05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਮਜ਼ਦੂਰ ਦਿਵਸ 'ਤੇ ਮਾਨ ਸਰਕਾਰ ਦੇ ਇਤਿਹਾਸਕ ਫ਼ੈਸਲੇ ਨੂੰ ਲੈ ਕੇ ਹਲਕਾ ਸਨੌਰ 'ਚ ਖੁਸ਼ੀ ਦੀ ਲਹਿਰ-ਇੰਦਰਜੀਤ ਸਿੰਘ ਸੰਧੂ

ਅਜੀਤ ਡੈਸਕ 03-05-2026
ਸਨੌਰ, 2 ਮਈ (ਸੋਖਲ)-ਪੰਜਾਬ ਦੇ ਮਹੱਤਵਪੂਰਨ ਹਲਕਿਆਂ ਵਿਚੋਂ ਇਕ ਹਲਕਾ ਸਨੌਰ, ਜੋ ਕਿ ਖੇਤੀਬਾੜੀ ਅਤੇ ਮਜ਼ਦੂਰ ਵਰਗ ਦੀ ਮਿਹਨਤ ਨਾਲ ਆਪਣੀ ਵੱਖਰੀ ਪਛਾਣ ਬਣਾਉਂਦਾ ਆ ਰਿਹਾ ਹੈ, ਉੱਥੇ ਕੌਮਾਂਤਰੀ ਮਜ਼ਦੂਰ ਦਿਵਸ ਦੇ ਮੌਕੇ 'ਤੇ ਮਜ਼ਦੂਰਾਂ ਲਈ ਆਏ ਵੱਡੇ ਫ਼ੈਸਲਿਆਂ ਨੂੰ ਲੈ ਕੇ ਖੁਸ਼ੀ ਦਾ ਮਾਹੌਲ ਹੈ | ਇਹ ਗੱਲ ਕਰਦਿਆਂ ਪੰਜਾਬ ਸਟੇਟ ਕੰਟੇਨਰ ਤੇ ਵੇਅਰਹਾਊਸਿੰਗ ਕਾਰਪੋਰੇਸ਼ਨ ਲਿਮਿਟਿਡ ਦੇ ਵਾਈਸ ਚੇਅਰਮੈਨ ਅਤੇ ਹਲਕੇ ਦੇ ਸੀਨੀਅਰ 'ਆਪ' ਆਗੂ ਇੰਦਰਜੀਤ ਸਿੰਘ ਸੰਧੂ ਨੇ ਪੰਜਾਬ ਸਰਕਾਰ ਵਲੋਂ ਲਏ ਗਏ ਇਨ੍ਹਾਂ ਫ਼ੈਸਲਿਆਂ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਕਿ ਵਿਧਾਨ ਸਭਾ ਵਿੱਚ ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਸੂਬੇ ਦੀ ਬੁਨਿਆਦ ਮਜ਼ਬੂਤ ਕਰਨ ਵਾਲੇ ਮਜ਼ਦੂਰ ਭੈਣ-ਭਰਾਵਾਂ ਦੇ ਹੱਕਾਂ ਅਤੇ ਭਲਾਈ ਸਬੰਧੀ ਖਾਸ ਚਰਚਾ ਹੋਈ | ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ 4727 ਮਜ਼ਦੂਰਾਂ ਦੇ ਕਰੀਬ 68 ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕਰਕੇ ਅਤੇ ਮਜ਼ਦੂਰਾਂ ਦੀ ਉਜਰਤ ਵਿੱਚ 15 ਫੀਸਦੀ ਵਾਧਾ ਕਰਕੇ ਸਾਬਤ ਕੀਤਾ ਹੈ ਕਿ ਔਖੇ ਹਾਲਾਤਾਂ 'ਚ ਸਰਕਾਰ ਮਜ਼ਦੂਰਾਂ ਦੇ ਨਾਲ ਖੜ੍ਹਦੀ ਹੈ | ਉਨ੍ਹਾਂ ਕਿਹਾ ਕਿ ਇਹ ਦੋਵੇਂ ਫ਼ੈਸਲੇ ਮਜ਼ਦੂਰ ਵਰਗ ਲਈ ਵੱਡੀ ਰਾਹਤ ਹਨ ਅਤੇ ਇਹ ਸਰਕਾਰ ਦੇ ਭਰੋਸੇ ਤੇ ਸਨਮਾਨ ਦੀ ਮਜ਼ਬੂਤ ਗਵਾਹੀ ਵੀ ਹਨ | ਚੇਅਰਮੈਨ ਇੰਦਰਜੀਤ ਸਿੰਘ ਸੰਧੂ ਨੇ ਕਿਹਾ ਕਿ ਮਜ਼ਦੂਰਾਂ ਦੇ ਹੱਕ 'ਚ ਇੰਨੇ ਵੱਡੇ ਫ਼ੈਸਲੇ ਲੈਣਾ ਅਤੇ ਇਸ ਕਾਰਜ ਲਈ ਇੱਕ ਮਈ ਮਜ਼ਦੂਰ ਦਿਵਸ ਨੂੰ ਚੁਣਨਾ ਵੀ ਇਕ ਵੱਡੀ ਸੋਚ ਦਾ ਪ੍ਰਗਟਾਵਾ ਹੈ | ਉਨ੍ਹਾਂ ਕਿਹਾ ਕਿ ਇਹ ਸਰਕਾਰ ਦੀ ਮਜ਼ਦੂਰ ਵਰਗ ਪ੍ਰਤੀ ਸੰਵੇਦਨਸ਼ੀਲਤਾ ਨੂੰ ਦਰਸਾਉਂਦਾ ਹੈ | ਸੰਧੂ ਨੇ ਹੋਰ ਆਖਿਆ ਕਿ ਮਜ਼ਦੂਰਾਂ ਦੀ ਉਜਰਤ 'ਚ ਵਾਧੇ ਨਾਲ ਸਰਕਾਰੀ ਦਫ਼ਤਰਾਂ 'ਚ ਕੰਮ ਕਰਦੇ ਕਾਮਿਆਂ, ਠੇਕੇਦਾਰਾਂ ਅਧੀਨ ਕਾਰਜਸ਼ੀਲ ਕਾਮਿਆਂ ਅਤੇ ਫੈਕਟਰੀਆਂ 'ਚ ਕੰਮ ਕਰਦੇ ਕਾਮਿਆਂ ਦੀ ਮਜ਼ਦੂਰੀ ਵਿੱਚ ਵੀ ਪੰਦਰਾਂ ਫੀਸਦੀ ਵਾਧਾ ਹੋਇਆ ਹੈ | ਉਨ੍ਹਾਂ ਕਿਹਾ ਕਿ ਇਹ ਵਾਧਾ ਸਮੇਂ ਦੀ ਬੇਹੱਦ ਲੋੜ ਸੀ ਅਤੇ ਇਸ ਫ਼ੈਸਲੇ ਨਾਲ ਗਰੀਬ ਮਜ਼ਦੂਰ ਪਰਿਵਾਰਾਂ ਦੇ ਚੁੱਲਿਆਂ ਦੀ ਅੱਗ ਬੱਲਦੀ ਰੱਖਣ ਵਿਚ ਵੱਡਾ ਸਹਾਰਾ ਮਿਲੇਗਾ | ਉਨ੍ਹਾਂ ਕਿਹਾ ਕਿ ਮਜ਼ਦੂਰ ਵਰਗ ਸੂਬੇ ਦੀ ਤਰੱਕੀ ਦੀ ਰੀੜ੍ਹ ਦੀ ਹੱਡੀ ਹੈ ਅਤੇ ਮਾਨ ਸਰਕਾਰ ਵਲੋਂ ਉਨ੍ਹਾਂ ਦੀ ਭਲਾਈ ਲਈ ਲਏ ਜਾ ਰਹੇ ਕਦਮ ਕਾਬਿਲ-ਏ-ਤਾਰੀਫ਼ ਹਨ | ਅੰਤ ਵਿੱਚ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਪੰਜਾਬ ਸਰਕਾਰ ਮਜ਼ਦੂਰਾਂ ਦੀ ਭਲਾਈ ਲਈ ਇਸੇ ਤਰ੍ਹਾਂ ਦੇ ਹੋਰ ਲੋਕ-ਹਿੱਤ ਫ਼ੈਸਲੇ ਲੈਂਦੀ ਰਹੇਗੀ, ਤਾਂ ਜੋ ਹਰ ਮਜ਼ਦੂਰ ਨੂੰ ਉਸਦਾ ਹੱਕ ਅਤੇ ਸਨਮਾਨ ਮਿਲ ਸਕੇ |
ਪਿਛਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਵਿਖੇ ਵਿਸ਼ਵ ਨਿ੍ਤ ਦਿਵਸ 'ਤੇ ਸਮਾਗਮ ਕਰਵਾਇਆ ਅਗਲੀ ਖ਼ਬਰ 'ਆਸ਼ਾ ਦਿਵਸ' ਮੌਕੇ ਵਧੀਆ ਕਾਰਗੁਜ਼ਾਰੀ ਵਾਲੀਆਂ ਆਸ਼ਾ ਵਰਕਰ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।