ਭੁੱਨਰਹੇੜੀ, 4 ਜੂਨ (ਧਨਵੰਤ ਸਿੰਘ)-ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਦੇ ਨਿਯਮਾਂ ਦੀ ਪਾਲਨਾ ਕਰਦੇ ਹੋਏ ਭੁੱਨਰਹੇੜੀ ਦੇ ਬੀ.ਡੀ.ਪੀ.ਓ. ਸੰਦੀਪ ਸਿੰਘ ਵਲੋਂ ਹੁਣ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਗਿਆ ਹੈ | ਗਰਾਮ ਪੰਚਾਇਤ ਭੁੱਨਰਹੇੜੀ ਦੀ ਸਰਕਾਰੀ ਪ੍ਰਾਪਰਟੀ ਨੂੰ ਬਚਾਉਣ ਅਤੇ ਉਸ ਦੀ ਸੰਭਾਲ ਯਕੀਨੀ ਬਣਾਉਣ ਲਈ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਨਾਲ ਸਥਾਨਕ ਪ੍ਰਸ਼ਾਸਨ ਵਿਚ ਹਲਚਲ ਦੇ ਸੰਕੇਤ ਮਿਲੇ ਹਨ | ਸੂਤਰਾਂ ਮੁਤਾਬਿਕ ਗਰਾਮ ਪੰਚਾਇਤ ਭੁੱਨਰਹੇੜੀ 'ਚ ਸਥਿਤ ਦੁਕਾਨਾਂ ਸੰਬੰਧੀ ਗੜਬੜ ਸਾਹਮਣੇ ਆਈ ਹੈ | ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਸਰਪੰਚ ਵਲੋਂ ਮੁਅੱਤਲੀ ਕਾਰਜਕਾਲ ਦੌਰਾਨ ਇਕ ਦੁਕਾਨ ਨੂੰ ਨਿਯਮਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਕਿਸੇ ਹੋਰ ਵਿਅਕਤੀ ਨੂੰ ਅਲਾਟ ਕਰ ਦਿੱਤਾ ਗਈ | ਹੈਰਾਨੀ ਦੀ ਗੱਲ ਇਹ ਹੈ ਕਿ ਨਵੇਂ ਕਿਰਾਏਦਾਰ ਵਲੋਂ ਵੀ ਬਿਨਾਂ ਕਿਸੇ ਅਧਿਕਾਰਕ ਮਨਜ਼ੂਰੀ ਦੇ ਦੁਕਾਨ ਵਿਚ ਮੁਰੰਮਤ ਕਰਕੇ ਹੋਰ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ, ਜੋ ਕਿ ਪੰਚਾਇਤ ਵਿਭਾਗ ਦੇ ਨਿਯਮਾਂ ਦੀ ਖੁੱਲ੍ਹੀ ਉਲੰਘਣਾ ਮੰਨੀ ਜਾ ਰਹੀ ਹੈ | ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਬੀ.ਡੀ.ਪੀ.ਓ. ਸੰਦੀਪ ਸਿੰਘ ਨੇ ਤੁਰੰਤ ਕਾਰਵਾਈ ਕਰਦਿਆਂ ਪੰਚਾਇਤ ਅਫ਼ਸਰ ਬਲਾਕ ਭੁੱਨਰਹੇੜੀ ਨੂੰ ਇਸ ਸੰਬੰਧੀ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ | ਬੀ.ਡੀ.ਪੀ.ਓ. ਦਫ਼ਤਰ ਵਲੋਂ ਜਾਰੀ ਕੀਤੇ ਹੁਕਮ ਵਿਚ ਆਖਿਆ ਹੈ ਕਿ ਪੂਰੇ ਕੇਸ ਦੀ ਵਿਸਥਾਰਪੂਰਵਕ ਜਾਂਚ ਕਰਕੇ ਸਚਾਈ ਸਾਹਮਣੇ ਲਿਆਂਦੀ ਜਾਵੇਗੀ | ਇਸ ਮਾਮਲੇ ਸੰਬੰਧੀ ਸਪਸ਼ਟ ਕਰਦੇ ਹੋਏ ਬੀ.ਡੀ.ਪੀ.ਓ. ਸੰਦੀਪ ਸਿੰਘ ਨੇ ਕਿਹਾ ਕਿ ਜੇਕਰ ਨਿਯਮਾਂ ਦੀ ਉਲੰਘਣਾ ਹੋਈ ਹੈ ਤਾਂ ਕਾਨੂੰਨੀ ਕਾਰਵਾਈ ਤੋਂ ਕੋਈ ਵੀ ਨਹੀਂ ਬਚੇਗਾ | ਇਸ ਮਾਮਲੇ ਦੀ ਜਾਂਚ ਲਈ ਪੰਚਾਇਤ ਅਫ਼ਸਰ ਬਲਜੀਤ ਸਿੰਘ ਅਤੇ ਪੰਚਾਇਤ ਸਕੱਤਰ ਚਰਨਜੀਤ ਸਿੰਘ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ, ਜੋ ਪੂਰੇ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਪੇਸ਼ ਕਰਨਗੇ | ਸਥਾਨਕ ਲੋਕ ਇਸ ਮਾਮਲੇ ਨੂੰ ਵੱਡੇ ਪੱਧਰ 'ਤੇ ਗੰਭੀਰਤਾ ਨਾਲ ਦੇਖ ਰਹੇ ਹਨ, ਕਿਉਂਕਿ ਪੰਚਾਇਤ ਸੰਪਤੀ ਨਾਲ ਬਿਨਾਂ ਮਨਜ਼ੂਰੀ ਮੁਰੰਮਤ ਵਰਗੇ ਕੰਮ ਕਾਨੂੰਨੀ ਤੌਰ 'ਤੇ ਗ਼ਲਤ ਹਨ | ਹੁਣ ਸਭ ਦੀ ਨਿਗ੍ਹਾ ਇਸ ਗੱਲ 'ਤੇ ਟਿਕੀ ਹੋਈ ਹੈ ਕਿ ਜਾਂਚ ਦੌਰਾਨ ਦੁਕਾਨ ਦੀ ਬੋਲੀ, ਅਲਾਟਮੈਂਟ ਅਤੇ ਮੁਰੰਮਤ ਨਾਲ ਜੁੜੇ ਕਿਹੜੇ ਨਵੇਂ ਤੱਥ ਸਾਹਮਣੇ ਆਉਂਦੇ ਹਨ | ਜੇਕਰ ਇਹ ਕਾਰਵਾਈ ਪੂਰੀ ਪਾਰਦਰਸ਼ਤਾ ਨਾਲ ਅਮਲ ਵਿਚ ਆਉਂਦੀ ਹੈ ਤਾਂ ਨਾ ਸਿਰਫ਼ ਜ਼ਿੰਮੇਵਾਰਾਂ 'ਤੇ ਕਾਰਵਾਈ ਹੋਵੇਗੀ, ਸਗੋਂ ਪੰਚਾਇਤੀ ਸੰਪਤੀ ਦੀ ਰੱਖਿਆ ਲਈ ਇਕ ਮਜ਼ਬੂਤ ਮਿਸਾਲ ਵੀ ਕਾਇਮ ਹੋ ਸਕਦੀ | ਇਮਾਨਦਾਰ ਸਰਕਾਰ ਦੀ ਛਵੀ 'ਤੇ ਵੀ ਅਸਰ ਪਵੇਗਾ |