ਪਟਿਆਲਾ, 30 ਅਪ੍ਰੈਲ (ਅ.ਸ. ਆਹਲੂਵਾਲੀਆ)-ਭਾਰਤ ਸਰਕਾਰ ਦੇ ਜਨਗਣਨਾ ਵਿਭਾਗ ਵਲੋਂ ਜਨਗਣਨਾ 2026-27 ਦੇ ਕਾਰਜਾਂ ਨੂੰ ਡਿਜੀਟਲ ਰੂਪ ਦੇਣ ਲਈ ਅੱਜ ਤੋਂ ਪਟਿਆਲਾ ਸਮੇਤ ਪੂਰੇ ਪੰਜਾਬ ਵਿਚ 'ਸਵੈ-ਗਣਨਾ' ਮੁਹਿੰਮ ਦਾ ਆਗਾਜ਼ ਕਰ ਦਿੱਤਾ ਗਿਆ ਹੈ | 30 ਅਪ੍ਰੈਲ 2026 ਤੋਂ 14 ਮਈ 2026 ਤੱਕ ਆਮ ਜਨਤਾ ਆਪਣੇ ਘਰਾਂ ਵਿਚ ਆਰਾਮ ਨਾਲ ਜਨਗਣਨਾ ਦੇ ਵੇਰਵੇ ਆਨਲਾਈਨ ਜਮ੍ਹਾਂ ਕਰਵਾ ਸਕਦੀ ਹੈ | ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਇਹ ਪ੍ਰਕਿਰਿਆ ਸਮਾਂ ਬਚਾਉਣ ਵਾਲੀ ਅਤੇ ਬੇਹੱਦ ਸੁਵਿਧਾਜਨਕ ਹੈ | ਇਸ ਨਾਲ ਲੋਕ ਸਿੱਧੀ ਅਤੇ ਸਹੀ ਜਾਣਕਾਰੀ ਪ੍ਰਸ਼ਾਸਨ ਤੱਕ ਪਹੁੰਚਾ ਸਕਦੇ ਹਨ | ਇਹ ਸਿਸਟਮ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਪਾਰਦਰਸ਼ੀ ਹੈ, ਜੋ 'ਡਿਜੀਟਲ ਇੰਡੀਆ' ਪਹਿਲਕਦਮੀ ਨੂੰ ਮਜ਼ਬੂਤ ਕਰਦਾ ਹੈ | ਮੇਅਰ ਕੁੰਦਨ ਗੋਗੀਆ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ, ਜਨਗਣਨਾ ਦੇ ਸਹੀ ਅੰਕੜੇ ਹੀ ਭਵਿੱਖ ਵਿਚ ਸਾਡੇ ਬੱਚਿਆਂ ਲਈ ਸਕੂਲਾਂ, ਹਸਪਤਾਲਾਂ, ਸੜਕਾਂ ਅਤੇ ਰੁਜ਼ਗਾਰ ਦੀਆਂ ਯੋਜਨਾਵਾਂ ਬਣਾਉਣ ਵਿਚ ਮਦਦਗਾਰ ਸਾਬਤ ਹੁੰਦੇ ਹਨ | ਇਸ ਲਈ ਹਰ ਨਾਗਰਿਕ ਨੂੰ ਇਸ ਰਾਸ਼ਟਰੀ ਕਾਰਜ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ | ਜਿਹੜੇ ਨਾਗਰਿਕ 14 ਮਈ ਤੱਕ ਆਪਣੀ ਸਵੈ-ਗਣਨਾ ਆਨਲਾਈਨ ਪੂਰੀ ਨਹੀਂ ਕਰਨਗੇ, ਉਨ੍ਹਾਂ ਦੇ ਘਰਾਂ ਵਿਚ 15 ਮਈ ਤੋਂ 13 ਜੂਨ ਤੱਕ 'ਹਾਊਸ ਲਿਸਟਿੰਗ' ਦੇ ਕਾਰਜਾਂ ਲਈ ਗਣਨਾਕਾਰ ਅਤੇ ਸੁਪਰਵਾਈਜ਼ਰ ਖ਼ੁਦ ਆਉਣਗੇ | ਮੇਅਰ ਨੇ ਅਪੀਲ ਕੀਤੀ ਕਿ ਫ਼ੀਲਡ ਵਿਚ ਆਉਣ ਵਾਲੇ ਸਟਾਫ਼ ਨੂੰ ਸਹੀ ਜਾਣਕਾਰੀ ਦੇ ਕੇ ਪੂਰਾ ਸਹਿਯੋਗ ਦਿੱਤਾ ਜਾਵੇ | ਮਨਰੀਤ ਰਾਣਾ ਜੁਆਇੰਟ ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ ਜਨਗਣਨਾ 2026 ਦੇ ਅਧੀਨ 'ਸਵੈ-ਗਣਨਾ' ਕਰਨਾ ਬੇਹੱਦ ਆਸਾਨ ਅਤੇ ਨਾਗਰਿਕ-ਅਨੁਕੂਲ ਡਿਜੀਟਲ ਪ੍ਰਕਿਰਿਆ ਹੈ | ਇਸ ਨੂੰ ਪੂਰਾ ਕਰਨ ਲਈ ਸਭ ਤੋਂ ਪਹਿਲਾਂ ਨਾਗਰਿਕਾਂ ਨੂੰ ਅਧਿਕਾਰਤ ਪੋਰਟਲ se.census.gov.in 'ਤੇ ਜਾਣਾ ਪਵੇਗਾ | ਇੱਥੇ ਆਪਣੇ ਮੋਬਾਈਲ ਨੰਬਰ ਰਾਹੀਂ ਰਜਿਸਟਰ ਜਾਂ ਲੌਗਇਨ ਕਰਨ ਤੋਂ ਬਾਅਦ, ਤੁਹਾਡੇ ਫ਼ੋਨ 'ਤੇ ਇਕ ਓ.ਟੀ.ਪੀ. ਪ੍ਰਾਪਤ ਹੋਵੇਗਾ ਜਿਸ ਰਾਹੀਂ ਤੁਹਾਨੂੰ ਆਪਣੀ ਤਸਦੀਕ ਕਰਨੀ ਹੋਵੇਗੀ |