ਪਟਿਆਲਾ, 27 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਵਿਖੇ ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਵਲੋਂ ਜ਼ਿਲ੍ਹਾ ਮਹਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਰੇਖਾ ਅਗਰਵਾਲ ਅਤੇ ਦਿਹਾਤੀ ਪ੍ਰਧਾਨ ਭੁਪਿੰਦਰ ਕੌਰ ਕੌਰਜੀਵਾਲਾ ਦੀ ਅਗਵਾਈ ਹੇਠ ਰੱਖੇ ਰੋਸ ਪ੍ਰਦਰਸ਼ਨ ਵਿਚ ਸ਼ਿਰਕਤ ਕੀਤੀ ਗਈ, ਜਿਸ ਵਿਚ ਮਹਿਲਾਵਾਂ ਨੇ ਚਿੱਟੀਆਂ ਟੀ-ਸ਼ਰਟਾਂ ਪਾ ਕੇ ਮੋਦੀ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਜ਼ਿਲ੍ਹਾ ਕਾਂਗਰਸ ਪਟਿਆਲਾ ਦਿਹਾਤੀ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਐਪਸਟਾਇਨ ਫਾਈਲ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੂੰਜੀਪਤੀ ਗੌਤਮ ਅਡਾਨੀ ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਨਾਮ ਆਉਣ ਤੋਂ ਬਾਅਦ ਮੋਦੀ ਸਰਕਾਰ ਦੇ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਆਪਣੇ ਆਪ ਹੀ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ | ਇਸ ਮੌਕੇ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਨਾਲ ਵਪਾਰ ਸਮਝੌਤਾ ਕਰਕੇ ਇਕ ਵਾਰ ਫਿਰ ਤਿੰਨ ਕਾਨੂੰਨਾਂ ਵਾਂਗ ਕਿਸਾਨ ਮਾਰੂ ਹੋਣ ਦਾ ਸਬੂਤ ਦਿੱਤਾ ਹੈ | ਰੰਧਾਵਾ ਨੇ ਕਿਹਾ ਕਿ ਮੋਦੀ ਸਰਕਾਰ ਅਮਰੀਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਇਸ਼ਾਰਿਆਂ ਉੱਤੇ ਕੰਮ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਰਾਸ਼ਟਰਵਾਦੀ ਕਹਿਣ ਵਾਲੀ ਸਰਕਾਰ ਨੇ ਦੇਸ਼ ਦੇ ਹਿਤਾਂ ਨੂੰ ਵਿਦੇਸ਼ੀ ਤਾਕਤਾਂ ਅੱਗੇ ਗੋਡੇ ਟੇਕ ਕੇ ਖ਼ਤਰੇ ਵਿਚ ਪਾ ਦਿੱਤਾ ਹੈ | ਉਨ੍ਹਾਂ ਕਾਂਗਰਸ ਦੇ ਰਾਜ ਦੀ ਮਿਸਾਲ ਦਿੰਦਿਆਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜਾਂ ਮਨਮੋਹਨ ਸਿੰਘ ਨੇ ਕਦੇ ਅਮਰੀਕਾ ਅੱਗੇ ਸਿਰ ਨਹੀਂ ਝੁਕਾਇਆ ਪਰ ਮੋਦੀ ਸਰਕਾਰ ਦੀਆਂ ਵਿਦੇਸ਼ੀ ਨੀਤੀਆਂ ਕਾਰਨ ਭਾਰਤ ਦੀ ਆਰਥਿਕ ਹਾਲਤ ਬਦ ਤੋਂ ਬਦਤਰ ਹੋ ਗਈ ਹੈ ਅਤੇ ਬੇਰੁਜ਼ਗਾਰੀ ਲਗਾਤਾਰ ਵਧ ਰਹੀ ਹੈ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਬੁਰੀ ਤਰ੍ਹਾਂ ਫ਼ੇਲ੍ਹ ਹੋ ਚੁੱਕੀ ਹੈ ਕਿਉਂਕਿ ਪਾਕਿਸਤਾਨ ਵਿਰੁੱਧ ਅੰਤਰਰਾਸ਼ਟਰੀ ਸਮਰਥਨ ਜੁਟਾਉਣ 'ਚ ਭਾਰਤ ਅਸਫਲ ਰਿਹਾ ਹੈ | ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇਸ਼ ਦੇ ਹਿਤਾਂ ਦੀ ਲੜਾਈ ਲੜ ਰਹੇ ਹਨ ਪਰ ਸਰਕਾਰ ਉਨ੍ਹਾਂ ਨੂੰ ਦਬਾਉਣ 'ਚ ਲੱਗੀ ਹੋਈ ਹੈ | ਇਸ ਮੌਕੇ ਰੇਖਾ ਅਗਰਵਾਲ ਤੇ ਭੁਪਿੰਦਰ ਕੌਰ ਕੌਰਜੀਵਾਲਾ ਨੇ ਕਿਹਾ ਕਿ ਲੋਕਤੰਤਰ ਰਾਜ ਵਿਚ ਪ੍ਰਦਰਸ਼ਨ ਕਰਨਾ ਸਭ ਦਾ ਹੱਕ ਹੈ ਪਰ ਮੋਦੀ ਸਰਕਾਰ ਯੂਥ ਕਾਂਗਰਸ ਤੇ ਮਹਿਲਾ ਕਾਂਗਰਸ ਦੇ ਆਗੂਆਂ ਖ਼ਿਲਾਫ਼ ਨਾਜਾਇਜ਼ ਪਰਚੇ ਦਰਜ ਕਰਕੇ ਵਿਰੋਧ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਹਨ | ਇਸ ਰੋਸ ਪ੍ਰਦਰਸ਼ਨ ਵਿਚ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ, ਮਨਦੀਪ ਕੌਰ ਚੌਹਾਨ, ਪਿ੍ੰਸੀਪਲ ਅਮਰਜੀਤ ਕੌਰ, ਯਾਮਨੀ ਵਰਮਾ, ਲਤਾ ਵਰਮਾ, ਪਰਮਜੀਤ ਕੌਰ ਸੂਲਰ, ਡਿੰਪਲ ਗਿੱਲ, ਪੁਸ਼ਪਾ ਗਿੱਲ, ਪੱਲਵੀ ਜੈਨ, ਸ਼ਿੰਦਰ ਕੌਰ ਧਬਲਾਨ, ਬਲਵਿੰਦਰ ਕੌਰ ਨਿਆਲ, ਗੁਰਮੀਤ ਕੌਰ, ਰੇਨੂੰ ਯਾਦਵ, ਗੁਰਪ੍ਰੀਤ ਵੈਦਵਾਨ ਪੀਏ, ਕਾਲਾ ਬਠੋਈ ਵੀ ਹਾਜ਼ਰ ਰਹੇ |