰ ਮੌਸਮੀ ਹਾਲਾਤਾਂ ਨੇ ਗੰਨੇ ਦੀ ਫ਼ਸਲ ਨੂੰ ਭਾਰੀ ਝਟਕਾ ਦਿੱਤਾ ਹੈ | ਕਈ ਪ੍ਰਭਾਵਿਤ ਜ਼ਿਲਿ੍ਹਆਂ ਵਿਚ ਗੰਨੇ ਦਾ ਝਾੜ ਔਸਤਨ 35 ਤੋਂ 40 ਕੁਇੰਟਲ ਪ੍ਰਤੀ ਏਕੜ ਤੱਕ ਘੱਟ ਦਰਜ ਕੀਤਾ ਗਿਆ ਹੈ | ਆਮ ਹਾਲਾਤਾਂ ਵਿਚ ਜਿੱਥੇ ਗੰਨੇ ਦਾ ਝਾੜ ਕਰੀਬ 750-800 ਕੁਇੰਟਲ ਪ੍ਰਤੀ ਹੈਕਟੇਅਰ (300-320 ਕੁਇੰਟਲ ਪ੍ਰਤੀ ਏਕੜ) ਰਹਿੰਦਾ ਹੈ, ਉੱਥੇ ਇਸ ਵਾਰ ਪ੍ਰਭਾਵਿਤ ਖੇਤਰਾਂ ਵਿਚ ਇਹ ਘੱਟ ਕੇ ਲਗਭਗ 260-280 ਕੁਇੰਟਲ ਪ੍ਰਤੀ ਏਕੜ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ | ਰਾਜ ਵਿਚ ਗੰਨੇ ਦੀ ਖੇਤੀ ਹੇਠ ਲਗਭਗ 1.90 ਤੋਂ 2.00 ਲੱਖ ਹੈਕਟੇਅਰ ਰਕਬਾ ਦਰਜ ਹੁੰਦਾ ਹੈ | ਖੇਤੀ ਮਾਹਿਰਾਂ ਅਨੁਸਾਰ ਜੇ ਔਸਤਨ 35-40 ਕੁਇੰਟਲ ਪ੍ਰਤੀ ਏਕੜ ਕਮੀ ਨੂੰ ਧਿਆਨ ਵਿਚ ਰੱਖਿਆ ਜਾਵੇ ਤਾਂ ਕੁੱਲ ਉਤਪਾਦਨ 'ਤੇ ਵੀ ਮਹੱਤਵਪੂਰਨ ਅਸਰ ਪੈਣਾ ਸੁਭਾਵਿਕ ਹੈ | ਜਾਣਕਾਰੀ ਅਨੁਸਾਰ ਪਿਛਲੇ ਸੀਜ਼ਨ ਦੀ ਸ਼ੁਰੂਆਤ ਕਰੀਬ 95 ਹਜ਼ਾਰ ਹੈਕਟੇਅਰ (ਲਗਭਗ 2.35 ਲੱਖ ਏਕੜ) ਵਿਚ ਗੰਨੇ ਦੀ ਬਿਜਾਈ ਨਾਲ ਹੋਈ ਸੀ | ਇਨ੍ਹਾਂ ਵਿਚੋਂ ਕਰੀਬ 40 ਹਜ਼ਾਰ ਏਕੜ ਰਕਬਾ ਹੜ੍ਹਾਂ ਨਾਲ ਪ੍ਰਭਾਵਿਤ ਹੋਇਆ, ਜਦਕਿ ਬਾਕੀ ਖੇਤਰ ਵਿਚ ਵੀ ਪੈਦਾਵਾਰ ਵਿਚ 35 ਤੋਂ 40 ਕੁਇੰਟਲ ਪ੍ਰਤੀ ਏਕੜ ਤੱਕ ਦੀ ਕਮੀ ਆਈ | ਪੰਜਾਬ ਵਿਚ ਹਰ ਸਾਲ ਤਕਰੀਬਨ 780 ਲੱਖ ਕੁਇੰਟਲ ਗੰਨਾ ਉਤਪਾਦਿਤ ਹੁੰਦਾ ਹੈ, ਜਿਸ ਵਿਚੋਂ ਲਗਭਗ 630 ਲੱਖ ਕੁਇੰਟਲ ਮਿਲਾਂ ਨੂੰ ਸਪਲਾਈ ਕੀਤਾ ਜਾਂਦਾ ਹੈ | ਨਿੱਜੀ ਮਿਲਾਂ ਕਰੀਬ 470 ਲੱਖ ਕੁਇੰਟਲ ਗੰਨਾ ਪੋ੍ਰਸੈੱਸ ਕਰਦੀਆਂ ਹਨ, ਜਦਕਿ ਬਾਕੀ ਮਾਤਰਾ ਸਹਿਕਾਰੀ ਖੰਡ ਮਿਲਾਂ ਵਲੋਂ ਕੀਤੀ ਜਾਂਦੀ ਹੈ | ਪਰ ਇਸ ਸੀਜ਼ਨ ਦੌਰਾਨ ਕੁੱਝ ਗੰਨਾ ਮਿੱਲਾਂ ਵਲੋਂ ਗੰਨਾਂ ਖ਼ਰੀਦਣ ਲਈ ਕਿਸਾਨਾਂ ਨਾਲ ਸਿੱਧਾ ਸੰਪਰਕ ਕੀਤਾ ਜਾ ਰਹੀ ਹੈ, ਤਾਂ ਜੋ ਕਿਸਾਨ ਆਪਣਾ ਗੰਨਾ ਸੰਬੰਧਿਤ ਮਿਲ ਨੂੰ ਹੀ ਵੇਚਣ | ਮਿੱਲ ਪ੍ਰਬੰਧਕਾਂ ਅਨੁਸਾਰ ਇਸ ਕਦਮ ਨਾਲ ਖ਼ਰੀਦ ਪ੍ਰਕਿਰਿਆ ਸੁਚਾਰੂ ਰਹੇਗੀ ਅਤੇ ਮਿਲਾਂ ਕੋਲ ਲਗਾਤਾਰ ਗੰਨੇ ਦੀ ਆਮਦ ਬਣੀ ਰਹੇਗੀ | ਗੰਨਾ ਨਕਦੀ ਫ਼ਸਲ ਹੋਣ ਕਰਕੇ ਹਜ਼ਾਰਾਂ ਕਿਸਾਨ ਪਰਿਵਾਰਾਂ ਦੀ ਆਮਦਨ ਇਸ ਨਾਲ ਜੁੜੀ ਹੈ | ਝਾੜ ਵਿਚ ਕਮੀ ਨਾਲ ਕਿਸਾਨਾਂ ਦੀ ਪ੍ਰਤੀ ਏਕੜ ਆਮਦਨ ਵਿਚ ਸਿੱਧਾ ਘਾਟਾ ਪੈਣ ਦੀ ਸੰਭਾਵਨਾ ਹੈ | ਖੇਤੀ ਖ਼ਰਚਿਆਂ ਵਿਚ ਵਾਧੇ ਅਤੇ ਖਾਦਾਂ ਦੀਆਂ ਕੀਮਤਾਂ ਦੇ ਮੱਦੇਨਜ਼ਰ ਇਹ ਘਾਟਾ ਹੋਰ ਵੀ ਭਾਰੀ ਸਾਬਤ ਹੋ ਸਕਦਾ ਹੈ | ਦੂਜੇ ਪਾਸੇ, ਰਾਜ ਦੀਆਂ ਗੰਨਾ ਮਿਲਾਂ ਲਈ ਵੀ ਇਹ ਸਥਿਤੀ ਚੁਣੌਤੀਪੂਰਨ ਬਣ ਸਕਦੀ ਹੈ | ਕੱਚੇ ਮਾਲ ਦੀ ਘਟਦੀ ਉਪਲਬਧਤਾ ਕਾਰਨ ਪਿੜਾਈ ਸੀਜ਼ਨ ਦੀ ਮਿਆਦ ਅਤੇ ਸਮਰੱਥਾ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ |
ਪਿਛਲੀ ਖ਼ਬਰ ਇਤਿਹਾਸਿਕ ਸ਼ਹਿਰ ਪਟਿਆਲਾ ਦੀ ਵਿਰਾਸਤ ਦਾ ਆਨੰਦ ਲਿਆ ਪਟਿਆਲਵੀਆਂ ਨੇ ਅਗਲੀ ਖ਼ਬਰ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਤੋਂ ਪਰਤੇ ਭਗਤ ਸਿੰਘ ਧਾਮੀ ਅਤੇ ਸਮੁੱਚੇ ਜਥੇ ਦਾ ਸਮਾਜ ਸੇਵੀ ਆਗੂ, ਪ੍ਰਵਾਸੀ ਭਾਰਤੀ ਸੁਖ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।