11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਟਾਵਰ ਮੋਰਚਾ ਕਮੇਟੀ ਵਲੋਂ ਕੀਤਾ ਸਮਾਣਾ ਬੰਦ ਰਿਹਾ ਮੁਕੰਮਲ ਸਫਲ

ਸਮਾਣਾ ਵਿਖੇ ਧਰਮ ਯੁੱਧ ਮੋਰਚਾ ਵਲੋਂ ਦਿੱਤੀ ਸਮਾਣਾ ਬੰਦ ਦੇ ਸੱਦੇ ਦੌਰਾਨ ਬੰਦ ਪਈਆਂ ਦੁਕਾਨਾਂ | ਤਸਵੀਰ : ਹਰਵਿੰਦਰ ਸਿੰਘ ਟੋਨੀ <br/> ਸਮਾਣਾ ਵਿਖੇ ਧਰਮ ਯੁੱਧ ਮੋਰਚਾ ਵਲੋਂ ਦਿੱਤੀ ਸਮਾਣਾ ਬੰਦ ਦੇ ਸੱਦੇ ਦੌਰਾਨ ਸੰਬੋਧਨ ਕਰਦੇ ਆਗੂ ਤੇ ਇਕੱਤਰ ਸੰਗਤ | ਤਸਵੀਰਾਂ : ਹਰਵਿੰਦਰ ਸਿੰਘ ਟੋਨੀ <br/> 03-03-2026
ਸਮਾਣਾ, 2 ਮਾਰਚ (ਹਰਵਿੰਦਰ ਸਿੰਘ ਟੋਨੀ)-ਸਥਾਨਕ ਦੂਰ ਸੰਚਾਰ ਵਿਭਾਗ ਦੇ 4 ਸੌ ਫੁੱਟ ਉੱਚੇ ਟਾਵਰ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ 522 ਦਿਨਾਂ ਤੋਂ ਟਾਵਰ 'ਤੇ ਚੜ੍ਹ ਕੇ ਬੈਠੇ ਭਾਈ ਗੁਰਜੀਤ ਸਿੰਘ ਖ਼ਾਲਸਾ (ਸਾਬਕਾ ਫ਼ੌਜੀ) ਦੇ ਹੱਕ 'ਚ ਵੱਖ-ਵੱਖ ਜਥੇਬੰਦੀਆਂ ਦੀ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਵਲੋਂ ਦਿੱਤਾ ਸਮਾਣਾ ਬੰਦ ਦਾ ਸੱਦਾ ਮੁਕੰਮਲ ਸਫਲ ਰਿਹਾ ਤੇ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਛੱਡ ਕੇ ਸ਼ਹਿਰ ਦੀਆਂ ਸਮੂਹ ਦੁਕਾਨਾਂ ਬੰਦ ਰਹੀਆਂ | ਇਸ ਬੰਦ ਦੌਰਾਨ ਚਾਹ ਆਦਿ ਦੀਆਂ ਦੁਕਾਨਾਂ ਵੀ ਬੰਦ ਰਹੀਆਂ | ਬੰਦ ਦੌਰਾਨ ਸਾਰਾ ਸ਼ਹਿਰ ਖ਼ਾਲਸਾਈ ਰੰਗ ਵਿਚ ਰੰਗਿਆ ਗਿਆ ਤੇ ਧਰਮਯੁੱਧ ਮੋਰਚੇ ਦਾ ਰੋਸ ਮਾਰਚ ਇਤਿਹਾਸਕ ਹੋ ਨਿੱਬੜਿਆ | ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਪਵਿੱਤਰ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਕਰਨ ਵਾਲੇ ਦੁਸ਼ਟਾਂ ਲਈ ਬੇਮਿਸਾਲ ਸਜ਼ਾ ਦਾ ਕਾਨੂੰਨ ਬਣਾਉਣ ਲਈ ਆਰੰਭ ਕੀਤੇ ਧਰਮ ਯੁੱਧ ਮੋਰਚਾ ਵਲੋਂ ਦਿੱਤੀ ਬੰਦ ਦੇ ਸੱਦੇ ਨੂੰ ਸਮੂਹ ਦੁਕਾਨਦਾਰਾਂ ਵਲੋਂ ਪੂਰਾ ਸਮਰਥਨ ਦਿੱਤਾ | ਧਰਮ ਯੁੱਧ ਮੋਰਚੇ ਦੇ ਬਸੰਤੀ ਰੰਗ ਵਾਲੇ ਨਿਸ਼ਾਨ ਸਾਰੇ ਸ਼ਹਿਰ ਦੇ ਬਾਜ਼ਾਰਾਂ 'ਚ ਲਹਿਰਾਉਂਦੇ ਨਜ਼ਰ ਆਏ ਤੇ ਟਾਵਰ 'ਤੇ ਬੈਠੇ ਭਾਈ ਗੁਰਜੀਤ ਸਿੰਘ ਨੇ ਇਸ ਨਜ਼ਾਰੇ ਨੂੰ ਤੱਕਦਿਆਂ ਚੜ੍ਹਦੀਕਲਾ 'ਚ ਜੈਕਾਰੇ ਬੁਲਾਏ ਤੇ ਸੰਗਤਾਂ ਦਾ ਧੰਨਵਾਦ ਕੀਤਾ | ਪੰਜਾਬ ਅਤੇ ਹਰਿਆਣਾ ਸਮੇਤ ਹੋਰ ਸੂਬਿਆਂ ਤੋਂ ਵੱਡੀ ਗਿਣਤੀ 'ਚ ਸ਼ਾਮਿਲ ਹੋ ਰਹੀਆਂ ਸੰਗਤਾਂ ਦੀ ਬਦੌਲਤ ਧਰਮਯੁੱਧ ਮੋਰਚਾ ਦਿਨ ਪ੍ਰਤੀ ਦਿਨ ਚੜ੍ਹਦੀਕਲਾ 'ਚ ਜਾ ਰਿਹਾ ਹੈ | ਮੋਰਚਾ ਪ੍ਰਬੰਧਕ ਕਮੇਟੀ ਨੇ ਸੂਬਾ ਸਰਕਾਰ ਨੂੰ ਬੇਅਦਬੀਆਂ ਦਾ ਕਾਨੂੰਨ ਤੁਰੰਤ ਲਾਗੂ ਕਰਨ ਦੀ ਚੇਤਾਵਨੀ ਦਿੱਤੀ ਤੇ ਆਖਿਆ ਕਿ ਜੇਕਰ ਸਰਕਾਰ ਢਿੱਲਮੱਠ ਦਾ ਰਵੱਈਆ ਜਾਰੀ ਰੱਖਦੀ ਹੈ ਤਾਂ ਸੰਘਰਸ਼ ਸਾਰੇ ਪੰਜਾਬ 'ਚ ਫੈਲ ਜਾਵੇਗਾ, ਜਿਸ ਨੂੰ ਸੰਭਾਲਣਾ ਪੰਜਾਬ ਸਰਕਾਰ ਦੇ ਵਸੋ ਬਾਹਰ ਹੋ ਸਕਦਾ ਹੈ | ਇਸ ਮੌਕੇ ਮੋਰਚੇ ਵਲੋਂ ਸਪਸ਼ਟ ਕੀਤਾ ਗਿਆ ਕਿ ਕੋਈ ਵੀ ਰਾਜਸੀ ਆਗੂ ਆਪਣੀ ਹਉਮੈ, ਹੰਕਾਰ ਤਿਆਗ ਕੇ ਮੋਰਚੇ ਦੇ ਹੱਕ 'ਚ ਪਹੁੰਚ ਸਕਦਾ ਹੈ | ਉਨ੍ਹਾਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੂੰ ਮੰਗਲਵਾਰ ਦੁਪਹਿਰ 1 ਵਜੇ ਤੱਕ ਸੰਗਤਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਸਟੇਜ 'ਤੇ ਆਉਣ ਦਾ ਸੱਦਾ ਦਿੰਦਿਆਂ ਆਖਿਆ ਕਿ ਨਾ ਪਹੁੰਚਣ 'ਤੇ ਸੰਗਤਾਂ ਵਲੋਂ ਉਨ੍ਹਾਂ ਦੇ ਘਰ ਜਾ ਕੇ ਸੁਆਲਾਂ ਦੇ ਜਵਾਬ ਮੰਗੇ ਜਾਣਗੇ | ਕੌਮੀ ਢਾਡੀ ਸੋਭਾ ਸਿੰਘ ਸਿਤਾਰਾ ਨੇ ਸੰਗਤਾਂ ਵਿਚ ਜੋਸ਼ ਭਰਿਆ | ਮੋਰਚਾ ਪ੍ਰਬੰਧਕ ਕਮੇਟੀ ਆਗੂ ਅਮਿਤੋਜ ਸਿੰਘ ਮਾਨ, ਕਾਕਾ ਸਿੰਘ ਕੋਟੜਾ ਕਿਸਾਨ ਆਗੂ, ਮੋਰਚਾ ਕੋਆਰਡੀਨੇਟਰ ਗੁਰਪ੍ਰੀਤ ਸਿੰਘ, ਤਲਵਿੰਦਰ ਸਿੰਘ ਔਲਖ, ਖੁਸ਼ਿੰਦਰ ਸਿੰਘ ਚਮਕੌਰ ਸਾਹਿਬ, ਬਾਬਾ ਅਮਰਜੀਤ ਸਿੰਘ ਮਰਿਆਦਾ ਨੇ ਸਮੂਹ ਦੁਕਾਨਦਾਰਾਂ ਅਤੇ ਉਨ੍ਹਾਂ ਦੀਆਂ ਜਥੇਬੰਦੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੰਦ ਦੀ ਕਾਲ ਨੂੰ ਉਨ੍ਹਾਂ ਨੇ ਕਾਮਯਾਬ ਕੀਤਾ ਹੈ | ਸਟੇਜ ਸੰਚਾਲਕ ਕੋਆਰਡੀਨੇਟਰ ਭਾਈ ਗੁਰਪ੍ਰੀਤ ਸਿੰਘ ਨੇ ਹੋਲਾ ਮਹੱਲਾ ਮਨਾਉਣ ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਨੂੰ ਧਰਮ ਯੱੁਧ ਮੋਰਚੇ 'ਚ ਵੀ ਹਾਜ਼ਰੀ ਲਵਾਉਣ ਦਾ ਸੱਦਾ ਦਿੱਤਾ ਤਾਂ ਕਿ ਬੇਅਦਬੀਆਂ ਦਾ ਕਾਨੂੰਨ ਆਉਂਦੇ ਵਿਧਾਨ ਸਭਾ ਇਜਲਾਸ 'ਚ ਸਰਕਾਰ ਤੋਂ ਲਾਗੂ ਕਰਵਾਇਆ ਜਾ ਸਕੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਭਜੋਤ ਸਿੰਘ ਮਾਨਸ਼ਾਹੀਆ, ਸਾਹਿਬ ਸਿੰਘ, ਗੁਰਜੰਟ ਸਿੰਘ, ਮਲਕੀਤ ਸਿੰਘ ਧਰਮੀ ਫ਼ੌਜੀ, ਜਗਤਾਰ ਸਿੰਘ ਰਾਜਲਾ ਸਾਬਕਾ ਵਿਧਾਇਕ, ਨਿਰਮਲ ਸਿੰਘ ਸ਼ੁਤਰਾਣਾ ਸਾਬਕਾ ਵਿਧਾਇਕ, ਡਾ. ਸੋਨੂੰ ਸਿੰਘ, ਬਿਕਰਮਜੀਤ ਸਿੰਘ, ਹਰਵਿੰਦਰ ਸਿੰਘ ਲਾਡੀ, ਗੁਰਪ੍ਰੀਤ ਸਿੰਘ ਕਮਾਸਪੁਰ, ਸੁਖਵਿੰਦਰ ਸਿੰਘ ਫ਼ੌਜੀ, ਦਿਲਪ੍ਰੀਤ ਸਿੰਘ ਸਮੇਤ ਭਾਰੀ ਗਿਣਤੀ 'ਚ ਆਗੂ ਤੇ ਸੰਗਤ ਮੌਜੂਦ ਸੀ |
ਪਿਛਲੀ ਖ਼ਬਰ ਟੀ.ਈ.ਟੀ. ਪਾਸ ਕਰਨ ਦੀ ਜਬਰੀ ਸ਼ਰਤ ਖ਼ਿਲਾਫ਼ ਅਧਿਆਪਕਾਂ ਨੇ ਪੁਤਲਾ ਫੂਕਿਆ ਅਗਲੀ ਖ਼ਬਰ ਨਗਰ ਨਿਗਮ ਨੇ 2026-27 ਲਈ 161 ਕਰੋੜ 2 ਲੱਖ ਰੁਪਏ ਦਾ ਬਜਟ ਕੀਤਾ ਪਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।