ਰਾਜਪੁਰਾ, 17 ਮਈ (ਜੀ.ਪੀ. ਸਿੰਘ)-ਹਲਾਕ ਰਾਜਪੁਰਾ ਦੇ ਭਾਜਪਾ ਦੇ ਇੰਚਾਰਜ ਜਗਦੀਸ਼ ਕੁਮਾਰ ਜੱਗਾ ਨੇ ਇਕ ਪ੍ਰੈੱਸ ਕਾਨਫਰੰਸ ਕਰਕੇ ਨਗਰ ਕੌਂਸਲ ਚੋਣਾਂ ਵਿਚ ਉਤਾਰੇ ਉਤਾਰੇ ਉਮੀਦਵਾਰਾਂ 'ਚ ਨਵੀਂ ਊਰਜਾ ਭਰੀ ਅਤੇ ਸਨਮਾਨ ਕੀਤਾ | ਉਨ੍ਹਾਂ ਦੱਸਿਆ ਕਿ ਭਾਜਪਾ ਵਲੋਂ ਰਾਜਪੁਰਾ ਨਗਰ ਕੌਂਸਲ ਦੇ 31 ਵਾਰਡਾਂ ਦੇ ਵਿਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ ਅਤੇ ਸਾਰੇ ਉਮੀਦਵਾਰ ਪੜ੍ਹੇ ਲਿਖੇ, ਸੂਝਵਾਨ ਅਤੇ ਸਮਾਜ ਸੇਵਾ ਦੇ ਖੇਤਰ 'ਚ ਨਾਮਨਾ ਖੱਟਣ ਵਾਲੇ ਹਨ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਰਾਜਪੁਰਾ ਤੋਂ ਵਿਧਾਇਕਾ ਨੀਨਾ ਮਿੱਤਲ ਦੁਆਰਾ ਚੋਣਾਂ ਦੌਰਾਨ ਚੋਣ ਮੈਦਾਨ ਵਿਚ ਉਤਾਰੇ ਉਮੀਦਵਾਰਾਂ ਦੀ ਜਾਰੀ ਕੀਤੀ ਗਈ ਲਿਸਟ ਵਿਚੋਂ 1 ਦਰਜਨ ਦੇ ਕਰੀਬ ਉਮੀਦਵਾਰ ਬਦਲੇ ਜਾਣ ਨੂੰ ਲੈ ਕੇ ਜਾਪਦਾ ਹੈ ਕਿ ਹਲਕਾ ਰਾਜਪੁਰਾ ਅੰਦਰ 'ਆਪ' ਦਾ ਝਾੜੂ ਖਿੱਲਰ ਚੁੱਕਿਆ ਹੈ | ਇੱਥੋਂ ਤੱਕ ਕਿ ਟਿਕਟਾਂ ਨਾ ਮਿਲਣ ਕਾਰਨ 'ਆਪ' ਦੇ ਉਮੀਦਵਾਰ ਆਜ਼ਾਦ ਤੌਰ 'ਤੇ ਚੋਣ ਮੈਦਾਨ ਵਿਚ ਉਤਰੇ ਹਨ | ਜਿਨ੍ਹਾਂ ਦੀ ਨਾਰਾਜ਼ਗੀ ਦਾ ਖ਼ਮਿਆਜ਼ਾ 'ਆਪ' ਨੂੰ ਨਗਰ ਕੌਂਸਲ ਚੋਣਾਂ ਦੇ ਵਿਚ ਭੁਗਤਣਾ ਪਵੇਗਾ | ਇਸ ਮੌਕੇ ਹਲਕਾ ਇੰਚਾਰਜ ਜਗਦੀਸ਼ ਜੱਗਾ, ਚੋਣ ਆਬਜ਼ਰਵਰ ਐੱਸ.ਕੇ. ਦੇਵ, ਜ਼ਿਲ੍ਹਾ ਜਨਰਲ ਸਕੱਤਰ ਪ੍ਰਦੀਪ ਨੰਦਾ, ਜ਼ਿਲ੍ਹਾ ਜਨਰਲ ਸਕੱਤਰ ਰੁਪਿੰਦਰ ਸਿੰਘ ਸੰਧੂ ਸਮੇਤ ਹੋਰਨਾਂ ਵਲੋਂ ਚੋਣ ਮੈਦਾਨ 'ਚ ਉਤਾਰੇ ਗਏ ਉਮੀਦਵਾਰਾਂ ਨੂੰ ਸਨਮਾਨਿਤ ਕਰਦਿਆਂ ਆਪਣੇ ਆਪਣੇ ਵਾਰਡਾਂ 'ਚ ਜਾ ਕੇ ਵਾਰਡ ਵਾਸੀਆਂ ਦੇ ਨਾਲ ਆਪਣੇ ਹੱਕ 'ਚ ਵੋਟ ਮੰਗਣ ਅਤੇ ਰਾਬਤਾ ਬਣਾਉਣ ਦੇ ਲਈ ਹੱਲਾਸ਼ੇਰੀ ਦੇ ਕੇ ਨਵੀਂ ਊਰਜਾ ਭਰੀ | ਜੱਗਾ ਨੇ ਦਾਅਵਾ ਕੀਤਾ ਕਿ ਭਾਜਪਾ ਦੇ ਉਮੀਦਵਾਰ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਨਗੇ ਅਤੇ ਨਗਰ ਕੌਂਸਲ 'ਚ ਬਹੁਮਤ ਪ੍ਰਾਪਤ ਕਰਨਗੇ | ਜਿਸ ਤੋਂ ਬਾਅਦ ਰਾਜਪੁਰਾ ਸ਼ਹਿਰ ਨੂੰ ਵਿਕਾਸ ਪੱਖੋਂ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ | ਇਸ ਮੌਕੇ ਭਾਜਪਾ ਆਗੂ ਪ੍ਰਦੀਪ ਨੰਦਾ, ਰੁਪਿੰਦਰ ਸਿੰਘ ਸੰਧੂ, ਐਡਵੋਕੇਟ ਇਕਬਾਲ ਸਿੰਘ ਕੰਬੋਜ, ਐਡ. ਪਰਮਵੀਰ ਚੌਧਰੀ, ਜਗਦੀਪ ਸਿੰਘ ਜੱਗੀ, ਦਲਵੀਰ ਸਿੰਘ ਭੰਗੂ, ਨਰਿੰਦਰ ਕੌਰ, ਵਿਸ਼ੂ ਸ਼ਰਮਾ, ਓਮ ਪ੍ਰਕਾਸ਼ ਸਮੇਤ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ |