ਪਟਿਆਲਾ, 29 ਅਪ੍ਰੈਲ (ਮਨਦੀਪ ਸਿੰਘ ਖਰੌੜ)-ਜ਼ਿਲ੍ਹੇ ਦੀ 20 ਲੱਖ ਤੋਂ ਵਧ ਆਬਾਦੀ ਨੂੰ ਗੁਣਵਤਾ ਵਾਲੇ ਖਾਧ ਪਦਾਰਥਾਂ ਮੁਹੱਈਆ ਕਰਵਾਉਣ ਦੀ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਖਾਣਯੋਗ ਪਦਾਰਥ ਵੇਚਣ ਵਾਲੇ ਵਿਕ੍ਰੇਤਾਵਾਂ ਦੇ ਸਾਮਾਨ ਦਾ ਮਿਆਰ ਲਗਾਤਾਰ ਚੈੱਕ ਕਰਨ ਤਾਂ ਜੋ ਕੋਈ ਗਲਤ ਖਾਧ ਪਦਾਰਥ ਬਜ਼ਾਰ 'ਚ ਵਿਕ ਨਾ ਸਕੇ | ਹੈਰਾਨੀ ਦੀ ਗੱਲ ਇਹ ਹੈ ਕਿ ਸਿਹਤ ਮੰਤਰੀ ਦੇ ਜ਼ਿਲ੍ਹੇ 'ਚ ਸਿਹਤ ਵਿਭਾਗ ਵਲੋਂ 1000 ਲੀਟਰ ਸਰ੍ਹੋਂ ਦੇ ਤੇਲ 'ਚ ਮਿਲਾਵਟ ਹੋਣ ਦੀ ਸ਼ੰਕਾ ਤਹਿਤ ਜ਼ਬਤ ਕੀਤਾ ਗਿਆ ਹੈ | ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਜ਼ਿਲ੍ਹੇ ਭਰ 'ਚ ਛਾਪੇਮਾਰੀ ਕੀਤੀ ਗਈ | ਟੀਮ ਵਲੋਂ ਸਮਾਣਾ, ਪਟਿਆਲਾ ਅਤੇ ਨਾਭਾ 'ਚ ਸੋਡਾ, ਨਮਕੀਨ, ਖਾਣ ਵਾਲਾ ਤੇਲ, ਸਰ੍ਹੋਂ ਦਾ ਤੇਲ ਅਤੇ ਹੋਰ ਪਦਾਰਥਾਂ ਦੇ ਸੈਂਪਲ ਲਏ ਗਏ | ਇਸੇ ਛਾਪੇਮਾਰੀ ਦੌਰਾਨ ਵਿਭਾਗ ਵਲੋਂ 1 ਹਜ਼ਾਰ ਕਿਲੋਗ੍ਰਾਮ ਸਰ੍ਹੋਂ ਦਾ ਤੇਲ ਵੀ ਜ਼ਬਤ ਕੀਤਾ ਗਿਆ ਹੈ ਪਰ ਇਹ ਤੇਲ ਕਿਸ ਦੁਕਾਨਦਾਰ ਦਾ ਸੀ ਅਤੇ ਕਿਥੋਂ ਇਹ ਤੇਲ ਕੱਢਿਆ ਗਿਆ ਸੀ ਇਸ ਸੰਬੰਧੀ ਸਿਹਤ ਵਿਭਾਗ ਵਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ | ਜਦੋਂ ਇਸ ਸੰਬੰਧੀ ਜ਼ਿਲ੍ਹਾ ਸਿਹਤ ਅਫ਼ਸਰ ਗੁਰਪ੍ਰੀਤ ਕੌਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਰਾਬਤਾ ਨਹੀਂ ਹੋ ਸਕਿਆ | ਇਸ ਸੰਬੰਧੀ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਸਿਹਤ ਮੰਤਰੀ ਦੇ ਜ਼ਿਲ੍ਹੇ 'ਚ ਮਿਲਾਵਟੀ ਖਾਧ ਪਦਾਰਥ ਵਿਕ ਰਹੇ ਹਨ ਤਾਂ ਹੋਰ ਜ਼ਿਲਿ੍ਹਆਂ ਦਾ ਕੀ ਹਾਲ ਹੋਵੇਗਾ | ਕਿਉਂਕਿ ਸਿਹਤ ਵਿਭਾਗ ਵਲੋਂ ਕਦੇ-ਕਦੇ ਜਾਂ ਵੱਡੇ ਤਿਉਹਾਰਾਂ ਮੌਕੇ ਸੈਂਪਲ ਲਏ ਜਾਂਦੇ ਹਨ ਪਰ ਇਸ ਦੇ ਬਾਵਜੂਦ ਵੀ ਸੂਬੇ 'ਚ ਮਿਲਾਵਟਖੌਰੀ ਜ਼ੋਰਾਂ 'ਤੇ ਚਲ ਰਹੀ ਹੈ | ਇਸ ਦੇ ਪਿੱਛੇ ਕੌਣ ਜ਼ਿੰਮੇਵਾਰ ਹੈ ਇਹ ਤਾਂ ਹੁਣ ਵਿਭਾਗ ਹੀ ਦਸ ਸਕਦਾ ਹੈ? ਪੇਟ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਮਿਲਾਵਟੀ ਖਾਣਾ ਖਾਣ ਵਾਲੇ ਵਿਅਕਤੀ ਨੂੰ ਪੇਟ ਦੀਆਂ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ ਅਤੇ ਕਈ ਲਾਇਲਾਜ ਬਿਮਾਰੀਆਂ ਵੀ ਹੋ ਸਕਦੀਆਂ ਹਨ | ਗਰਮੀਆਂ ਦੇ ਦਿਨਾਂ 'ਚ ਹੁਣ ਤਰਲ ਪਦਾਰਥਾਂ ਦੀਆਂ ਰੇਹੜੀਆਂ ਅਤੇ ਹੋਰ ਬੋਤਲਬੰਦ ਠੰਢਿਆਂ ਦੀ ਭਰਮਾਰ ਹੁੰਦੀ ਹੈ ਪਰੰਤੂ ਉਨ੍ਹਾਂ ਦਾ ਮਿਆਰ ਪੀਣਯੋਗ ਹੈ ਜਾਂ ਨਹੀਂ ਇਸ ਬਾਰੇ ਕੋਈ ਨਹੀਂ ਦਸ ਸਕਦਾ? ਇਹ ਤਾਂ ਹੁਣ ਸਮਾਂ ਹੀ ਦਸੇਗਾ ਕਿ ਇਸ ਮਾਮਲੇ 'ਚ ਸਿਹਤ ਵਿਭਾਗ ਨਿਰੰਤਰ ਕਾਰਵਾਈ ਕਰੇਗਾ ਜਾਂ ਪਹਿਲਾਂ ਦੀ ਤਰ੍ਹਾਂ ਇਸ ਮਾਮਲੇ ਨੂੰ ਵੀ ਠੰਢੇ ਬਸਤੇ ਪਾ ਦਿੱਤਾ ਜਾਵੇਗਾ |