ਦੇਵੀਗੜ੍ਹ, 19 ਮਈ (ਰਾਜਿੰਦਰ ਸਿੰਘ ਮੌਜੀ)-ਦੇਵੀਗੜ੍ਹ ਨੇੜਲੇ ਪਿੰਡ ਬਰਕਤਪੁਰ ਵਿਖੇ ਅੱਜ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਪਿੰਡ ਦੇ ਬਾਹਰਵਾਰ ਤੂੜੀ ਵਾਲੇ ਕੁੱਪਾਂ ਅਤੇ ਗੁਹਾਰਿਆਂ, ਪਾਥੀਆਂ ਦੇ ਢੇਰਾਂ ਨੂੰ ਭਿਆਨਕ ਅੱਗ ਲੱਗ ਗਈ | ਇਸ ਅੱਗ 'ਚ ਜਿੱਥੇ ਕਿਸਾਨਾਂ ਦੀ ਮਿਹਨਤ ਨਾਲ ਇਕੱਠੀ ਕੀਤੀ ਤੂੜੀ ਅਤੇ ਬਾਲਣ ਸੜ ਕੇ ਸੁਆਹ ਹੋ ਗਿਆ, ਉੱਥੇ ਹੀ ਪਿੰਡ ਵਾਸੀਆਂ ਦੀ ਸੂਝ-ਬੂਝ ਅਤੇ ਫਾਇਰ ਅਮਲੇ ਦੀ ਤੁਰੰਤ ਕਾਰਵਾਈ ਸਦਕਾ ਅੱਗ 'ਤੇ ਕਾਬੂ ਪਾਇਆ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਕਿਸੇ ਅਣਪਛਾਤੇ ਵਿਅਕਤੀ ਵਲੋਂ ਵਰਤੀ ਗਈ ਲਾਪਰਵਾਹੀ ਕਾਰਨ ਵਾਪਰਿਆ | ਦੱਸਿਆ ਜਾ ਰਿਹਾ ਹੈ ਕਿ ਖੜੇ ਸੁੱਕੇ ਘਾਹ-ਫੂਸ ਅਤੇ ਕੂੜੇ ਨੂੰ ਕਿਸੇ ਨੇ ਅੱਗ ਲਗਾਈ ਸੀ | ਤੇਜ਼ ਹਵਾ ਚੱਲਣ ਕਾਰਨ ਇਹ ਅੱਗ ਬੇਕਾਬੂ ਹੋ ਗਈ ਅਤੇ ਦੇਖਦੇ ਹੀ ਦੇਖਦੇ ਇਸ ਨੇ ਨੇੜੇ ਹੀ ਮੌਜੂਦ ਤੂੜੀ ਦੇ ਕੁੱਪਾਂ ਅਤੇ ਗੁਹਾਰਿਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ | ਸੁੱਕੀ ਤੂੜੀ ਅਤੇ ਪਾਥੀਆਂ ਹੋਣ ਕਾਰਨ ਅੱਗ ਨੇ ਮਿੰਟਾਂ ਵਿਚ ਹੀ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਅਸਮਾਨ ਵਿਚ ਧੂੰਏਾ ਦੇ ਗੁਬਾਰ ਉੱਠਣ ਲੱਗੇ | ਅੱਗ ਦੀਆਂ ਉੱਚੀਆਂ ਲਾਟਾਂ ਦੇਖ ਕੇ ਪਿੰਡ ਵਾਸੀ, ਨੌਜਵਾਨ ਅਤੇ ਕਿਸਾਨ ਮੌਕੇ 'ਤੇ ਇਕੱਠੇ ਹੋ ਗਏ | ਪਿੰਡ ਵਾਸੀਆਂ ਨੇ ਹਿੰਮਤ ਦਿਖਾਉਂਦਿਆਂ ਆਪਣੇ ਪੱਧਰ 'ਤੇ ਅੱਗ ਬੁਝਾਉਣ ਦੀ ਜੱਦੋ-ਜਹਿਦ ਸ਼ੁਰੂ ਕਰ ਦਿੱਤੀ | ਲੋਕਾਂ ਨੇ ਘਰਾਂ 'ਚੋਂ ਟੈਂਕਰਾਂ, ਮੋਟਰਾਂ ਅਤੇ ਬਾਲਟੀਆਂ ਰਾਹੀਂ ਪਾਣੀ ਪਾ ਕੇ ਅੱਗ ਨੂੰ ਹੋਰ ਅੱਗੇ ਵਧਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ | ਘਟਨਾ ਦੀ ਸੂਚਨਾ ਤੁਰੰਤ ਫਾਇਰ ਬਿ੍ਗੇਡ ਵਿਭਾਗ ਨੂੰ ਦਿੱਤੀ ਗਈ | ਸੂਚਨਾ ਮਿਲਦਿਆਂ ਹੀ ਫਾਇਰ ਬਿ੍ਗੇਡ ਦੀਆਂ ਤਿੰਨ ਗੱਡੀਆਂ ਇਕ-ਇਕ ਕਰਕੇ ਮੌਕੇ 'ਤੇ ਪਹੁੰਚੀਆਂ | ਫਾਇਰ ਫਾਈਟਰਾਂ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਕਈ ਘੰਟਿਆਂ ਦੀ ਭਾਰੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਪੂਰੀ ਤਰਾਂ ਕਾਬੂ ਪਾਇਆ | ਹਾਲਾਂਕਿ, ਜਦੋਂ ਤੱਕ ਅੱਗ ਬੁਝਾਈ ਗਈ, ਉਦੋਂ ਤੱਕ ਕਈ ਕਿਸਾਨਾਂ ਦੀ ਤੂੜੀ ਅਤੇ ਗੁਹਾਰੇ ਪੂਰੀ ਤਰਾਂ ਸੜ ਚੁੱਕੇ ਸਨ | ਪਿੰਡ ਦੇ ਮੁਹਤਬਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਗਰਮੀ ਦੇ ਇਸ ਮੌਸਮ ਵਿਚ ਸੁੱਕੇ ਘਾਹ-ਫੂਸ ਜਾਂ ਖੇਤਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕੀਤਾ ਜਾਵੇ, ਕਿਉਂਕਿ ਇਕ ਛੋਟੀ ਜਿਹੀ ਲਾਪਰਵਾਹੀ ਕਿਸੇ ਗਰੀਬ ਦੀ ਸਾਲ ਭਰ ਦੀ ਕਮਾਈ ਨੂੰ ਸੁਆਹ ਕਰ ਸਕਦੀ ਹੈ |