ਪਟਿਆਲਾ, 9 ਜੂਨ (ਮਨਦੀਪ ਸਿੰਘ ਖਰੌੜ)-''ਸ੍ਰੀ ਗੁਰੂ ਨਾਨਕ ਪਾਣੀ ਬਚਾਓ ਦਰਖਤ ਲਗਾਓ ਮਿਸ਼ਨ (ਪੰਜਾਬ)'' ਦੀ ਮੀਟਿੰਗ ਬਲਕਾਰ ਸਿੰਘ ਕਾਨਾਹੇੜੀ ਦੀ ਪ੍ਰਧਾਨਗੀ ਹੇਠ ਪਟਿਆਲਾ ਵਿਖੇ ਹੋਈ | ਮੀਟਿੰਗ ਵਿਚ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਅਤੇ ਇਸ ਦੀ ਲੰਬੇ ਸਮੇਂ ਤੱਕ ਵਰਤੋਂ ਕਰਨ ਲਈ ਜਿੰਮੀਦਾਰ ਭਰਾਵਾਂ ਨੂੰ ਸੁਝਾਅ ਦਿੱਤੇ ਗਏ ਹਨ | ਸਭ ਤੋਂ ਪਹਿਲਾ ਸੁਝਾਅ ਝੋਨੇ ਦੀ ਲਗਾਈ ਜਿੰਮੀਦਾਰ ਭਰਾ 30 ਜੂਨ ਤੋਂ ਬਾਅਦ ਸ਼ੁਰੂ ਕਰਨ ਕਿਉਂਕਿ ਮਾਨਸੂਨ ਵਰਖਾ ਜੁਲਾਈ ਵਿਚ ਆਉਂਦੀ ਹੈ ਅਤੇ ਜੂਨ ਵਿਚ ਗਰਮੀ ਜ਼ਿਆਦਾ ਹੋਣ ਕਰਕੇ 80 ਫ਼ੀਸਦੀ ਪਾਣੀ ਦਾ ਹਵਾ ਵਿਚ ਵਾਸ਼ਪੀਕਰਨ ਹੋ ਜਾਂਦਾ ਹੈ | ਦੂਜਾ ਸੁਝਾਅ ਹੁਣ ਝੋਨੇ ਦੀਆਂ ਕਿਸਮਾਂ ਜਿਵੇਂ ਕਿ ਪੀ.ਆਰ.126, ਪੀ.ਆਰ.131 ਆ ਗਈਆਂ ਹਨ ਜੋ ਕਿ 90 ਤੋਂ 110 ਦਿਨਾਂ ਵਿਚ ਪੱਕ ਜਾਂਦੀਆਂ ਹਨ | ਇਸ ਲਈ ਜੁਲਾਈ ਵਿਚ ਲੱਗਿਆ ਝੋਨਾ ਅਕਤੂਬਰ ਵਿਚ ਬੜੇ ਆਰਾਮ ਨਾਲ ਕੱਟਿਆ ਜਾ ਸਕਦਾ ਹੈ | ਤੀਜਾ ਸੁਝਾਅ ਜਿੰਮੀਦਾਰਾਂ ਨੂੰ ਇਹ ਹੈ ਕਿ ਭਾਵੇਂ ਪੰਜਾਬ ਸਰਕਾਰ ਨੇ ਖੇਤਾਂ ਦੀ ਬਿਜਲੀ ਫ਼ਰੀ ਦਿੱਤੀ ਹੈ ਪਰ ਸਾਡੇ ਖੇਤਾਂ ਥੱਲੇ ਜੋ ਪਾਣੀ ਧਰਤੀ ਵਿਚ ਹੈ ਉਹ ਸਾਨੂੰ ਸੋਨੇ ਚਾਂਦੀ ਦੇ ਸਾਮਾਨ ਹੈ ਜੋ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਵਰਤ ਸਕਦੀਆਂ ਹਨ | ਇਸ ਲਈ ਜਿੰਮੀਦਾਰ ਭਰਾਵਾਂ ਨੂੰ ਧਰਤੀ ਹੇਠਲਾ ਪਾਣੀ ਬਹੁਤ ਸੰਜਮ ਨਾਲ ਵਰਤਣਾ ਚਾਹੀਦਾ ਹੈ | ਜਿੰਮੀਦਾਰ ਭਰਾਵਾਂ ਨੂੰ ਇਹ ਵੀ ਸੁਝਾਅ ਦਿੱਤਾ ਜਾਂਦਾ ਹੈ ਕਿ ਕਈ ਸਦੀਆਂ ਤੋਂ ਕਣਕ ਦੀ ਕਟਾਈ ਤੋਂ ਬਾਅਦ ਅਪ੍ਰੈਲ ਮਈ ਵਿਚ ਖੇਤ ਜ਼ਿਆਦਾ ਗਰਮੀ ਪੈਣ ਕਰਕੇ ਖਾਲੀ ਰੱਖੇ ਜਾਂਦੇ ਸਨ ਪਰ ਹੁਣ ਜਿੰਮੀਦਾਰ ਭਰਾਵਾਂ ਦਾ ਲਾਲਚ ਇਨ੍ਹਾਂ ਵਧ ਗਿਆ ਹੈ ਕਿ ਬਹਾਰੀ ਰੁੱਤ ਦੀ ਮੱਕੀ ਹੇਠਲਾ ਰਕਬਾ ਆਏ ਸਾਲ ਕਈ ਹੈਕਟਰ ਵੱਧ ਰਿਹਾ ਹੈ ਜੋ ਕਿ ਅਪ੍ਰੈਲ ਮਈ ਮਹੀਨੇ ਵਿਚ ਝੋਨੇ ਨਾਲੋਂ ਵੀ ਵੱਧ ਪਾਣੀ ਲੈਂਦੀ ਹੈ | ਇਸ ਲਈ ਜਿੰਮੀਦਾਰ ਭਰਾ ਪਸੂਆਂ ਦੇ ਚਾਰੇ ਤੋਂ ਬਿਨਾਂ ਹੋਰ ਕੋਈ ਅਜਿਹੀ ਫ਼ਸਲ ਅਪ੍ਰੈਲ, ਮਈ ਤੇ ਜੂਨ ਵਿਚ ਨਾ ਬੀਜਣ | ਜਿੰਮੀਦਾਰ ਭਰਾ ਧਰਤੀ ਹੇਠਲੇ ਪਾਣੀ ਨੂੰ ਆਪਣਾ ਗਹਿਣਾ ਸਮਝਣਾ | ਇਸੇ ਤਰ੍ਹਾਂ ਫ਼ੈਕਟਰੀਆਂ ਦੇ ਮਾਲਕ ਵੀ ਪ੍ਰਦੂਸ਼ਿਤ ਪਾਣੀ ਨੂੰ ਧਰਤੀ ਵਿਚ ਨਾ ਪਾਉਣ | ਮੀਟਿੰਗ ਵਿਚ ਹਰਫੂਲ ਸਿੰਘ ਬੋਸਰ, ਗੁਰਕਿ੍ਪਾਲ ਸਿੰਘ ਕਸਿਆਣਾ, ਭੁਪਿੰਦਰ ਸਿੰਘ ਗਿੱਲ, ਰਣਦੀਪ ਸਿੰਘ ਢਾਂਡਾ, ਜਗਰੂਪ ਸਿੰਘ, ਦੀਦਾਰ ਸਿੰਘ, ਅਰੁਣ ਕੁਮਾਰ ਅਰਨੀ, ਜਗਜੀਤ ਬਾਰਨ, ਗੋਬਿੰਦ ਸਿੰਘ ਕਸਿਆਣਾ, ਬਲਬੀਰ ਭਾਟੀਆ ਆਦਿ ਸ਼ਾਮਲ ਹੋਏ |