ਬਨੂੜ, 27 ਫਰਵਰੀ (ਭੁਪਿੰਦਰ ਸਿੰਘ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਅਮਰੀਕਾ ਨਾਲ ਕੀਤੇ ਗਏ ਪ੍ਰਸਤਾਵਿਤ ਵਪਾਰ ਸਮਝੌਤੇ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਦੇਸ਼ ਦੇ ਕਿਸਾਨਾਂ ਵਿਚ ਵੱਡਾ ਰੋਸ ਪਾਇਆ ਜਾ ਰਿਹਾ ਹੈ | ਜਿਸ ਕਾਰਨ ਅੱਜ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਐਸ.ਸੀ. ਵਿੰਗ ਵਲੋਂ ਪ੍ਰਧਾਨ ਜੋਗਿੰਦਰ ਸਿੰਘ ਟਾਈਗਰ, ਮੀਤ ਪ੍ਰਧਾਨ ਜਸਮੇਰ ਸਿੰਘ ਭੱਲਾ ਦੀ ਅਗਵਾਈ ਵਿਚ ਬੰਨੋਂ ਮਾਈ ਚੌਕ ਉੱਤੇ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ | ਇਸ ਦੌਰਾਨ ਕਿਸਾਨਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ | ਭਾਕਿਯੂ ਚੜੂਨੀ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਟਾਈਗਰ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਡੋਨਾਲਡ ਟਰੰਪ ਵਲੋਂ ਕਾਰਪੋਰੇਟ ਘਰਾਨਿਆਂ ਦੇ ਹਿਤ ਵਿਚ ਕੀਤਾ ਜਾ ਰਿਹਾ ਇਹ ਫ਼ੈਸਲੇ ਦੇਸ਼ ਦੇ ਕਿਸਾਨਾਂ ਦੇ ਨਾਲ-ਨਾਲ ਹਰ ਵਰਗ ਲਈ ਘਾਤਕ ਸਿੱਧ ਹੋਵੇਗੀ | ਉਨ੍ਹਾਂ ਕਿਹਾ ਕਿ ਭਾਰਤ ਦੇਸ਼ ਦਾ ਕਿਸਾਨ ਅਮਰੀਕਾ ਵਿਚ ਹੋ ਰਹੀ ਵੱਡੇ ਪੱਧਰ ਦੀ ਖੇਤੀ ਦਾ ਮੁਕਾਬਲਾ ਕਦੇ ਵੀ ਨਹੀਂ ਕਰ ਸਕੇਗਾ, ਕਿਉਂਕਿ ਅਮਰੀਕਾ ਵਰਗੇ ਦੇਸ਼ ਆਪਣੇ ਕਿਸਾਨਾਂ ਨੂੰ ਵੱਡੀ ਸਬਸਿਡੀ ਦੀ ਰਾਹਤ ਦੇ ਕੇ ਖੇਤੀ ਕਰਵਾਉਂਦੇ ਹਨ | ਕਿਸਾਨ ਆਗੂਆਂ ਨੇ ਕਿਹਾ ਕਿ ਜਿਹੜੀ ਜਿਨਸ ਸੋਇਆ, ਮੱਕੀ ਅਤੇ ਦੁੱਧ ਦੇ ਬਣੇ ਹੋਏ ਪ੍ਰੋਡਕਟਾਂ ਨੂੰ ਭਾਰਤ ਦੇਸ਼ ਦੇ ਮੁਕਾਬਲੇ ਦਾ ਬਣਾਉਣ ਲਈ ਪਹਿਲਾਂ ਵੱਡੇ ਪੱਧਰ 'ਤੇ ਡਿਊਟੀ ਲਗਾਈ ਜਾਂਦੀ ਰਹੀ ਹੈ | ਉਨ੍ਹਾਂ ਹੀ ਫ਼ਸਲਾਂ ਡੇਅਰੀ ਉਤਪਾਦਾਂ ਵਗ਼ੈਰਾ ਨੂੰ ਅਮਰੀਕਾ ਦੇ ਦਬਾਅ ਹੇਠ ਮੁਫ਼ਤ ਡਿਊਟੀ ਕਰਨਾ ਦੇਸ਼ ਦੇ ਕਿਸਾਨਾਂ, ਦੁਕਾਨਦਾਰਾਂ ਤੇ ਨਾਲ ਹਰ ਵਰਗ ਨੂੰ ਲੈ ਡੁੱਬੇਗਾ | ਉਨ੍ਹਾਂ ਕਿਹਾ ਅਮਰੀਕਾ ਵਰਗੇ ਦੇਸ਼ ਵਲੋਂ ਜੀ.ਐਮ. ਕਰੋਪਸ ਵਰਗੀਆਂ ਮੋਡੀਫਾਈ ਫ਼ਸਲਾਂ ਵੱਧ ਦੁੱਧ ਲੈਣ ਵਰਗੇ ਫ਼ਾਰਮੂਲੇ ਦੇਸ਼ ਦੇ ਲੋਕਾਂ ਲਈ ਵੱਡੇ ਪੱਧਰ 'ਤੇ ਕੈਂਸਰ ਵਰਗੀਆਂ ਬਿਮਾਰੀਆਂ ਲੈ ਕੇ ਆਉਣਗੀਆਂ | ਉਨ੍ਹਾਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਜੇਕਰ ਇਹ ਸਮਝੌਤਾ ਕਰਕੇ ਸਾਡੇ ਲੋਕਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ | ਕਿਸਾਨ ਆਗੂਆਂ ਨੇ ਕਿਹਾ ਹੁਣ ਦੇਸ਼ ਦੇ ਲੋਕਾਂ ਵਿਚ ਜਾਗਰੂਕਤਾ ਆ ਚੁੱਕੀ ਹੈ ਅਤੇ ਜੇਕਰ ਇਨ੍ਹਾਂ ਸਮਝੌਤਿਆਂ ਨੂੰ ਮੋਦੀ ਸਰਕਾਰ ਵਲੋਂ ਰੱਦ ਨਾ ਕੀਤਾ ਗਿਆ ਤਾਂ ਦੇਸ਼ ਦੇ ਲੋਕ ਇਕ ਵਾਰ ਫਿਰ ਤੋਂ ਅੰਦੋਲਨ ਕਰਨ ਲਈ ਮਜਬੂਰ ਹੋਣਗੇ | ਇਸ ਮੌਕੇ ਰਵਿੰਦਰ ਸਿੰਘ ਸੈਣੀ, ਗੁਰਜੀਤ ਸਿੰਘ ਚਹਿਲ, ਗੁਰਮੀਤ ਸਿੰਘ ਬਿੱਟੂ, ਜੋਗਿੰਦਰ ਸਿੰਘ, ਅੰਮਿ੍ਤ ਸਿੰਘ, ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਖਾਸਪੁਰ, ਇੰਦਰਜੀਤ ਸਿੰਘ ਮੀਤ ਪ੍ਰਧਾਨ ਖਲੌਰ, ਜਗਜੀਤ ਸਿੰਘ ਜੱਗੀ, ਸੁਖਵੰਤ ਸਿੰਘ ਸਮੇਤ ਵੱਖ-ਵੱਖ ਪਿੰਡਾਂ ਦੇ ਕਿਸਾਨ ਹਾਜ਼ਰ ਸਨ |