ਪਟਿਆਲਾ, 28 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਂਪਸ ਵਿਖੇ ਵਿਦਿਆਰਥਣਾਂ ਦੇ ਹੋਸਟਲ ਸਮੇਂ ਸੰਬੰਧੀ 2018 'ਚ ਬਣੇ ਨਿਯਮਾਂ ਨੂੰ ਮੁੜ ਲਾਗੂ ਕਰ ਦਿੱਤਾ ਗਿਆ ਹੈ | ਵਿਦਿਆਰਥੀ ਜਥੇਬੰਦੀ ਯੂ.ਐੱਸ.ਐੱਸ.ਐਫ. ਦੇ ਕੈਂਪਸ ਇੰਚਾਰਜ ਨਿਰਮਲਜੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਨਿਯਮਾਂ ਅਨੁਸਾਰ ਹੁਣ ਵਿਦਿਆਰਥਣਾਂ ਦੇ ਹੋਸਟਲ ਰਾਤ 9 ਵਜੇ ਬੰਦ ਹੋ ਜਾਇਆ ਕਰਨਗੇ ਅਤੇ ਜਿਸ ਵਿਦਿਆਰਥਣ ਨੇ ਪੇਪਰਾਂ ਸਮੇਂ ਜਾਂ ਪੜ੍ਹਾਈ ਨਾਲ ਸੰਬੰਧਿਤ ਕੋਈ ਵੀ ਗਤੀਵਿਧੀ ਕਰਨੀ ਹੈ ਤਾਂ ਉਹ ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ 'ਚ ਰਾਤ ਸਮੇਂ 9-11 ਵਜੇ ਤੱਕ ਪੜ੍ਹ ਸਕਦੀ ਹੈ ਅਤੇ ਇਸ ਲਈ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਵਿਦਿਆਰਥਣਾਂ ਦੀ ਸਹੂਲਤ ਲਈ ਰਾਤ ਸਮੇਂ ਬੱਸ ਚਲਾਈ ਗਈ ਹੈ ਅਤੇ ਬੱਸ ਰਾਹੀਂ ਆਉਣਾ-ਜਾਣਾ ਯਕੀਨੀ ਬਣਾਇਆ ਹੈ | ਉਨ੍ਹਾਂ ਕਿਹਾ ਕਿ ਇਸ ਨਿਯਮ ਨੂੰ ਮੁੜ ਲਾਗੂ ਕਰਨ ਤੋਂ ਪਹਿਲਾਂ ਰਾਤ ਸਮੇਂ ਹੋਸਟਲ ਖੁੱਲ੍ਹੇ ਰਹਿਣ ਦੀ ਸਹੂਲਤ ਦਾ ਨਾਜਾਇਜ਼ ਲਾਭ ਲੈਂਦੇ ਹੋਏ 10-20 ਫ਼ੀਸਦੀ ਵਿਦਿਆਰਥੀਆਂ ਵਲੋਂ ਹੋਸਟਲ ਤੋਂ ਲਾਇਬ੍ਰੇਰੀ ਦੀ ਹਾਜ਼ਰੀ ਲਗਾ ਕੇ ਲਾਇਬ੍ਰੇਰੀ ਨਾ ਪਹੁੰਚ ਕੇ ਕੈਂਪਸ ਦੀਆਂ ਪਾਰਕਾਂ 'ਚ ਅਸੱਭਿਅਕ ਮਾਹੌਲ ਸਿਰਜਿਆ ਜਾਣ ਲੱਗਾ | ਉਨ੍ਹਾਂ ਕਿਹਾ ਕਿ ਜਦੋਂ ਇਸ ਅਸੱਭਿਅਕ ਮਾਹੌਲ ਦਾ ਕੈਂਪਸ ਰੈਜੀਡੈਂਟਸ, ਵਿਦਿਆਰਥੀ ਜਥੇਬੰਦੀ ਯੂ.ਐੱਸ.ਐੱਸ.ਐਫ., ਬੀਬੀ ਉਪਕਾਰ ਕੌਰ ਗਰਲਜ਼ ਵਿੰਗ, ਆਰ.ਐੱਸ.ਏ. ਅਤੇ ਬੁੱਢਾ ਦਲ ਦੇ ਵਿਦਿਆਰਥੀਆਂ ਵਲੋਂ ਵਿਰੋਧ ਕੀਤਾ ਗਿਆ ਤਾਂ ਪ੍ਰਸ਼ਾਸਨ ਵਲੋਂ ਸਖ਼ਤੀ ਨਾਲ ਸਾਲ 2018 ਦੇ ਬਣੇ ਨਿਯਮ ਲਾਗੂ ਕਰ ਦਿੱਤੇ ਗਏ ਪਰ ਇਸ ਦਾ ਕੁਝ ਸ਼ਰਾਰਤੀ ਅਨਸਰਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਉਹ ਵਿਦਿਆਰਥੀਆਂ 'ਚ ਝੂਠਾ ਪ੍ਰਾਪੇਗੰਡਾ ਕਰ ਰਹੇ ਹਨ | ਵਿਦਿਆਰਥੀ ਆਗੂ ਕੁਲਵਿੰਦਰ ਸਿੰਘ ਨੇ ਕਿਹਾ ਕਿ 2018 ਤੋਂ 2026 ਤੱਕ ਹੋਸਟਲ ਤੋਂ ਲਾਇਬ੍ਰੇਰੀ ਤੱਕ ਦਾ ਸਮਾਂ 9-11 ਵਜੇ ਤੱਕ ਦੀ ਪ੍ਰਥਾ ਚੱਲਦੀ ਆ ਰਹੀ ਹੈ | ਜਿਸ ਦਾ ਹੋਸਟਲ ਵਸਨੀਕ ਵਿਦਿਆਰਥਣਾਂ ਨੂੰ ਵੀ ਪਤਾ ਹੈ ਪਰ ਇਹ ਬਿਲਕੁਲ ਝੂਠ ਹੈ ਕਿ ਲਾਇਬ੍ਰੇਰੀ ਜਾਂ ਕਿਤਾਬਾਂ ਖੋਹ ਲਈਆਂ ਹਨ | ਪ੍ਰਧਾਨ ਮਨਦੀਪ ਸਿੰਘ ਨੇ ਕਿਹਾ ਕਿ ਹਰੇਕ ਅਦਾਰੇ ਦੇ ਆਪਣੇ ਨਿਯਮ ਹੁੰਦੇ ਹਨ ਅਤੇ ਇਹ ਨਿਯਮ ਸੁਰੱਖਿਅਤ ਮਾਹੌਲ ਸਿਰਜਣ ਅਤੇ ਅਸੱਭਿਅਕ ਘਟਨਾਵਾਂ ਰੋਕਣ ਲਈ ਬਣਾਏ ਗਏ ਹਨ | ਇਸ ਸਮੇਂ ਬੀਬੀ ਉਪਕਾਰ ਕੌਰ ਗਰਲਜ਼ ਵਿੰਗ ਦੀ ਵਿਦਿਆਰਥੀ ਆਗੂ ਰਾਜਵੀਰ ਕੌਰ ਨੇ ਕਿਹਾ ਕਿ ਕੁੱਝ ਨਿਯਮ ਸਭ ਲਈ ਸਾਂਝੇ ਹੁੰਦੇ ਹਨ, ਪਰ ਕੁੱਝ ਨਿਯਮ ਸੁਰੱਖਿਆ ਅਤੇ ਸਮੇਂ ਦੀ ਲੋੜ ਅਨੁਸਾਰ ਬਣਾਏ ਜਾਂਦੇ ਹਨ, ਜਿਸ 'ਚ ਸਮਾਨਤਾ ਨਹੀਂ ਲਿਆਂਦੀ ਜਾ ਸਕਦੀ ਅਤੇ ਅਜਿਹੀਆਂ ਅਸੱਭਿਅਕ ਗਤੀਵਿਧੀਆਂ ਕਾਰਨ ਪੜਨ ਵਾਲੇ ਹੋਰ ਵਿਦਿਆਰਥੀਆਂ ਦਾ ਵੀ ਨੁਕਸਾਨ ਹੁੰਦਾ ਹੈ | ਨਿਰਮਲਜੀਤ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ 'ਚ ਵਿੱਦਿਅਕ ਮਾਹੌਲ ਮੁੜ ਸੁਰਜੀਤ ਕਰਨ ਲਈ ਹਰੇਕ ਯਤਨ ਕੀਤਾ ਜਾਵੇਗਾ |