ਪਟਿਆਲਾ, 28 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਆਈ. ਸੀ. ਐੱਸ. ਐੱਸ.ਆਰ. ਨੇ ਅਕਾਦਮਿਕ ਸੈਸਨ 2025-26 ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਇਕ ਖੋਜ ਪ੍ਰੋਜੈਕਟ ਪ੍ਰਦਾਨ ਕੀਤਾ ਹੈ | ਇਸ ਪ੍ਰੋਜੈਕਟ ਦੇ ਡਾਇਰੈਕਟਰ ਡਾ. ਰਾਜਬੰਸ ਸਿੰਘ ਗਿੱਲ, ਪ੍ਰੋਫੈਸਰ ਲੋਕ ਪ੍ਰਸ਼ਾਸਨ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਸਹਿ-ਪ੍ਰੋਜੈਕਟ ਡਾਇਰੈਕਟਰ ਡਾ. ਰਣਜੀਤ ਕੌਰ, ਅਸਿਸਟੈਂਟ ਪ੍ਰੋਫੈਸਰ, ਲੋਕ ਪ੍ਰਸ਼ਾਸਨ ਵਿਭਾਗ ਨੂੰ ਨਿਯੁਕਤ ਕੀਤਾ ਗਿਆ ਹੈ | ਡਾ. ਰਾਜਬੰਸ ਸਿੰਘ ਗਿੱਲ ਇਸ ਸਮੇਂ ਡੀਨ, ਅਲੂਮਨੀ ਰਿਲੇਸਨਜ, ਅਤੇ ਸੈਂਟਰ ਫ਼ਾਰ ਪਬਲਿਕ ਪਾਲਿਸੀ ਐਂਡ ਗਵਰਨੈਂਸ ਦੇ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਹਨ | ਇਹ ਰਿਸਰਚ ਪ੍ਰੋਜੈਕਟ ਪੰਚਾਇਤ ਪੱਧਰ 'ਤੇ ਡਿਜੀਟਲ ਸੇਵਾਵਾਂ ਨੂੰ ਅਪਣਾਉਣ ਵਿੱਚ ਆ ਰਹੀਆਂ ਰੁਕਾਵਟਾਂ ਦੀ ਪਛਾਣ ਕਰਨ ਅਤੇ ਜਨਤਕ ਸੇਵਾਵਾਂ ਦੀ ਪ੍ਰਦਾਨਗੀ 'ਚ ਕੁਸ਼ਲਤਾ ਵਧਾਉਣ ਤੇ ਕੇਦਿ੍ਤ ਹੋਵੇਗਾ | ਇਸ ਸਟੱਡੀ ਦਾ ਉਦੇਸ਼ ਡਿਜੀਟਲ ਸੇਵਾਵਾਂ 'ਚ ਆਈ ਕਮੀ ਨੂੰ ਪੂਰਾ ਕਰਨਾ ਅਤੇ ਪੰਜਾਬ ਦੇ ਪੇਂਡੂ ਵਰਗ ਵਿੱਚ ਜ਼ਮੀਨੀ ਰਿਕਾਰਡ, ਸਰਟੀਫਿਕੇਟ ਅਤੇ ਨਾਗਰਿਕ ਸ਼ਿਕਾਇਤਾਂ ਨਿਵਾਰਣ ਵਰਗੀਆਂ ਸੇਵਾਵਾਂ ਨੂੰ ਸੁਚਾਰੂ ਬਣਾਉਣ ਲਈ ਈ.ਗਵਰਨੈਂਸ ਨੂੰ ਕਿਵੇਂ ਬਿਹਤਰ ਢੰਗ ਨਾਲ ਲਾਗੂ ਕੀਤਾ ਜਾ ਸਕਦਾ ਹੈ ਤੇ ਕ੍ਰੇਦਿ੍ਤ ਹੋਵੇਗਾ | ਇਸ ਰਿਸਰਚ ਦਾ ਉਦੇਸ਼ ਤਰਕ ਆਧਾਰਿਤ ਯੋਗ ਹੱਲ ਪ੍ਰਦਾਨ ਕਰਨਾ ਹੈ ਤਾਂ ਜੋ ਪ੍ਰਸ਼ਾਸਕੀ ਪ੍ਰਕਿਰਿਆਵਾਂ ਨੂੰ ਵਧੇਰੇ ਪਾਰਦਰਸ਼ੀ, ਜਵਾਬਦੇਹ ਅਤੇ ਪੇਂਡੂ ਆਬਾਦੀ ਲਈ ਆਸਾਨ ਪਹੁੰਚ ਦੇ ਯੋਗ ਬਣਾ ਸਕੀਏ |