ਸਮਾਣਾ, 27 ਫਰਵਰੀ (ਹਰਵਿੰਦਰ ਸਿੰਘ ਟੋਨੀ)-ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਮੰਡੀ ਵਿਚੋਂ ਪੱਕਾ ਫੜ 'ਤੇ ਸਥਿਤ ਆੜ੍ਹਤੀ ਦੀ ਇਕ ਦੁਕਾਨ ਦਾ ਗੱਲਾ ਤੋੜ ਕੇ 55 ਹਜ਼ਾਰ ਰੁਪਏ ਦੀ ਨਗਦੀ ਅਤੇ ਏ.ਸੀ. ਦਾ ਕੰਪਰੈਸ਼ਰ ਚੋਰੀ ਕਰ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਚੋਰੀ ਸੰਬੰਧੀ ਜਾਣਕਾਰੀ ਸਵੇਰੇ ਅਕਾਊਾਟੈਂਟ ਵਲੋਂ ਦੁਕਾਨ ਖੋਲ੍ਹਣ 'ਤੇ ਮਿਲੀ | ਸੂਚਨਾ ਮਿਲਣ 'ਤੇ ਸਿਟੀ ਪੁਲਿਸ ਨੇ ਘਟਨਾ ਵਾਲੀ ਜਗ੍ਹਾ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ | ਪੱਕਾ ਫੜ੍ਹ 'ਤੇ ਸਥਿਤ ਗੁਰੂ ਨਾਨਕ ਦੇਵ ਟਰੇਡਿੰਗ ਕੰਪਨੀ ਦੇ ਮਾਲਕ ਹਰਪ੍ਰੀਤ ਸਿੰਘ ਹੈਪੀ ਨੇ ਦੱਸਿਆ ਕਿ ਚੋਰ ਛੱਤ ਦਾ ਦਰਵਾਜ਼ਾ ਤੋੜ ਕੇ ਪੌੜੀਆਂ ਦੇ ਰਸਤੇ ਥੱਲੇ ਦੁਕਾਨ ਵਿਚ ਉੱਤਰੇ ਤੇ ਗੱਲਾ ਅਤੇ ਦਰਾਜ਼ ਤੋੜ ਕੇ 55 ਹਜ਼ਾਰ ਰੁਪਏ ਦੀ ਨਗਦੀ ਅਤੇ ਲੱਗਿਆ ਏ.ਸੀ. ਕੰਪਰੈਸ਼ਰ ਚੁਰਾ ਕੇ ਲੈ ਗਏ ਜਦੋਂ ਕਿ ਦਰਾਜ਼ ਤੇ ਲੋਹੇ ਦੀ ਅਲਮਾਰੀ ਨੂੰ ਲੋਹੇ ਦੀ ਰਾੜ ਨਾਲ ਤੋੜਿਆ ਅਤੇ ਦੁਕਾਨ ਵਿਚ ਪਏ ਕਾਗ਼ਜ਼ਾਤ ਫਰੋਲੇ ਗਏ | ਦੁਕਾਨਦਾਰ ਅਨੁਸਾਰ ਬਾਜ਼ਾਰ ਵਿਚ ਪਹਿਲਾ ਵੀ ਹੋਈਆਂ ਚੋਰੀਆਂ ਬਾਰੇ ਪੁਲਿਸ ਅਜੇ ਤੱਕ ਕੋਈ ਪਤਾ ਨਹੀਂ ਲਗਾ ਸਕੀ | ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਪੁਲਿਸ ਦੇ ਏ.ਐੱਸ.ਆਈ. ਬਲਜੀਤ ਸਿੰਘ ਨੇ ਦੱਸਿਆ ਕਿ ਸਥਿਤੀ ਦਾ ਜਾਇਜ਼ਾ ਲੈ ਕੇ ਨਜ਼ਦੀਕੀ ਸੀ.ਸੀ.ਟੀ.ਵੀ. ਕੈਮਰਿਆਂ ਅਤੇ ਹੋਰ ਸੂਤਰਾਂ ਰਾਹੀਂ ਚੋਰਾਂ ਦਾ ਸੁਰਾਗ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ |