ਪਾਤੜਾਂ, 28 ਫਰਵਰੀ (ਜਗਦੀਸ਼ ਸਿੰਘ ਕੰਬੋਜ)-ਦੇਰ ਸ਼ਾਮ ਜਾਖ਼ਲ ਰੋਡ 'ਤੇ ਸਥਿਤ ਬੂਟਾਂ ਅਤੇ ਕਰਿਆਨੇ ਦਾ ਸਾਮਾਨ ਸਪਲਾਈ ਕਰਨ ਵਾਲੀ ਇਕ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ | ਜਿਸ ਨਾਲ ਦੁਕਾਨ 'ਚ ਪਿਆ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ | ਬਿਜਲੀ ਸਰਕਟ ਸ਼ਾਟ ਹੋਣ ਕਾਰਨ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਫਾਇਰ ਬਿ੍ਗੇਡ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਅੱਗ 'ਤੇ ਕਾਬੂ ਪਾਇਆ, ਜਿਸ ਨਾਲ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਜਾਣਕਾਰੀ ਅਨੁਸਾਰ ਬੀਤੀ ਰਾਤ ਸ਼ਹਿਰ ਦੇ ਜਾਖ਼ਲ ਪਾਤੜਾਂ ਮੁੱਖ ਸੜਕ 'ਤੇ ਬੂਟਾਂ ਦੀ ਦੁਕਾਨ ਨੂੰ ਅਚਾਨਕ ਅੱਗ ਲੱਗ ਗਈ | ਜਿਸ ਨਾਲ ਦੁਕਾਨ 'ਚ ਪਏ ਸਾਮਾਨ ਤੋਂ ਇਲਾਵਾ ਫ਼ਰਨੀਚਰ, ਦੋ ਮੋਟਰਸਾਈਕਲ ਅਤੇ ਏ.ਸੀ. ਵੀ ਅੱਗ ਦੀ ਭੇਟ ਚੜ ਗਏ | ਇਸ ਦੌਰਾਨ ਨਗਰ ਕੌਂਸਲ ਪਾਤੜਾਂ ਦੇ ਪ੍ਰਧਾਨ ਰਣਵੀਰ ਸਿੰਘ ਅਤੇ ਸਾਬਕਾ ਪ੍ਰਧਾਨ ਪ੍ਰੇਮ ਗੁਪਤਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਜਿਸ ਨਾਲ ਦੁਕਾਨਦਾਰ ਦਾ ਬਹੁਤ ਭਾਰੀ ਨੁਕਸਾਨ ਹੋ ਗਿਆ ਹੈ ਉਨ੍ਹਾਂ ਸਰਕਾਰ ਨੂੰ ਦੁਕਾਨਦਾਰ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਅਪੀਲ ਵੀ ਕੀਤੀ | ਇਸ ਮੌਕੇ ਪੀੜਤ ਦੁਕਾਨਦਾਰ ਮੇਘ ਰਾਜ ਨੇ ਭਰੇ ਮਨ ਨਾਲ ਕਿਹਾ ਕਿ ਅੱਗ ਲੱਗਣ ਨਾਲ ਜਿੱਥੇ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ | ਉੱਥੇ ਹੀ ਉਸ ਦਾ ਸਾਰਾ ਕੰਮ ਵੀ ਠੱਪ ਹੋ ਗਿਆ ਹੈ ਕਿਉਂਕਿ ਇਸ ਦੁਕਾਨ ਦੀ ਆਮਦਨ ਤੋਂ ਹੀ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ | ਸ਼ਹਿਰ ਅੰਦਰ ਫਾਇਰ ਬਿ੍ਗੇਡ ਨਾ ਹੋਣ ਕਾਰਨ ਪਹਿਲਾਂ ਵੀ ਕਈ ਵਾਰ ਵੱਡੇ ਨੁਕਸਾਨ ਹੋ ਚੁੱਕੇ ਹਨ | ਸ਼ਹਿਰ ਵਾਸੀਆਂ ਨੇ ਅੱਗ ਲੱਗਣ ਦੀਆਂ ਹੋ ਰਹੀਆਂ ਘਟਨਾਵਾਂ ਨੂੰ ਦੇਖਦਿਆਂ ਪ੍ਰਸ਼ਾਸਨ ਤੋਂ ਫਾਇਰ ਬਿ੍ਗੇਡ ਦੀ ਮੰਗ ਕੀਤੀ ਹੈ ਤਾਂ ਜੋ ਅਜਿਹੀਆਂ ਘਟਨਾਵਾਂ 'ਤੇ ਤੁਰੰਤ ਕਾਬੂ ਪਾਇਆ ਜਾ ਸਕੇ | ਜੇਕਰ ਅੱਜ ਵੀ ਫਾਇਰ ਬਿ੍ਗੇਡ ਸਮੇਂ ਸਿਰ ਪੁੱਜ ਜਾਂਦੀ ਤਾਂ ਪੀੜਤ ਦੁਕਾਨਦਾਰ ਦਾ ਇਨ੍ਹਾਂ ਵੱਡਾ ਨੁਕਸਾਨ ਨਾ ਹੁੰਦਾ |