05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਪੰਜਾਬ ਸਾਈਕਲਿੰਗ ਨੂੰ ਵਿਸ਼ਵ ਪੱਧਰ 'ਤੇ ਲਿਜਾਉਣ ਲਈ ਪੰਜਾਬ ਸਾਈਕਲਿੰਗ ਸਭਾ ਵਲੋਂ ਰੂਪ-ਰੇਖਾ ਪੱਤਰ ਜਾਰੀ

ਪੰਜਾਬ ਸਾਈਕਲਿੰਗ ਸਭਾ ਵਲੋਂ ਸੂਬੇ ਵਿਚ ਸਾਈਕਲਿੰਗ ਨੂੰ ਨਵੀਆਂ ਬੁਲੰਦੀਆਂ ਤੱਕ ਲਿਜਾਉਣ ਲਈ ਵਿਸਤਰਿਤ ਰੂਪ-ਰੇਖਾ ਪੱਤਰ ਜਾਰੀ ਕਰਦੇ ਹੋਏ ਸਭਾ ਦੇ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ, ਸੁਰਜੀਤ ਸਿੰਘ ਰੱਖੜਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਤੇ ਹੋਰ | ਅਜੀਤ ਤਸਵੀਰ <br/> 11-05-2026
ਪਟਿਆਲਾ, 10 ਮਈ (ਗੁਰਵਿੰਦਰ ਸਿੰਘ ਔਲਖ)-ਪੰਜਾਬ ਸਾਈਕਲਿੰਗ ਸਭਾ ਵਲੋਂ ਸੂਬੇ ਵਿਚ ਸਾਈਕਲਿੰਗ ਖੇਡ ਨੂੰ ਨਵੀਆਂ ਬੁਲੰਦੀਆਂ ਤੱਕ ਲਿਜਾਉਣ ਲਈ ਵਿਸਤਰਿਤ ਰੂਪ-ਰੇਖਾ ਪੱਤਰ ਜਾਰੀ ਕੀਤਾ ਗਿਆ | ਸੂਰਿਆ ਕੰਪਲੈਕਸ ਸਥਿਤ ਦਫ਼ਤਰ ਵਿਖੇ ਹੋਈ ਪੱਤਰਕਾਰ ਮਿਲਣੀ ਦੌਰਾਨ ਸਭਾ ਦੇ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਪੰਜਾਬ ਵਿਚ ਪਿੰਡ ਪੱਧਰ ਤੋਂ ਅੰਤਰਰਾਸ਼ਟਰੀ ਮਿਆਰ ਤੱਕ ਸਾਈਕਲਿੰਗ ਦੇ ਵਿਕਾਸ ਲਈ ਕਈ ਅਹਿਮ ਯੋਜਨਾਵਾਂ ਦਾ ਐਲਾਨ ਕੀਤਾ | ਇਸ ਮੌਕੇ ਸਭਾ ਦਾ ਨਵਾਂ ਨਿਸ਼ਾਨ ਚਿੰਨ੍ਹ ਵੀ ਜਾਰੀ ਕੀਤਾ ਗਿਆ | ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਸਭਾ ਦਾ ਮਕਸਦ ਸਿਰਫ਼ ਖੇਡ ਗਤੀਵਿਧੀਆਂ ਤੱਕ ਸੀਮਤ ਨਹੀਂ, ਸਗੋਂ ਪੰਜਾਬ ਦੇ ਸਾਈਕਲ ਸਵਾਰਾਂ ਨੂੰ ਵਿਸ਼ਵ ਪੱਧਰ 'ਤੇ ਮੁਕਾਬਲੇ ਯੋਗ ਬਣਾਉਣਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੀ ਮਿੱਟੀ ਵਿਚ ਮੌਜੂਦ ਕੁਦਰਤੀ ਤਾਕਤ ਅਤੇ ਜਜ਼ਬੇ ਨੂੰ ਸਹੀ ਦਿਸ਼ਾ ਦੇ ਕੇ ਅੰਤਰਰਾਸ਼ਟਰੀ ਮਿਆਰ ਦੇ ਖਿਡਾਰੀ ਤਿਆਰ ਕੀਤੇ ਜਾ ਸਕਦੇ ਹਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਅਤੇ ਬਲਾਕ ਪੱਧਰ 'ਤੇ ਪ੍ਰਤਿਭਾ ਖੋਜ ਮੁਹਿੰਮਾਂ ਸ਼ੁਰੂ ਕੀਤੀਆਂ ਜਾਣਗੀਆਂ ਅਤੇ ਹਰ ਜ਼ਿਲ੍ਹੇ ਵਿਚ ਆਧੁਨਿਕ ਸਹੂਲਤਾਂ ਨਾਲ ਲੈਸ ਸਾਈਕਲਿੰਗ ਸਿਖਲਾਈ ਕੇਂਦਰ ਸਥਾਪਿਤ ਕਰਨ ਦੀ ਯੋਜਨਾ ਹੈ | ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸਭਾ ਵਲੋਂ ਪੰਜਾਬ ਸਾਈਕਲਿੰਗ ਲੜੀ ਸ਼ੁਰੂ ਕੀਤੀ ਜਾਵੇਗੀ, ਜਿਸ ਰਾਹੀਂ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਵੱਡਾ ਮੰਚ ਮਿਲੇਗਾ | ਉਨ੍ਹਾਂ ਦੱਸਿਆ ਕਿ ਖਿਡਾਰੀਆਂ ਦੀ ਕਾਰਗੁਜ਼ਾਰੀ ਨਿਖਾਰਨ ਲਈ ਵਿਗਿਆਨਕ ਸਿਖਲਾਈ, ਅੰਕੜਾ ਵਿਸ਼ਲੇਸ਼ਣ, ਤੰਦਰੁਸਤੀ ਪ੍ਰਬੰਧਨ ਅਤੇ ਅੰਤਰਰਾਸ਼ਟਰੀ ਮਿਆਰ ਦੀ ਸਿਖਲਾਈ 'ਤੇ ਖ਼ਾਸ ਧਿਆਨ ਦਿੱਤਾ ਜਾਵੇਗਾ | ਇਸ ਲਈ ਵਿਦੇਸ਼ੀ ਮਾਹਿਰਾਂ ਦੀ ਸਹਾਇਤਾ ਵੀ ਲਈ ਜਾਵੇਗੀ | ਉਨ੍ਹਾਂ ਦੱਸਿਆ ਕਿ ਸਭਾ ਵਲੋਂ ਆਧੁਨਿਕ ਸਾਈਕਲਿੰਗ ਟਰੈਕ, ਉੱਚ ਪ੍ਰਦਰਸ਼ਨ ਕੇਂਦਰ ਅਤੇ ਖੇਤਰੀ ਸਿਖਲਾਈ ਕੇਂਦਰ ਬਣਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ | ਨਾਲ ਹੀ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮਾਂ ਅਤੇ ਸਿੱਖਿਆ ਕਾਰਜਕ੍ਰਮ ਵੀ ਚਲਾਏ ਜਾਣਗੇ | ਇਸ ਮੌਕੇ ਸੁਰਜੀਤ ਸਿੰਘ ਰੱਖੜਾ ਨੇ ਸਭਾ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਾਈਕਲਿੰਗ ਖੇਤਰ 'ਚ ਦੁਬਾਰਾ ਆਪਣੀ ਵਿਲੱਖਣ ਪਛਾਣ ਬਣਾਏਗਾ | ਸਮਾਗਮ ਦੌਰਾਨ ਵੱਖ-ਵੱਖ ਅਹੁਦੇਦਾਰ, ਸਿਖਲਾਈਕਾਰ, ਖਿਡਾਰੀ ਅਤੇ ਖੇਡ ਪ੍ਰੇਮੀ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਸੀਵਰੇਜ ਜਾਮ ਹੋਣ ਨਾਲ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਸਿਆਸੀ ਪਾਰਟੀਆਂ 15 ਮਈ ਤੱਕ ਬੀ.ਐਲ.ਏ. ਦੀਆਂ ਸੂਚੀਆਂ ਜਮ੍ਹਾ ਕਰਵਾਉਣ-ਵਧੀਕ ਚੋਣ ਅਫ਼ਸਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।