ਭੁੱਨਰਹੇੜੀ, 9 ਜੂਨ (ਧਨਵੰਤ ਸਿੰਘ)-ਵਿਧਾਨ ਸਭਾ ਹਲਕਾ ਸਨੌਰ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੀ ਤਿਆਰੀ ਕਰ ਰਹੇ ਰਾਕੇਸ਼ ਕੁਮਾਰ ਬੱਗਾ ਵਲੋਂ ਬਲਾਕ ਭੁੱਨਰਹੇੜੀ ਅਧੀਨ ਪੈਂਦੇ ਪਿੰਡ ਪੂੰਨੀਆ ਖਾਨਾਂ ਵਿਚ ਵਾਸੀਆਂ ਨਾਲ ਤਾਲਮੇਲ ਬਣਾਇਆ | ਇਸ ਦੌਰਾਨ ਵੱਖ ਵੱਖ ਪਰਿਵਾਰਾਂ ਵਲੋਂ ਉਨ੍ਹਾਂ ਨੂੰ ਪੂਰਾ ਸਾਥ ਦੇਣ ਦਾ ਭਰੋਸਾ ਦਿੱਤਾ ਗਿਆ | ਇਸ ਮੌਕੇ ਰਾਕੇਸ਼ ਬੱਗਾ ਨੇ ਕਿਹਾ ਕਿ ਹਲਕਾ ਸਨੌਰ ਵਿਚ ਸਭ ਤੋਂ ਪਹਿਲਾਂ ਗਰੀਬ ਪਰਿਵਾਰਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਵਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਕਈ ਅਜਿਹੇ ਮਸਲੇ ਹਨ ਜਿਨ੍ਹਾਂ 'ਤੇ ਅਜੇ ਤੱਕ ਸਰਕਾਰਾਂ ਵਲੋਂ ਧਿਆਨ ਨਹੀਂ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਕਈ ਗਰੀਬ ਪਰਿਵਾਰ ਬੈਂਕਾਂ ਤੋਂ ਲਿਆ ਕਰਜ਼ਾ ਵਾਪਸ ਕਰਨ ਵਿਚ ਅਸਮਰੱਥ ਹਨ, ਕਿਉਂਕਿ ਉਨ੍ਹਾਂ ਕੋਲ ਆਮਦਨ ਘੱਟ ਹੈ, ਉਹ ਸਿਰਫ਼ ਮਜ਼ਦੂਰੀ ਕਰਕੇ ਹੀ ਆਪਣਾ ਗੁਜ਼ਾਰਾ ਕਰਦੇ ਹਨ | ਉਨ੍ਹਾਂ ਨੇ ਇਹ ਵੀ ਆਖਿਆ ਕਿ ਰਹਿਣ ਲਈ ਮਕਾਨਾਂ ਦੀ ਘਾਟ ਵਰਗੇ ਮਸਲੇ ਹਨ | ਗਰੀਬ ਲੋਕ ਅਜੇ ਵੀ ਪੱਕੇ ਘਰਾਂ ਦੀ ਉਡੀਕ ਕਰ ਰਹੇ ਹਨ, ਜਦਕਿ ਸਰਪੰਚਾਂ ਅਤੇ ਪੰਚਾਂ ਦੇ ਕਰੀਬੀਆਂ ਤੱਕ ਸੀਮਤ ਰਹਿੰਦੇ ਹਨ | ਇਸ ਕਾਰਨ ਆਮ ਗਰੀਬ ਅਸਲ ਹੱਕਦਾਰ ਪਿੱਛੇ ਰਹਿ ਜਾਂਦੇ ਹਨ | ਇਸ ਮੌਕੇ ਰਾਕੇਸ਼ ਬੱਗਾ ਵਲੋਂ ਰਾਜਨੀਤਿਕ ਪਾਰਟੀਆਂ ਵੱਡੇ ਘਰਾਣਿਆਂ ਦੇ ਉਮੀਦਵਾਰਾਂ ਸਬਦਾਵਲੀ ਸਿਆਸੀ ਵਾਰ ਕੀਤੇ | ਉਨ੍ਹਾਂ ਨੇ ਕਿਹਾ ਕਿ ਭਾਵੇਂ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਆਮ ਲੋਕਾਂ ਦੀ ਪਾਰਟੀ ਕਹਿੰਦੀ ਹੈ, ਪਰ ਅਮਲ ਵਿੱਚ ਖਾਸ ਪਰਿਵਾਰਾਂ ਨੂੰ ਹੀ ਅੱਗੇ ਲਿਆ ਜਾਂਦਾ ਹੈ | ਇਸੇ ਕਰਕੇ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਰ ਰਹੇ ਹਨ | ਗਰੀਬਾਂ ਦੇ ਮਸਲੇ ਹੱਲ ਕਰਾਂਗਾ | ਇਸ ਮੌਕੇ ਨੈਬ ਸਿੰਘ, ਜੇਬਾਂ ਰਾਮ, ਦੇਸਾ ਰਾਮ, ਜਸਵੀਰ ਸਿੰਘ, ਜੱਗੀ ਸਿੰਘ ਅਤੇ ਹਾਕਮ ਸਿੰਘ ਸਮੇਤ ਹੋਰ ਪਿੰਡ ਵਾਸੀ ਮੌਜੂਦ ਸਨ |