15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਨਗਰ ਪੰਚਾਇਤ ਦੇਵੀਗੜ੍ਹ ਨੂੰ ਭੰਗ ਕਰਵਾਉਣ ਲਈ ਕਾਂਗਰਸ ਚੁੱਕੇਗੀ ਵੱਡਾ ਕਦਮ- ਗੌਰਵ ਸੰਧੂ

ਦੇਵੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਂਗਰਸੀ ਆਗੂ ਗੁਰਵਿੰਦਰ ਸਿੰਘ ਗੌਰਵ ਸੰਧੂ ਨਾਲ ਹਨ ਵਪਾਰ ਮੰਡਲ ਦੇਵੀਗੜ੍ਹ ਦੇ ਪ੍ਰਧਾਨ ਰਣਜੀਤ ਸਿੰਘ ਸੰਧੂ | ਅਜੀਤ ਤਸਵੀਰ <br/> 30-04-2026
ਦੇਵੀਗੜ੍ਹ, 29 ਅਪ੍ਰੈਲ (ਰਾਜਿੰਦਰ ਸਿੰਘ ਮੌਜੀ)-ਹਲਕਾ ਸਨੌਰ ਤੋਂ ਕਾਂਗਰਸੀ ਆਗੂ ਗੁਰਵਿੰਦਰ ਸਿੰਘ ਗੌਰਵ ਸੰਧੂ ਨੇ ਅੱਜ ਦੇਵੀਗੜ੍ਹ ਇਲਾਕੇ ਦੇ ਭਖਦੇ ਮਸਲਿਆਂ ਨੂੰ ਲੈ ਕੇ ਇਕ ਅਹਿਮ ਪਹਿਲਕਦਮੀ ਕੀਤੀ ਹੈ | ਉਨ੍ਹਾਂ ਨੇ ਵਪਾਰ ਮੰਡਲ ਦੇਵੀਗੜ੍ਹ ਦੇ ਪ੍ਰਧਾਨ ਰਣਜੀਤ ਸਿੰਘ ਸੰਧੂ ਨਾਲ ਵਿਸ਼ੇਸ਼ ਮੁਲਾਕਾਤ ਕਰਦਿਆਂ ਨਗਰ ਪੰਚਾਇਤ ਦੇਵੀਗੜ੍ਹ ਨੂੰ ਭੰਗ ਕਰਨ ਸੰਬੰਧੀ ਗੰਭੀਰ ਵਿਚਾਰ-ਵਟਾਂਦਰਾ ਕੀਤਾ | ਇਸ ਮੀਟਿੰਗ ਦੌਰਾਨ ਇਲਾਕਾ ਨਿਵਾਸੀਆਂ ਅਤੇ ਕਾਰੋਬਾਰੀਆਂ ਦੀਆਂ ਮੁਸ਼ਕਲਾਂ ਨੂੰ ਮੁੱਖ ਰੱਖਦਿਆਂ ਭਵਿੱਖ ਦੀ ਰਣਨੀਤੀ ਉੱਤੇ ਚਰਚਾ ਕੀਤੀ ਗਈ | ਮੁਲਾਕਾਤ ਦੌਰਾਨ ਗੌਰਵ ਸੰਧੂ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਉਹ ਅਤੇ ਸਮੁੱਚੀ ਕਾਂਗਰਸ ਪਾਰਟੀ ਨਗਰ ਪੰਚਾਇਤ ਭੰਗ ਕਰਵਾਉਣ ਦੀ ਮੰਗ ਦਾ ਪੂਰਨ ਸਮਰਥਨ ਕਰਦੇ ਹਨ | ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਇਸ ਮੰਤਵ ਲਈ ਪ੍ਰਧਾਨ ਰਣਜੀਤ ਸਿੰਘ ਸੰਧੂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ ਅਤੇ ਕਿਸੇ ਵੀ ਪੱਧਰ 'ਤੇ ਪਿੱਛੇ ਨਹੀਂ ਹਟਣਗੇ | ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੌਰਵ ਸੰਧੂ ਨੇ ਕਿਹਾ ਕਿ ਨਗਰ ਪੰਚਾਇਤ ਦੇਵੀਗੜ੍ਹ ਨੂੰ ਲੈ ਕੇ ਇਲਾਕੇ ਦੇ ਲੋਕਾਂ ਅਤੇ ਖ਼ਾਸਕਰ ਵਪਾਰੀ ਵਰਗ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ | ਅਸੀਂ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਾਂ | ਮੈਂ ਅੱਜ ਰਣਜੀਤ ਸਿੰਘ ਸੰਧੂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਨਗਰ ਪੰਚਾਇਤ ਨੂੰ ਭੰਗ ਕਰਵਾਉਣ ਲਈ ਜੇਕਰ ਸਾਨੂੰ ਵੱਡਾ ਸੰਘਰਸ਼ ਵੀ ਵਿੱਢਣਾ ਪਿਆ, ਤਾਂ ਅਸੀਂ ਉਸ ਤੋਂ ਗੁਰੇਜ਼ ਨਹੀਂ ਕਰਾਂਗੇ | ਉਨ੍ਹਾਂ ਅੱਗੇ ਕਿਹਾ ਕਿ, ਕਾਂਗਰਸ ਪਾਰਟੀ ਦੀ ਲੀਡਰਸ਼ਿਪ ਜਲਦੀ ਹੀ ਇਲਾਕੇ ਦੇ ਕਾਰੋਬਾਰੀਆਂ, ਦੁਕਾਨਦਾਰਾਂ ਅਤੇ ਪਿੰਡਾਂ ਦੇ ਆਮ ਲੋਕਾਂ ਨਾਲ ਰਾਬਤਾ ਕਾਇਮ ਕਰੇਗੀ | ਸਾਰਿਆਂ ਦੀ ਰਾਏ ਲੈ ਕੇ ਇੱਕ ਸਾਂਝਾ ਮੋਰਚਾ ਤਿਆਰ ਕੀਤਾ ਜਾਵੇਗਾ ਤਾਂ ਜੋ ਸਰਕਾਰ ਤੱਕ ਜ਼ੋਰਦਾਰ ਤਰੀਕੇ ਨਾਲ ਆਵਾਜ਼ ਪਹੁੰਚਾਈ ਜਾ ਸਕੇ ਅਤੇ ਇਸ ਸੰਸਥਾ ਨੂੰ ਭੰਗ ਕਰਵਾ ਕੇ ਲੋਕਾਂ ਨੂੰ ਰਾਹਤ ਦਿਵਾਈ ਜਾ ਸਕੇ | ਇਸ ਮੌਕੇ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਸੰਧੂ ਨੇ ਗੌਰਵ ਸੰਧੂ ਵਲੋਂ ਮਿਲੇ ਸਹਿਯੋਗ ਦਾ ਸਵਾਗਤ ਕੀਤਾ | ਉਨ੍ਹਾਂ ਕਿਹਾ ਕਿ ਜਦੋਂ ਸਿਆਸੀ ਆਗੂ ਜਨਤਕ ਮੁੱਦਿਆਂ 'ਤੇ ਲੋਕਾਂ ਦੇ ਨਾਲ ਖੜ੍ਹਦੇ ਹਨ, ਤਾਂ ਸੰਘਰਸ਼ ਨੂੰ ਬਲ ਮਿਲਦਾ ਹੈ | ਜ਼ਿਕਰਯੋਗ ਹੈ ਕਿ ਦੇਵੀਗੜ੍ਹ ਨੂੰ ਨਗਰ ਪੰਚਾਇਤ ਬਣਾਏ ਜਾਣ ਤੋਂ ਬਾਅਦ ਇਲਾਕੇ ਵਿੱਚ ਟੈਕਸਾਂ ਅਤੇ ਹੋਰ ਤਕਨੀਕੀ ਕਾਰਨਾਂ ਕਰਕੇ ਲੋਕਾਂ ਵਿੱਚ ਲਗਾਤਾਰ ਅਸੰਤੁਸ਼ਟੀ ਦੇਖੀ ਜਾ ਰਹੀ ਹੈ | ਗੌਰਵ ਸੰਧੂ ਦੇ ਇਸ ਐਲਾਨ ਤੋਂ ਬਾਅਦ ਹੁਣ ਇਲਾਕੇ ਦੀ ਸਿਆਸਤ ਵਿਚ ਗਰਮਾਹਟ ਆਉਣ ਦੀ ਉਮੀਦ ਹੈ, ਕਿਉਂਕਿ ਕਾਂਗਰਸ ਨੇ ਹੁਣ ਇਸ ਨੂੰ ਇੱਕ ਜਨਤਕ ਅੰਦੋਲਨ ਵਜੋਂ ਅੱਗੇ ਵਧਾਉਣ ਦਾ ਇਸ਼ਾਰਾ ਦਿੱਤਾ ਹੈ | ਇਸ ਮੌਕੇ ਜਸਵਿੰਦਰ ਸਿੰਘ ਕਾਕਾ ਜਿਊਲਰ, ਸੁੱਖੀ ਪ੍ਰਧਾਨ, ਰਣਧੀਰ ਸਿੰਘ ਗਿੱਲ ਅਤੇ ਰਜਤ ਮਲਹੋਤਰਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਿਹਤ ਮੰਤਰੀ ਦੇ ਜ਼ਿਲ੍ਹੇ 'ਚ ਵਿਕ ਰਿਹਾ ਸੀ ਮਿਲਾਵਟੀ ਤੇਲ ਅਗਲੀ ਖ਼ਬਰ 2 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।