ਦੇਵੀਗੜ੍ਹ, 10 ਮਈ (ਰਾਜਿੰਦਰ ਸਿੰਘ ਮੌਜੀ)-ਹਲਕਾ ਸਨੌਰ ਦੇ ਅਧੀਨ ਆਉਂਦੇ ਕਸਬਾ ਦੇਵੀਗੜ੍ਹ ਵਿਖੇ ਸਥਿਤ ਮੰਦਿਰ ਵਿਚ ਭਗਵਾਨ ਸ੍ਰੀ ਹਨੁਮਾਨ ਦੀ ਮੂਰਤੀ ਸਥਾਪਨਾ ਦੇ ਪਵਿੱਤਰ ਅਵਸਰ 'ਤੇ ਇਲਾਕਾ ਨਿਵਾਸੀਆਂ ਅਤੇ ਮੰਦਿਰ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਇਸ ਅਧਿਆਤਮਿਕ ਸਮਾਗਮ ਵਿਚ ਪੰਜਾਬ ਐਗਰੋ ਫੂਡ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਇੰਚਾਰਜ ਬਲਜਿੰਦਰ ਸਿੰਘ ਢਿੱਲੋਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਭਗਵਾਨ ਦੇ ਚਰਨਾਂ ਵਿਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ | ਸ਼ੋਭਾ ਯਾਤਰਾ ਦੇ ਸਵਾਗਤ ਮੌਕੇ ਮੰਦਿਰ ਪ੍ਰਬੰਧਕ ਕਮੇਟੀ ਵਲੋਂ ਢਿੱਲੋਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਮੇਟੀ ਮੈਂਬਰਾਂ ਨੇ ਕਿਹਾ ਕਿ ਬਲਜਿੰਦਰ ਸਿੰਘ ਢਿੱਲੋਂ ਹਮੇਸ਼ਾ ਇਲਾਕੇ ਦੀਆਂ ਖੁਸ਼ੀਆਂ-ਗ਼ਮੀਆਂ ਅਤੇ ਧਾਰਮਿਕ ਕਾਰਜਾਂ ਵਿੱਚ ਮੋਹਰੀ ਹੋ ਕੇ ਹਿੱਸਾ ਲੈਂਦੇ ਹਨ ਅਤੇ ਉਹ ਜਮੀਨੀ ਪੱਧਰ 'ਤੇ ਲੋਕਾਂ ਨਾਲ ਜੁੜੇ ਹੋਏ ਆਗੂ ਹਨ | ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੀ ਪਵਿੱਤਰ ਧਰਤੀ ਹਮੇਸ਼ਾ ਤੋਂ ਹੀ ਅਧਿਆਤਮਿਕਤਾ, ਸਾਂਝੀਵਾਲਤਾ ਅਤੇ ਆਪਸੀ ਪਿਆਰ ਦਾ ਕੇਂਦਰ ਰਹੀ ਹੈ | ਉਨ੍ਹਾਂ ਕਿਹਾ, 'ਅਜਿਹੇ ਧਾਰਮਿਕ ਆਯੋਜਨ ਸਾਡੇ ਸਮਾਜ ਵਿੱਚ ਏਕਤਾ ਅਤੇ ਭਾਈਚਾਰਕ ਸਾਂਝ ਨੂੰ ਹੋਰ ਗੂੜ੍ਹਾ ਕਰਦੇ ਹਨ | ਭਗਵਾਨ ਸ੍ਰੀ ਹਨੁਮਾਨ ਜੀ ਦੀ ਮੂਰਤੀ ਸਥਾਪਨਾ ਦਾ ਇਹ ਕਾਰਜ ਇਲਾਕੇ ਵਿੱਚ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਲੈ ਕੇ ਆਵੇਗਾ | 'ਉਨ੍ਹਾਂ ਅੱਗੇ ਕਿਹਾ ਕਿ ਧਾਰਮਿਕ ਸਮਾਗਮਾਂ ਨਾਲ ਨਵੀਂ ਪੀੜ੍ਹੀ ਆਪਣੀਆਂ ਜੜ੍ਹਾਂ ਅਤੇ ਸੱਭਿਆਚਾਰ ਨਾਲ ਜੁੜਦੀ ਹੈ, ਜੋ ਕਿ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ | ਮੰਦਿਰ ਦੇ ਪੁਜਾਰੀ ਅਤੇ ਪ੍ਰਬੰਧਕਾਂ ਨੇ ਦੱਸਿਆ ਕਿ ਸ਼ੋਭਾ ਯਾਤਰਾ ਤੋਂ ਬਾਅਦ ਅਗਲੇ ਦਿਨ ਮੰਦਿਰ ਪਰਿਸਰ ਵਿਚ ਪੂਰਨ ਵਿਧੀ-ਵਿਧਾਨ ਅਤੇ ਮੰਤਰ ਉਚਾਰਣ ਨਾਲ ਭਗਵਾਨ ਸ੍ਰੀ ਹਨੁਮਾਨ ਦੀ ਮੂਰਤੀ ਸਥਾਪਿਤ ਕੀਤੀ ਜਾਵੇਗੀ | ਸ਼ੋਭਾ ਯਾਤਰਾ ਦੌਰਾਨ ਦੇਵੀਗੜ੍ਹ ਅਤੇ ਆਲੇ-ਦੁਆਲੇ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ | ਪੂਰਾ ਇਲਾਕਾ ਭਗਤੀਮਈ ਭਜਨਾਂ ਅਤੇ ਜੈਕਾਰਿਆਂ ਨਾਲ ਗੂੰਜ ਉੱਠਿਆ, ਜਿਸ ਨਾਲ ਮਾਹੌਲ ਪੂਰੀ ਤਰ੍ਹਾਂ ਅਧਿਆਤਮਿਕ ਰੰਗ ਵਿੱਚ ਰੰਗਿਆ ਨਜ਼ਰ ਆਇਆ | ਇਸ ਮੌਕੇ ਗਜਨ ਸਿੰਘ ਜ਼ਿਲ੍ਹਾ ਮੀਡੀਆ ਸਕੱਤਰ, ਗੁਰਚਰਨ ਸਿੰਘ ਰੁਪਾਣਾ, ਮਦਨ ਮੋਹਨ ਜੁਲਕਾਂ, ਰਜਿੰਦਰ ਸਿੰਘ ਗਿੱਲ, ਜਗਸੀਰ ਸਿੰਘ, ਬਲਦੇਵ ਸਿੰਘ, ਹਰੀਸ਼ ਕੁਮਾਰ, ਦਲਜੀਤ ਸਿੰਘ, ਰੋਹਿਤ ਮਨਚੰਦਾ, ਧਰਮਪਾਲ, ਰਜਿੰਦਰ ਸਿੰਘ ਕੋਹਲੀ ਮੀਡੀਆ ਸਲਾਹਕਾਰ ਅਤੇ ਰਾਜ ਕੁਮਾਰ ਮਿਠਾਰੀਆ ਸਮੇਤ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਪਤਵੰਤੇ ਸੱਜਣ ਮੌਜੂਦ ਸਨ |