19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਦਸਵੀਂ ਜਮਾਤ ਦੇ ਨਤੀਜਿਆਂ 'ਚ ਦੀਪ ਇੰਗਲਿਸ਼ ਮਾਡਲ ਹਾਈ ਸਕੂਲ ਸਨੌਰ ਦਾ ਰਿਹਾ ਦਬਦਬਾ, ਨਤੀਜਾ ਰਿਹਾ ਸੌ ਫ਼ੀਸਦੀ

ਅਜੀਤ ਡੈਸਕ 13-05-2026
ਸਨੌਰ, 12 ਮਈ (ਮੋਹਣ ਸਿੰਘ ਭੱਟੀ) -ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਾਲਾਨਾ ਪ੍ਰੀਖਿਆਵਾਂ ਦੇ ਐਲਾਨੇ ਗਏ ਨਤੀਜਿਆਂ ਨੇ ਜਿੱਥੇ ਸੂਬੇ ਭਰ ਵਿਚ ਉਤਸ਼ਾਹ ਪੈਦਾ ਕੀਤਾ ਹੈ, ਉੱਥੇ ਹੀ ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਦੀਪ ਇੰਗਲਿਸ਼ ਮਾਡਲ ਹਾਈ ਸਕੂਲ ਸਨੌਰ ਨੇ ਇਕ ਵਾਰ ਫਿਰ ਅਕਾਦਮਿਕ ਖੇਤਰ ਵਿਚ ਆਪਣੀ ਸਰਦਾਰੀ ਕਾਇਮ ਰੱਖੀ ਹੈ | ਇਸ ਸਾਲ ਸੰਸਥਾ ਦਾ ਦਸਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ ਹੈ, ਜਿਸ ਨੇ ਨਾ ਕੇਵਲ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਸਗੋਂ ਪੂਰੇ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਦੌੜਾ ਦਿੱਤੀ ਹੈ | ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਅਤੇ ਸ਼ਾਨਦਾਰ ਅੰਕਾਂ ਬਾਰੇ ਨਤੀਜਿਆਂ ਦੇ ਵੇਰਵੇ ਸਾਂਝੇ ਕਰਦਿਆਂ ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਸੰਸਥਾ ਦੇ ਵਿਦਿਆਰਥੀਆਂ ਨੇ ਬਹੁਤ ਹੀ ਮਾਣਮੱਤੇ ਅੰਕ ਹਾਸਲ ਕੀਤੇ ਹਨ | ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਜੈਸਮੀਨ ਕੌਰ (ਪੁੱਤਰੀ ਸੁਖਵਿੰਦਰ ਸਿੰਘ) ਅਤੇ ਖੁਸ਼ਪ੍ਰੀਤ ਕੌਰ (ਪੁੱਤਰੀ ਹਰਜਿੰਦਰ ਸਿੰਘ) ਨੇ ਆਪਣੀ ਸਖ਼ਤ ਮਿਹਨਤ ਸਦਕਾ 95.53 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਾਂਝੇ ਤੌਰ 'ਤੇ ਸਕੂਲ 'ਚੋਂ ਪਹਿਲਾ ਸਥਾਨ ਹਾਸਲ ਕੀਤਾ | ਇਨ੍ਹਾਂ ਤੋਂ ਇਲਾਵਾ ਪੂਜਾ ਰਾਣੀ ਨੇ 93.23 ਫ਼ੀਸਦੀ, ਮਨਪ੍ਰੀਤ ਕੌਰ ਨੇ 92.61 ਫ਼ੀਸਦੀ, ਸੀਆ ਰਾਣੀ ਨੇ 91.23 ਫ਼ੀਸਦੀ ਅਤੇ ਸਮਰਪ੍ਰੀਤ ਸਿੰਘ ਨੇ 88.92 ਫ਼ੀਸਦੀ ਅੰਕ ਪ੍ਰਾਪਤ ਕਰਕੇ ਸੰਸਥਾ ਦੇ ਮਿਆਰ ਨੂੰ ਹੋਰ ਉੱਚਾ ਚੁੱਕਿਆ ਹੈ | ਇਸ ਮੌਕੇ ਪ੍ਰਬੰਧਕਾਂ ਅਤੇ ਅਧਿਆਪਕਾਂ ਵੱਲੋਂ ਇਸ ਸ਼ਾਨਦਾਰ ਸਫਲਤਾ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਸੰਸਥਾ ਦੀ ਮੁਖੀ ਬਿੰਦੂ ਮਾਰਿਆ ਨੇ ਸਮੂਹ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਇਹ ਕਾਮਯਾਬੀ ਉਨ੍ਹਾਂ ਦੇ ਇਰਾਦਿਆਂ ਦੀ ਮਜ਼ਬੂਤੀ ਅਤੇ ਅਧਿਆਪਕਾਂ ਦੀ ਅਣਥੱਕ ਮਿਹਨਤ ਦਾ ਸਿੱਟਾ ਹੈ | ਸਕੂਲ ਪ੍ਰਬੰਧਕ ਬਲਦੀਸ਼ ਕੌਰ ਨੇ ਵਿਸ਼ੇਸ਼ ਤੌਰ 'ਤੇ ਲੜਕੀਆਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦੀਆਂ ਧੀਆਂ ਹਰ ਖੇਤਰ ਵਿਚ ਮੱਲ੍ਹਾਂ ਮਾਰ ਰਹੀਆਂ ਹਨ ਅਤੇ ਇਹ ਨਤੀਜਾ 'ਬੇਟੀ ਪੜ੍ਹਾਓ' ਦੇ ਸੰਕਲਪ ਨੂੰ ਸਾਰਥਿਕ ਕਰਦਾ ਹੈ | ਸਕੂਲ ਡਾਇਰੈਕਟਰ ਸੁਰਿੰਦਰ ਕੌਰ ਅਤੇ ਪ੍ਰੈਜ਼ੀਡੈਂਟ ਵਿਵੇਕ ਸ਼ਰਮਾ ਨੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਉਂਦਿਆਂ ਉਨ੍ਹਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ | ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਡਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕੇਵਲ ਡਿਗਰੀਆਂ ਵੰਡਣਾ ਨਹੀਂ, ਸਗੋਂ ਉਨ੍ਹਾਂ ਦਾ ਸਰਵਪੱਖੀ ਵਿਕਾਸ ਕਰਕੇ ਉਨ੍ਹਾਂ ਨੂੰ ਸਮਾਜ ਦੇ ਜ਼ਿੰਮੇਵਾਰ ਨਾਗਰਿਕ ਬਣਾਉਣਾ ਹੈ | ਇਕ ਵਧੀਆ ਰਿਪੋਰਟ ਕਾਰਡ ਵਿਦਿਆਰਥੀ ਦੇ ਆਤਮ-ਵਿਸ਼ਵਾਸ ਨੂੰ ਬੁਲੰਦ ਕਰਦਾ ਹੈ | ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਬੇਹਦ ਉਤਸ਼ਾਹਿਤ ਨਜ਼ਰ ਆਇਆ | ਜਮਾਤ ਇੰਚਾਰਜ ਜਸਵੀਰ ਕੌਰ, ਵਿਸ਼ਾ ਅਧਿਆਪਕ ਅੰਜੂ ਸ਼ਰਮਾ, ਵਿਸ਼ਾਲੀ ਤਨੇਜਾ, ਨਾਹਿਦ ਅੰਜੁਮ, ਸਰਬਜੀਤ ਕੌਰ ਅਤੇ ਨਤਾਸ਼ਾ ਨੇ ਵਿਦਿਆਰਥੀਆਂ ਦੀ ਸਫਲਤਾ 'ਤੇ ਮਾਣ ਮਹਿਸੂਸ ਕੀਤਾ | ਉਨ੍ਹਾਂ ਕਿਹਾ ਕਿ ਹਰ ਤਰ੍ਹਾਂ ਦੀਆਂ ਚੁਣੌਤੀਆਂ ਦੇ ਬਾਵਜੂਦ ਬੱਚਿਆਂ ਨੇ ਜਿਸ ਤਰ੍ਹਾਂ ਪੜ੍ਹਾਈ ਵੱਲ ਧਿਆਨ ਦਿੱਤਾ, ਉਹ ਕਾਬਲੇ-ਤਾਰੀਫ਼ ਹੈ | ਅਖੀਰ ਵਿਚ, ਸਕੂਲ ਮੈਨੇਜਮੈਂਟ ਨੇ ਇਲਾਕਾ ਨਿਵਾਸੀਆਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਸਦਕਾ ਸੰਸਥਾ ਦਿਨ-ਰਾਤ ਤਰੱਕੀ ਕਰ ਰਹੀ ਹੈ | ਸਮਾਗਮ ਦੀ ਸਮਾਪਤੀ ਜੇਤੂ ਵਿਦਿਆਰਥੀਆਂ ਦੇ ਸਨਮਾਨ ਅਤੇ ਭਵਿੱਖ ਵਿਚ ਹੋਰ ਵੀ ਉੱਚੀਆਂ ਮੰਜ਼ਿਲਾਂ ਸਰ ਕਰਨ ਦੇ ਅਹਿਦ ਨਾਲ ਹੋਈ |
ਪਿਛਲੀ ਖ਼ਬਰ ਕਾਂਗਰਸ ਨੇ ਨਗਰ ਕੌਂਸਲ ਚੋਣਾਂ ਦੇ ਸੰਬੰਧ 'ਚ ਜ਼ਿਲ੍ਹਾ ਪ੍ਰਧਾਨ ਰੰਧਾਵਾ ਅਤੇ ਅਬਜ਼ਰਵਰ ਸ਼ਰਮਾ ਦੀ ਅਗਵਾਈ 'ਚ ਕੀਤੀ ਮੀਟਿ... ਅਗਲੀ ਖ਼ਬਰ ਰੈਡ ਰੋਜ਼ ਇੰਗਲਿਸ਼ ਮਾਡਲ ਸਕੂਲ ਸਨੌਰ ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।