ਪਟਿਆਲਾ, 9 ਜੂਨ (ਮਨਦੀਪ ਸਿੰਘ ਖਰੌੜ)-ਰਾਤੀਂ 9 ਵਜੇ ਦੇ ਕਰੀਬ ਰਾਜਪੁਰਾ-ਸਰਹਿੰਦ ਬਾਈਪਾਸ ਦੇ ਪੁਲ 'ਤੇ ਦੋ ਗੱਡੀਆਂ ਵਿਚਕਾਰ ਟੱਕਰ ਹੋ ਗਈ, ਇਸ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਦੀ ਦੁਖਦਾਈ ਘਟਨਾ ਵਾਪਰੀ ਹੈ | ਮਿ੍ਤਕ ਦੀ ਪਹਿਚਾਣ ਹਰਜੀਤ ਇੰਦਰ ਸਿੰਘ ਵਾਸੀ ਪਟਿਆਲਾ ਵਜੋਂ ਹੋਈ ਹੈ | ਇਸ ਕੇਸ ਦੀ ਪੜਤਾਲ ਕਰ ਰਹੇ ਥਾਣਾ ਅਨਾਜ ਮੰਡੀ ਦੇ ਥਾਣੇਦਾਰ ਗੁਰਭੇਜ ਸਿੰਘ ਨੇ ਦੱਸਿਆ ਕਿ ਰਾਤੀਂ 9 ਵਜੇ ਦੇ ਕਰੀਬ ਉਨਾਂ ਨੂੰ ਸੂਚਨਾ ਮਿਲੀ ਸੀ ਕਿ ਦੋ ਗੱਡੀਆਂ ਡੀ.ਸੀ.ਡਬਲਿਊ. ਪੁਲ 'ਤੇ ਟਕਰਾ ਗਈਆਂ ਹਨ | ਉਨਾਂ ਕਿਹਾ ਕਿ ਪਟਿਆਲਾ ਦਾ ਰਹਿਣ ਵਾਲਾ ਨੌਜਵਾਨ ਹੌਂਡਾ ਇਮੇਜ ਕਾਰ 'ਚ ਸੀ ਤੇ ਦੂਜੀ ਕਾਰ ਸਕਾਰਪਿਓ ਦਸੀ ਜਾ ਰਹੀ ਜਿਸ ਨਾਲ ਉਸ ਦੀ ਟੱਕਰ ਹੋ ਗਈ | ਹਾਦਸਾ ਬਹੁਤ ਭਿਆਨਕ ਹੋਣ ਕਾਰਨ ਇਮੇਜ 'ਚ ਸਵਾਰ ਨੌਜਵਾਨ ਦੀ ਮੌਤ ਹੋ ਗਈ ਜਦੋਂ ਕਿ ਦੂਸਰੀ ਗੱਡੀ ਵਾਲੇ ਮੌਕੇ ਤੋਂ ਫ਼ਰਾਰ ਹੋ ਗਏ ਹਨ | ਫ਼ਿਲਹਾਲ ਪੁਲਿਸ ਫ਼ਰਾਰ ਹੋਏ ਗੱਡੀ ਚਾਲਕਾਂ ਦੀ ਭਾਲ ਕਰ ਰਹੀ ਹੈ | ਉਨਾਂ ਦੀ ਗਿ੍ਫ਼ਤਾਰੀ ਤੋਂ ਬਾਅਦ ਹੀ ਮਾਮਲੇ 'ਚ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |